Canada Nagar Kirtan: ਵਿਨੀਪੈਗ ’ਚ 23ਵਾਂ ਮਹਾਨ ਨਗਰ ਕੀਰਤਨ, ਧਮਕੀਆਂ ਦੇ ਬਾਵਜੂਦ ਵੱਡੀ ਗਿਣਤੀ ’ਚ ਪੁੱਜੀ ਸੰਗਤ

Canada Nagar Kirtan: ਧਮਕੀਆਂ ਦੇ ਬਾਵਜੂਦ ਵਿਨੀਪੈਗ ’ਚ 23ਵਾਂ ਮਹਾਨ ਨਗਰ ਕੀਰਤਨ, ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ

ਵਿਨੀਪੈਗ: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 23ਵਾਂ ਮਹਾਨ ਸਾਲਾਨਾ ਨਗਰ ਕੀਰਤਨ ਅੱਜ ਵਿਨੀਪੈਗ ਵਿਖੇ ਪੂਰੀ ਸ਼ਰਧਾ, ਉਤਸ਼ਾਹ ਅਤੇ ਖ਼ਾਲਸਾਈ ਜਾਹੋ-ਜਲਾਲ ਨਾਲ ਕਰਵਾਇਆ ਗਿਆ। ਗੁਰਦੁਆਰਾ ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਵੱਲੋਂ ਆਯੋਜਿਤ ਇਸ ਨਗਰ ਕੀਰਤਨ ਵਿੱਚ ਮੈਨੀਟੋਬਾ ਦੇ ਵੱਖ-ਵੱਖ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਇਸ ਵਾਰ ਦਾ ਨਗਰ ਕੀਰਤਨ ਭੰਨਤੋੜ ਅਤੇ ਧਮਕੀਆਂ ਦੇ ਮਾਹੌਲ ਦਰਮਿਆਨ ਹੋਇਆ। ਵਿਨੀਪੈਗ ਪੁਲੀਸ ਮੁਤਾਬਕ 4 ਸਤੰਬਰ ਨੂੰ ਸ਼ਹਿਰ ਦੇ ਕਈ ਟਰਾਂਜ਼ਿਟ ਬੋਰਡਾਂ ’ਤੇ ਸਵਾਸਤਿਕਾ ਸਮੇਤ ਨਫ਼ਰਤੀ ਚਿੰਨ੍ਹਾਂ ਵਾਲੀ ਗ੍ਰਾਫ਼ਿਟੀ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਤੋਂ ਇਲਾਵਾ ਨਗਰ ਕੀਰਤਨ ਨੂੰ ਲੈ ਕੇ ਧਮਕੀਆਂ ਮਿਲਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ। ਪੁਲੀਸ ਵੱਲੋਂ ਇਸ ਮਾਮਲੇ ਨੂੰ ਸੰਭਾਵਿਤ ਹੇਟ ਕ੍ਰਾਈਮ ਮੰਨਦਿਆਂ ਜਾਂਚ ਮੇਜਰ ਕ੍ਰਾਈਮ ਯੂਨਿਟ ਦੇ ਹੇਟ ਕ੍ਰਾਈਮ ਕੋਆਰਡੀਨੇਟਰਾਂ ਨੂੰ ਸੌਂਪੀ ਗਈ ਹੈ।

ਇਨ੍ਹਾਂ ਘਟਨਾਵਾਂ ਦੇ ਬਾਵਜੂਦ ਨਗਰ ਕੀਰਤਨ ਵਿੱਚ ਸੰਗਤ ਦੀ ਭਰਵੀਂ ਸ਼ਮੂਲੀਅਤ ਸਿੱਖ ਭਾਈਚਾਰੇ ਦੇ ਹੌਸਲੇ, ਏਕਤਾ ਅਤੇ ਆਸਥਾ ਦਾ ਪ੍ਰਗਟਾਵਾ ਬਣੀ। ਲੈਜਿਸਲੇਟਿਵ ਬਿਲਡਿੰਗ ਦੇ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੋਈ, ਜਿਸ ਨੂੰ ਪ੍ਰਬੰਧਕਾਂ ਦੀਆਂ ਉਮੀਦਾਂ ਤੋਂ ਵੀ ਵੱਧ ਦੱਸਿਆ ਗਿਆ। ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਸੁੰਦਰ ਢੰਗ ਨਾਲ ਸਜਾਈ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ, ਜਦਕਿ ਸੰਗਤ ਵਾਹਿਗੁਰੂ ਦਾ ਜਾਪ ਕਰਦੀ ਹੋਈ ਨਾਲ-ਨਾਲ ਚੱਲ ਰਹੀ ਸੀ।

ਨਗਰ ਕੀਰਤਨ ਦੌਰਾਨ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਗੁਰੂ ਜੱਸ ਕੀਤਾ ਗਿਆ। ਢਾਡੀ ਜਥਿਆਂ ਨੇ ਸਿੱਖ ਇਤਿਹਾਸ ਨਾਲ ਸਬੰਧਿਤ ਵਾਰਾਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਮੈਨੀਟੋਬਾ ਦੇ ਵੱਖ-ਵੱਖ ਗਤਕਾ ਅਖਾੜਿਆਂ ਦੇ ਸਿੰਘਾਂ ਅਤੇ ਸਿੰਘਣੀਆਂ ਨੇ ਗਤਕੇ ਦੇ ਜੌਹਰ ਦਿਖਾਏ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਵਰਗ ਦੇ ਲੋਕਾਂ ਨੇ ਵੱਖ-ਵੱਖ ਸੇਵਾਵਾਂ ਵਿੱਚ ਹਿੱਸਾ ਲਿਆ।

ਨੀਲੀਆਂ ਅਤੇ ਪੀਲੀਆਂ ਦਸਤਾਰਾਂ ਤੇ ਦੁਪੱਟਿਆਂ ਨਾਲ ਸਜੀ ਸੰਗਤ ਦੀਆਂ ਕਤਾਰਾਂ ਨੇ ਵਿਨੀਪੈਗ ਦੀਆਂ ਸੜਕਾਂ ਨੂੰ ਖ਼ਾਲਸਾਈ ਰੰਗ ਵਿੱਚ ਰੰਗ ਦਿੱਤਾ। ਧਾਰਮਿਕ ਅਤੇ ਸਮਾਜ-ਸੇਵੀ ਸੰਸਥਾਵਾਂ ਤੋਂ ਇਲਾਵਾ ਗੈਰ-ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਸਹਿਯੋਗ ਦਿੱਤਾ। ਚੋਣਾਂ ਦੇ ਮਾਹੌਲ ਦਰਮਿਆਨ ਵੱਖ-ਵੱਖ ਸਿਆਸੀ ਆਗੂ ਵੀ ਸਮਾਗਮ ਵਿੱਚ ਪਹੁੰਚੇ ਅਤੇ ਇਸ ਨੂੰ ਵਿਭਿੰਨਤਾ, ਸਾਂਝ ਅਤੇ ਭਾਈਚਾਰਕ ਏਕਤਾ ਦੀ ਮਿਸਾਲ ਦੱਸਿਆ।

ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਦੇ ਪ੍ਰਧਾਨ ਨੇ ਕਿਹਾ ਕਿ ਨਗਰ ਕੀਰਤਨ ਵਿੱਚ ਸੰਗਤ ਦੀ ਵੱਡੀ ਹਾਜ਼ਰੀ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਪ੍ਰਤੀ ਡੂੰਘੀ ਆਸਥਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਵੱਸਦਾ ਸਿੱਖ ਭਾਈਚਾਰਾ ਆਪਣੀ ਧਾਰਮਿਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਸੇਵਾ, ਸਾਂਝੀਵਾਲਤਾ ਅਤੇ ਮਨੁੱਖਤਾ ਦਾ ਸੰਦੇਸ਼ ਵੀ ਦੇ ਰਿਹਾ ਹੈ।

23ਵਾਂ ਮਹਾਨ ਸਾਲਾਨਾ ਨਗਰ ਕੀਰਤਨ ਨਵੀਂ ਪੀੜ੍ਹੀ ਨੂੰ ਸਿੱਖ ਵਿਰਸੇ ਅਤੇ ਇਤਿਹਾਸ ਨਾਲ ਜੋੜਨ ਦੇ ਨਾਲ-ਨਾਲ ਵਿਨੀਪੈਗ ਵਿੱਚ ਸਿੱਖ ਭਾਈਚਾਰੇ ਦੀ ਏਕਤਾ, ਆਸਥਾ ਅਤੇ ਸੇਵਾ-ਭਾਵਨਾ ਦਾ ਪ੍ਰਭਾਵਸ਼ਾਲੀ ਪ੍ਰਗਟਾਵਾ ਬਣ ਕੇ ਸੰਪੰਨ ਹੋਇਆ।