Canada Healthcare Crisis: ਕੈਨੇਡਾ ’ਚ ਸਿਹਤ ਸੇਵਾਵਾਂ ਦਾ ਡੂੰਘਾ ਸੰਕਟ, ਲੰਮੀਆਂ ਉਡੀਕਾਂ ਤੋਂ ਪ੍ਰੇਸ਼ਾਨ ਲੋਕ ਇਲਾਜ ਕਰਵਾਉਣ ਤੋਂ ਕਰ ਰਹੇ ਗੁਰੇਜ਼
ਸਰਵੇਖਣ ’ਚ ਵੱਡਾ ਖੁਲਾਸਾ: 84 ਫ਼ੀਸਦੀ ਲੋਕ ਸਿਹਤ ਪ੍ਰਣਾਲੀ ’ਚ ਬਦਲਾਅ ਦੇ ਹੱਕ ’ਚ, 60 ਲੱਖ ਕੈਨੇਡੀਅਨਾਂ ਕੋਲ ਫੈਮਲੀ ਡਾਕਟਰ ਨਹੀਂ
ਟੋਰਾਂਟੋ: ਕੈਨੇਡਾ ਦੀ ਸਰਕਾਰੀ ਸਿਹਤ ਪ੍ਰਣਾਲੀ ਵਿੱਚ ਡਾਕਟਰਾਂ ਦੀ ਘਾਟ ਅਤੇ ਇਲਾਜ ਲਈ ਲਗਾਤਾਰ ਵਧ ਰਹੇ ਉਡੀਕ ਸਮੇਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹਾਲਾਤ ਇਹ ਬਣ ਗਏ ਹਨ ਕਿ ਕਈ ਮਰੀਜ਼ ਲੰਮਾ ਇੰਤਜ਼ਾਰ ਕਰਨ ਦੇ ਡਰੋਂ ਡਾਕਟਰ ਕੋਲ ਜਾਣ ਜਾਂ ਹਸਪਤਾਲ ਵਿੱਚ ਇਲਾਜ ਕਰਵਾਉਣ ਤੋਂ ਹੀ ਗੁਰੇਜ਼ ਕਰਨ ਲੱਗੇ ਹਨ। ਇੱਕ ਤਾਜ਼ਾ ਸਰਵੇਖਣ ਮੁਤਾਬਕ ਲਗਪਗ ਅੱਧੇ ਕੈਨੇਡੀਅਨ ਇਲਾਜ ਲਈ ਲੰਮੀ ਉਡੀਕ ਦੇ ਖ਼ਦਸ਼ੇ ਕਾਰਨ ਡਾਕਟਰੀ ਸਹਾਇਤਾ ਲੈਣ ਤੋਂ ਬਚ ਰਹੇ ਹਨ।
ਮਾਂਟਰੀਅਲ ਇਕਨਾਮਿਕ ਇੰਸਟੀਚਿਊਟ (MEI), ਸੈਕਿੰਡ ਸਟਰੀਟ ਡਾਟ ਓਆਰਜੀ ਅਤੇ ਕੈਨੇਡੀਅਨ ਕਾਂਸਟੀਚਿਊਸ਼ਨ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਕੈਨੇਡਾ ਦੀ ਮੌਜੂਦਾ ਸਿਹਤ ਪ੍ਰਣਾਲੀ ਬਾਰੇ ਲੋਕਾਂ ਦੀ ਵਧ ਰਹੀ ਨਾਰਾਜ਼ਗੀ ਸਾਹਮਣੇ ਆਈ ਹੈ। ਸਰਵੇਖਣ ਅਨੁਸਾਰ 84 ਫ਼ੀਸਦੀ ਲੋਕ ਚਾਹੁੰਦੇ ਹਨ ਕਿ ਦੇਸ਼ ਦੀ ਸਿਹਤ ਪ੍ਰਣਾਲੀ ਵਿੱਚ ਸੁਧਾਰ ਅਤੇ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾਣ, ਤਾਂ ਜੋ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇ।
61 ਫ਼ੀਸਦੀ ਲੋਕ ਨਿੱਜੀ ਕਲੀਨਿਕਾਂ ਵਿੱਚ ਇਲਾਜ ਲਈ ਭੁਗਤਾਨ ਕਰਨ ਦੇ ਹੱਕ ’ਚ
ਸਰਵੇਖਣ ਦੌਰਾਨ ਨਿੱਜੀ ਸਿਹਤ ਸੇਵਾਵਾਂ ਬਾਰੇ ਵੀ ਲੋਕਾਂ ਦੀ ਰਾਇ ਲਈ ਗਈ। ਇਸ ਵਿੱਚ ਸ਼ਾਮਲ 61 ਫ਼ੀਸਦੀ ਲੋਕਾਂ ਨੇ ਕਿਹਾ ਕਿ ਜੇਕਰ ਸਰਕਾਰੀ ਸਿਹਤ ਪ੍ਰਣਾਲੀ ਕਿਸੇ ਮਰੀਜ਼ ਨੂੰ ਸਮੇਂ ਸਿਰ ਸਰਜਰੀ ਦੀ ਸਹੂਲਤ ਮੁਹੱਈਆ ਨਹੀਂ ਕਰਵਾ ਸਕਦੀ ਤਾਂ ਉਸ ਨੂੰ ਨਿੱਜੀ ਕਲੀਨਿਕ ਵਿੱਚ ਆਪਣੇ ਖ਼ਰਚੇ ’ਤੇ ਸਰਜਰੀ ਕਰਵਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਸਰਵੇਖਣ ਵਿੱਚ ਸਾਹਮਣੇ ਆਇਆ ਕਿ 27 ਫ਼ੀਸਦੀ ਕੈਨੇਡੀਅਨ ਪਹਿਲਾਂ ਹੀ ਨਿੱਜੀ ਸਿਹਤ ਸੇਵਾਵਾਂ ਲਈ ਆਪਣੀ ਜੇਬ ਵਿੱਚੋਂ ਪੈਸੇ ਖ਼ਰਚ ਕਰ ਚੁੱਕੇ ਹਨ। ਕਿਊਬੈਕ ਸੂਬੇ ਵਿੱਚ ਇਹ ਅੰਕੜਾ ਹੋਰ ਵੀ ਵੱਧ ਹੈ, ਜਿੱਥੇ 46 ਫ਼ੀਸਦੀ ਲੋਕਾਂ ਨੇ ਨਿੱਜੀ ਇਲਾਜ ਲਈ ਭੁਗਤਾਨ ਕਰਨ ਦੀ ਗੱਲ ਕਹੀ ਹੈ।
ਇਨ੍ਹਾਂ ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਲੰਮੀਆਂ ਉਡੀਕਾਂ ਕਾਰਨ ਲੋਕ ਇਲਾਜ ਦੇ ਬਦਲਵੇਂ ਰਸਤੇ ਅਪਣਾਉਣ ਵੱਲ ਵਧ ਰਹੇ ਹਨ।
ਮੈਨੀਟੋਬਾ ’ਚ 225 ਮਾਹਿਰ ਡਾਕਟਰਾਂ ਦੀ ਘਾਟ
ਕੈਨੇਡਾ ਦੇ ਮੈਨੀਟੋਬਾ ਸੂਬੇ ਵਿੱਚ ਵੀ ਡਾਕਟਰਾਂ ਦੀ ਉਪਲਬਧਤਾ ਅਤੇ ਮਾਹਿਰ ਸਿਹਤ ਸੇਵਾਵਾਂ ਦੀ ਘਾਟ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ।
‘ਡਾਕਟਰਜ਼ ਮੈਨੀਟੋਬਾ’ ਦੀ ਸਾਲਾਨਾ ਰਿਪੋਰਟ ਅਨੁਸਾਰ ਸੂਬੇ ਵਿੱਚ ਹਰ ਇੱਕ ਲੱਖ ਵਸਨੀਕਾਂ ਪਿੱਛੇ 235 ਡਾਕਟਰ ਸੇਵਾਵਾਂ ਦੇ ਰਹੇ ਹਨ। ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 4.5 ਫ਼ੀਸਦੀ ਵਧੀ ਹੈ ਅਤੇ ਕੌਮੀ ਔਸਤ ਦੇ ਨੇੜੇ ਪਹੁੰਚ ਗਈ ਹੈ।
ਇਸ ਸੁਧਾਰ ਦੇ ਬਾਵਜੂਦ ਸੂਬੇ ਵਿੱਚ ਅਜੇ ਵੀ 225 ਮਾਹਿਰ ਡਾਕਟਰਾਂ ਦੀ ਘਾਟ ਦਰਜ ਕੀਤੀ ਗਈ ਹੈ। ਇਸ ਕਾਰਨ ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਦੀ ਸਲਾਹ, ਵੱਖ-ਵੱਖ ਮੈਡੀਕਲ ਜਾਂਚਾਂ ਅਤੇ ਸਰਜਰੀਆਂ ਲਈ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਇਲਾਜ ਵਿੱਚ ਦੇਰੀ ਨਾਲ ਬਿਮਾਰੀਆਂ ਗੰਭੀਰ ਹੋਣ ਦਾ ਖ਼ਤਰਾ
ਮਾਂਟਰੀਅਲ ਇਕਨਾਮਿਕ ਇੰਸਟੀਚਿਊਟ ਦੇ ਵਾਈਸ ਪ੍ਰਧਾਨ ਰੇਨੌਡ ਬ੍ਰੋਸਾਰਡ ਨੇ ਸਰਵੇਖਣ ਦੇ ਨਤੀਜਿਆਂ ਉੱਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਲੰਮੀਆਂ ਉਡੀਕਾਂ ਦੇ ਡਰੋਂ ਇਲਾਜ ਕਰਵਾਉਣ ਤੋਂ ਗੁਰੇਜ਼ ਕਰਨਾ ਮਰੀਜ਼ਾਂ ਦੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਉਨ੍ਹਾਂ ਮੁਤਾਬਕ ਜੇਕਰ ਕੋਈ ਵਿਅਕਤੀ ਸਮੇਂ ਸਿਰ ਡਾਕਟਰੀ ਜਾਂਚ ਜਾਂ ਇਲਾਜ ਨਹੀਂ ਕਰਵਾਉਂਦਾ ਤਾਂ ਉਸ ਦੀ ਬਿਮਾਰੀ ਹੋਰ ਗੰਭੀਰ ਹੋ ਸਕਦੀ ਹੈ। ਅਜਿਹੇ ਹਾਲਾਤ ਵਿੱਚ ਬਾਅਦ ਵਿੱਚ ਇਲਾਜ ਵਧੇਰੇ ਮੁਸ਼ਕਲ ਅਤੇ ਮਹਿੰਗਾ ਹੋਣ ਦੀ ਸੰਭਾਵਨਾ ਵੀ ਬਣ ਜਾਂਦੀ ਹੈ।
60 ਲੱਖ ਲੋਕਾਂ ਕੋਲ ਨਹੀਂ ਫੈਮਲੀ ਡਾਕਟਰ
ਕੈਨੇਡੀਅਨ ਇੰਸਟੀਚਿਊਟ ਫ਼ਾਰ ਹੈਲਥ ਇਨਫਰਮੇਸ਼ਨ (CIHI) ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਲਗਪਗ 60 ਲੱਖ ਲੋਕ ਅਜਿਹੇ ਹਨ, ਜਿਨ੍ਹਾਂ ਕੋਲ ਆਪਣਾ ਫੈਮਲੀ ਡਾਕਟਰ ਨਹੀਂ ਹੈ।
ਫੈਮਲੀ ਡਾਕਟਰ ਦੀ ਘਾਟ ਕਾਰਨ ਇਨ੍ਹਾਂ ਲੋਕਾਂ ਨੂੰ ਆਮ ਸਿਹਤ ਸਮੱਸਿਆਵਾਂ, ਨਿਯਮਤ ਜਾਂਚਾਂ ਅਤੇ ਲੋੜੀਂਦੀ ਡਾਕਟਰੀ ਸਲਾਹ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਥਿਤੀ ਕਾਰਨ ਕਈ ਮਰੀਜ਼ਾਂ ਨੂੰ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਜਾਂ ਹੋਰ ਸਿਹਤ ਕੇਂਦਰਾਂ ਦਾ ਰੁਖ਼ ਕਰਨਾ ਪੈਂਦਾ ਹੈ, ਜਿੱਥੇ ਪਹਿਲਾਂ ਹੀ ਮਰੀਜ਼ਾਂ ਦੀ ਵੱਡੀ ਗਿਣਤੀ ਹੋਣ ਕਾਰਨ ਉਡੀਕ ਸਮਾਂ ਲੰਮਾ ਹੋ ਸਕਦਾ ਹੈ।
ਐਮਰਜੈਂਸੀ ਵਿੱਚ ਹਰ 10 ਵਿੱਚੋਂ ਇੱਕ ਮਰੀਜ਼ ਨੂੰ 14 ਘੰਟੇ ਤੋਂ ਵੱਧ ਉਡੀਕ
ਸਾਲ 2024-25 ਦੇ ਅੰਕੜਿਆਂ ਅਨੁਸਾਰ ਕੈਨੇਡਾ ਦੇ ਐਮਰਜੈਂਸੀ ਵਿਭਾਗਾਂ ਵਿੱਚ ਪਹੁੰਚਣ ਵਾਲੇ ਹਰ 10 ਵਿੱਚੋਂ ਇੱਕ ਮਰੀਜ਼ ਨੂੰ 14 ਘੰਟੇ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਉਡੀਕ ਕਰਨੀ ਪਈ।
ਹੋਰ ਚਿੰਤਾਜਨਕ ਗੱਲ ਇਹ ਹੈ ਕਿ ਇਸੇ ਸਮੇਂ ਦੌਰਾਨ ਲਗਪਗ 12 ਲੱਖ ਮਰੀਜ਼ ਡਾਕਟਰ ਨੂੰ ਮਿਲੇ ਬਿਨਾਂ ਹੀ ਐਮਰਜੈਂਸੀ ਵਿਭਾਗਾਂ ਤੋਂ ਵਾਪਸ ਚਲੇ ਗਏ।
ਇਹ ਅੰਕੜੇ ਦੇਸ਼ ਦੀ ਸਿਹਤ ਪ੍ਰਣਾਲੀ ਉੱਤੇ ਵਧ ਰਹੇ ਦਬਾਅ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਆ ਰਹੀਆਂ ਮੁਸ਼ਕਲਾਂ ਵੱਲ ਇਸ਼ਾਰਾ ਕਰਦੇ ਹਨ।
ਸਿਹਤ ਪ੍ਰਣਾਲੀ ’ਚ ਸੁਧਾਰਾਂ ਦੀ ਮੰਗ ਤੇਜ਼
ਸਰਵੇਖਣ ਅਤੇ ਸਿਹਤ ਸੰਸਥਾਵਾਂ ਦੀਆਂ ਰਿਪੋਰਟਾਂ ਤੋਂ ਸਾਹਮਣੇ ਆ ਰਹੀ ਤਸਵੀਰ ਨੇ ਕੈਨੇਡਾ ਦੀ ਜਨਤਕ ਸਿਹਤ ਪ੍ਰਣਾਲੀ ਵਿੱਚ ਸੁਧਾਰਾਂ ਦੀ ਲੋੜ ਨੂੰ ਮੁੜ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।
ਡਾਕਟਰਾਂ ਦੀ ਘਾਟ, ਮਾਹਿਰ ਸਿਹਤ ਸੇਵਾਵਾਂ ਤੱਕ ਸੀਮਤ ਪਹੁੰਚ ਅਤੇ ਸਰਜਰੀਆਂ ਲਈ ਲੰਮੀਆਂ ਉਡੀਕਾਂ ਵਰਗੀਆਂ ਸਮੱਸਿਆਵਾਂ ਕਾਰਨ ਲੋਕਾਂ ਦੀਆਂ ਚਿੰਤਾਵਾਂ ਵਧ ਰਹੀਆਂ ਹਨ।
ਅਜਿਹੇ ਵਿੱਚ ਸਿਹਤ ਪ੍ਰਣਾਲੀ ਵਿੱਚ ਤਬਦੀਲੀਆਂ, ਡਾਕਟਰਾਂ ਦੀ ਉਪਲਬਧਤਾ ਵਧਾਉਣ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਦੀ ਮੰਗ ਹੋਰ ਮਹੱਤਵਪੂਰਨ ਬਣਦੀ ਜਾ ਰਹੀ ਹੈ।







