BRICS Summit: ਦਿੱਲੀ ’ਚ ਜੁਟੇ ਆਲਮੀ ਆਗੂ, ਕੂਟਨੀਤਕ ਸਰਗਰਮੀਆਂ ਤੇਜ਼

BRICS Summit: ਦਿੱਲੀ ਬਣੀ ਆਲਮੀ ਕੂਟਨੀਤੀ ਦਾ ਕੇਂਦਰ

ਨਵੀਂ ਦਿੱਲੀ: ਇਸ ਹਫ਼ਤੇ ਨਵੀਂ ਦਿੱਲੀ ਆਲਮੀ ਕੂਟਨੀਤੀ ਦੇ ਕੇਂਦਰ ਵਜੋਂ ਉਭਰਨ ਜਾ ਰਹੀ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸਮੇਤ ਕਈ ਆਗੂ 18ਵੇਂ ਬਰਿਕਸ ਸੰਮੇਲਨ ਲਈ ਭਾਰਤ ਪਹੁੰਚ ਰਹੇ ਹਨ। ਇਸ ਸੰਮੇਲਨ ਦੌਰਾਨ ਰੂਸ-ਯੂਕਰੇਨ ਜੰਗ, ਪੱਛਮੀ ਏਸ਼ੀਆ ਦੇ ਸੰਕਟ ਅਤੇ ਆਲਮੀ ਆਰਥਿਕ ਪ੍ਰਬੰਧ ਦੇ ਭਵਿੱਖ ਵਰਗੇ ਅਹਿਮ ਮੁੱਦਿਆਂ ’ਤੇ ਚਰਚਾ ਹੋਣ ਦੀ ਉਮੀਦ ਹੈ।

ਭਾਰਤ ਵੱਲੋਂ 12 ਅਤੇ 13 ਸਤੰਬਰ ਨੂੰ ਭਾਰਤ ਮੰਡਪਮ ਵਿਖੇ 18ਵੇਂ ਬਰਿਕਸ ਸੰਮੇਲਨ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਸੰਮੇਲਨ ਵਿੱਚ ਬਰਿਕਸ ਦੇ 11 ਮੈਂਬਰ ਦੇਸ਼—ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਯੂਏਈ ਅਤੇ ਭਾਰਤ—ਦੇ ਨੁਮਾਇੰਦੇ ਹਿੱਸਾ ਲੈਣਗੇ।

ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ, ਵਿਸ਼ਵ ਵਪਾਰ ਸੰਗਠਨ (WTO), ਵਿਸ਼ਵ ਸਿਹਤ ਸੰਗਠਨ (WHO) ਅਤੇ ਨਿਊ ਡਿਵੈਲਪਮੈਂਟ ਬੈਂਕ ਸਮੇਤ ਕੌਮਾਂਤਰੀ ਅਤੇ ਖੇਤਰੀ ਸੰਸਥਾਵਾਂ ਦੇ ਮੁਖੀ ਵੀ ਸੰਮੇਲਨ ਵਿੱਚ ਸ਼ਾਮਲ ਹੋਣਗੇ। ਬਰਿਕਸ ਦੇ 10 ਭਾਈਵਾਲ ਦੇਸ਼ਾਂ—ਬੇਲਾਰੂਸ, ਬੋਲੀਵੀਆ, ਕਿਊਬਾ, ਕਜ਼ਾਖ਼ਸਤਾਨ, ਮਲੇਸ਼ੀਆ, ਨਾਈਜੀਰੀਆ, ਥਾਈਲੈਂਡ, ਯੂਗਾਂਡਾ, ਉਜ਼ਬੇਕਿਸਤਾਨ ਅਤੇ ਵੀਅਤਨਾਮ—ਦੇ ਨੁਮਾਇੰਦੇ ਵੀ ਇਸ ਮੌਕੇ ਮੌਜੂਦ ਰਹਿਣਗੇ।

ਸ਼ੀ ਜਿਨਪਿੰਗ ਦੇ ਦੌਰੇ ’ਤੇ ਰਹੇਗੀ ਖ਼ਾਸ ਨਜ਼ਰ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕਰੀਬ ਸੱਤ ਸਾਲਾਂ ਬਾਅਦ ਭਾਰਤ ਦਾ ਇਹ ਪਹਿਲਾ ਦੌਰਾ ਹੋਵੇਗਾ। ਸੂਤਰਾਂ ਮੁਤਾਬਕ ਦੌਰੇ ਦੌਰਾਨ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਖਰੀ ਮੁਲਾਕਾਤ ਵੀ ਹੋ ਸਕਦੀ ਹੈ। ਦੋਵੇਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਸਥਿਰ ਕਰਨ ਲਈ ਚੱਲ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਸ਼ੀ ਦਾ ਇਹ ਦੌਰਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਪੂਤਿਨ ਨਾਲ ਦੁਵੱਲੀ ਮੀਟਿੰਗ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਦੌਰੇ ਦੌਰਾਨ ਰੂਸ-ਯੂਕਰੇਨ ਜੰਗ ਅਤੇ ਭਾਰਤ-ਰੂਸ ਵਿਚਾਲੇ ਵਧ ਰਹੀ ਆਰਥਿਕ ਭਾਈਵਾਲੀ ’ਤੇ ਖ਼ਾਸ ਧਿਆਨ ਰਹੇਗਾ। ਪੂਤਿਨ 11 ਸਤੰਬਰ ਨੂੰ ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰਨਗੇ ਅਤੇ ਬਰਿਕਸ ਬਿਜ਼ਨਸ ਫੋਰਮ ਨੂੰ ਵੀ ਸੰਬੋਧਨ ਕਰਨਗੇ।

ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਦੀ ਸ਼ਮੂਲੀਅਤ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਰਾਨ ਨਾਲ ਜੁੜੇ ਸੰਕਟ ਅਤੇ ਪੱਛਮੀ ਏਸ਼ੀਆ ਵਿੱਚ ਬਣੀ ਅਸਥਿਰਤਾ ਦੇ ਮੱਦੇਨਜ਼ਰ ਉਨ੍ਹਾਂ ਦੀ ਮੌਜੂਦਗੀ ਸੰਮੇਲਨ ਦੀ ਕੂਟਨੀਤਕ ਅਹਿਮੀਅਤ ਨੂੰ ਹੋਰ ਵਧਾ ਰਹੀ ਹੈ। ਇਸ ਦੌਰਾਨ ਬੰਗਲਾਦੇਸ਼ ਦੇ ਨੁਮਾਇੰਦਿਆਂ ਦੀ ਗੈਰ-ਹਾਜ਼ਰੀ ਵੀ ਚਰਚਾ ਦਾ ਵਿਸ਼ਾ ਬਣ ਸਕਦੀ ਹੈ।

12 ਸਤੰਬਰ ਨੂੰ ਹੋਣ ਵਾਲੀ ਬਰਿਕਸ ਨੇਤਾਵਾਂ ਦੀ ਬੈਠਕ ਵਿੱਚ ਕੌਮਾਂਤਰੀ ਅਤੇ ਖੇਤਰੀ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਦੇ ਨਾਲ ਰਾਜਨੀਤੀ ਅਤੇ ਸੁਰੱਖਿਆ, ਅਰਥਚਾਰੇ, ਸੱਭਿਆਚਾਰਕ ਅਤੇ ਮਾਨਵਤਾਵਾਦੀ ਸਬੰਧਾਂ ਵਿੱਚ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ ਜਾਵੇਗਾ।

ਸੁਰੱਖਿਆ ਲਈ 15 ਹਜ਼ਾਰ ਪੁਲੀਸ ਕਰਮੀ ਤਾਇਨਾਤ

ਨਵੀਂ ਦਿੱਲੀ: ਬਰਿਕਸ ਸੰਮੇਲਨ ਨੂੰ ਲੈ ਕੇ ਰਾਜਧਾਨੀ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ਪੁਲੀਸ ਦੇ ਕਰੀਬ 15 ਹਜ਼ਾਰ ਜਵਾਨਾਂ ਦੇ ਨਾਲ ਨੀਮ ਫ਼ੌਜੀ ਬਲਾਂ ਦੀਆਂ 200 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਅਹਿਮ ਥਾਵਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਦੀ ਨਿਗਰਾਨੀ ਲਈ 500 ਤੋਂ ਵੱਧ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।

ਵਿਸ਼ੇਸ਼ ਕਮਿਸ਼ਨਰ ਪੁਲੀਸ ਮਨੀਸ਼ ਕੁਮਾਰ ਅਗਰਵਾਲ ਨੇ ਕਿਹਾ ਕਿ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੀਆਂ ਵਿਦੇਸ਼ੀ ਹਸਤੀਆਂ ਦੀ ਸੁਰੱਖਿਆ ਲਈ ਵਿਸਥਾਰਤ ਯੋਜਨਾ ਤਿਆਰ ਕੀਤੀ ਗਈ ਹੈ। ਇਸ ਦੇ ਨਾਲ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਮ ਲੋਕਾਂ ਨੂੰ ਆਵਾਜਾਈ ਜਾਂ ਹੋਰ ਮਾਮਲਿਆਂ ਵਿੱਚ ਘੱਟ ਤੋਂ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।

-ਪੀਟੀਆਈ