Australia News: ਅਰਥਵਿਵਸਥਾ ’ਤੇ ਮੰਦੀ ਦਾ ਖ਼ਤਰਾ, ਮਹਿੰਗਾਈ ਤੇ ਕਰਜ਼ਾ ਬਣੇ ਵੱਡੀ ਚੁਣੌਤੀ

Australia Economy: ਕਮਜ਼ੋਰ ਹੋ ਰਹੀ ਆਰਥਿਕ ਰਫ਼ਤਾਰ, ਮਹਿੰਗਾਈ ਤੇ ਕਰਜ਼ੇ ਨੇ ਵਧਾਈ ਚਿੰਤਾ

ਆਸਟਰੇਲੀਆ: ਆਸਟਰੇਲੀਆ ਦੀ ਅਰਥਵਿਵਸਥਾ ਭਾਵੇਂ ਇਸ ਸਮੇਂ ਤਕਨੀਕੀ ਤੌਰ ’ਤੇ ਮੰਦੀ ਦੀ ਸਥਿਤੀ ਵਿੱਚ ਨਹੀਂ ਹੈ, ਪਰ ਵਿਕਾਸ ਦੀ ਰਫ਼ਤਾਰ ਵਿੱਚ ਲਗਾਤਾਰ ਕਮੀ ਆ ਰਹੀ ਹੈ। ਜੂਨ 2026 ਨੂੰ ਖ਼ਤਮ ਹੋਈ ਤਿਮਾਹੀ ਦੌਰਾਨ ਦੇਸ਼ ਦੀ ਜੀਡੀਪੀ ਵਿੱਚ ਮਹਿਜ਼ 0.4 ਫ਼ੀਸਦੀ ਵਾਧਾ ਦਰਜ ਕੀਤਾ ਗਿਆ, ਜਦਕਿ ਸਾਲਾਨਾ ਵਿਕਾਸ ਦਰ ਘਟ ਕੇ 1.8 ਫ਼ੀਸਦੀ ਰਹਿ ਗਈ।

ਆਰਥਿਕ ਮੰਦਗਤੀ ਪਿੱਛੇ ਸਭ ਤੋਂ ਵੱਡੇ ਕਾਰਨਾਂ ਵਿੱਚ ਘਰੇਲੂ ਪਰਿਵਾਰਾਂ ਦੀ ਘਟ ਰਹੀ ਖ਼ਰੀਦ ਸ਼ਕਤੀ ਨੂੰ ਮੰਨਿਆ ਜਾ ਰਿਹਾ ਹੈ। ਮਹਿੰਗਾਈ, ਵਧ ਰਹੇ ਹੋਮ ਲੋਨ, ਕਿਰਾਏ, ਬਿਜਲੀ ਦੇ ਬਿੱਲ ਅਤੇ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੇ ਖ਼ਰਚਿਆਂ ਨੇ ਲੋਕਾਂ ਦੇ ਬਜਟ ’ਤੇ ਦਬਾਅ ਵਧਾ ਦਿੱਤਾ ਹੈ। ਇਸ ਕਾਰਨ ਲੋਕ ਗ਼ੈਰ-ਜ਼ਰੂਰੀ ਚੀਜ਼ਾਂ ’ਤੇ ਖ਼ਰਚ ਘਟਾ ਰਹੇ ਹਨ, ਜਿਸ ਦਾ ਪ੍ਰਭਾਵ ਰਿਟੇਲ ਕਾਰੋਬਾਰ, ਰੈਸਟੋਰੈਂਟਾਂ, ਮਨੋਰੰਜਨ ਖੇਤਰ ਅਤੇ ਛੋਟੇ ਕਾਰੋਬਾਰਾਂ ’ਤੇ ਪੈ ਰਿਹਾ ਹੈ।

ਉੱਧਰ, ਉੱਚੀਆਂ ਵਿਆਜ ਦਰਾਂ ਨੇ ਘਰਾਂ ਅਤੇ ਕਾਰੋਬਾਰਾਂ ਲਈ ਕਰਜ਼ਾ ਲੈਣਾ ਮਹਿੰਗਾ ਕਰ ਦਿੱਤਾ ਹੈ। ਸਰਕਾਰੀ ਬਾਂਡਾਂ ਦੀਆਂ ਦਰਾਂ ਵੀ ਸਾਲ 2011 ਤੋਂ ਬਾਅਦ ਦੇ ਉੱਚ ਪੱਧਰਾਂ ਦੇ ਨੇੜੇ ਪਹੁੰਚਣ ਕਾਰਨ ਸਰਕਾਰ ’ਤੇ ਕਰਜ਼ੇ ਦੀ ਅਦਾਇਗੀ ਦਾ ਵਿੱਤੀ ਬੋਝ ਵਧ ਰਿਹਾ ਹੈ।

ਆਰਥਿਕ ਮਾਹਿਰ ਮਰਫ਼ੀ ਕਰੂਜ਼ ਦੇ ਅਨੁਮਾਨ ਮੁਤਾਬਕ 2026 ਦੌਰਾਨ ਪ੍ਰਤੀ ਵਿਅਕਤੀ ਘਰੇਲੂ ਖ਼ਰਚ ਵਿੱਚ ਵੱਡਾ ਵਾਧਾ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਬੇਰੁਜ਼ਗਾਰੀ ਦਰ 2027 ਤੱਕ ਕਰੀਬ 5 ਫ਼ੀਸਦੀ ਤੱਕ ਪਹੁੰਚਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਗਿਆ ਹੈ।

ਆਸਟਰੇਲੀਆਈ ਅਰਥ ਸ਼ਾਸਤਰੀ ਗ੍ਰੇਗ ਜੈਰੀਕੋ ਨੇ ਵੀ ਅਰਥਵਿਵਸਥਾ ਦੀ ਮੌਜੂਦਾ ਰਫ਼ਤਾਰ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਮੁਤਾਬਕ ਆਰਥਿਕਤਾ ਪਹਿਲਾਂ ਹੀ ਹੌਲੀ ਰਫ਼ਤਾਰ ਨਾਲ ਅੱਗੇ ਵੱਧ ਰਹੀ ਹੈ ਅਤੇ ਜੇਕਰ ਵਿਆਜ ਦਰਾਂ ਵਿੱਚ ਹੋਰ ਵਾਧਾ ਕੀਤਾ ਜਾਂਦਾ ਹੈ ਤਾਂ ਆਰਥਿਕ ਵਿਕਾਸ ’ਤੇ ਵਾਧੂ ਦਬਾਅ ਪੈ ਸਕਦਾ ਹੈ।

ਅਜਿਹੇ ਹਾਲਾਤਾਂ ਵਿੱਚ ਆਸਟਰੇਲੀਆ ਸਾਹਮਣੇ ਮੁੱਖ ਚੁਣੌਤੀ ਮਹਿੰਗਾਈ ’ਤੇ ਕਾਬੂ ਪਾਉਣ ਦੇ ਨਾਲ-ਨਾਲ ਆਰਥਿਕ ਵਿਕਾਸ ਨੂੰ ਕਾਇਮ ਰੱਖਣਾ ਅਤੇ ਦੇਸ਼ ਨੂੰ ਸੰਭਾਵਿਤ ਮੰਦੀ ਵੱਲ ਵਧਣ ਤੋਂ ਰੋਕਣਾ ਹੈ।