Australia Migration Visas: ਆਸਟਰੇਲੀਆ ’ਚ ਡਾਕਟਰਾਂ-ਨਰਸਾਂ ਸਣੇ ਇਨ੍ਹਾਂ ਪੇਸ਼ੇਵਰਾਂ ਦੀ ਵੱਡੀ ਮੰਗ, ਹੁਨਰਮੰਦਾਂ ਲਈ ਮੌਕੇ

ਆਸਟਰੇਲੀਆ ਵਿੱਚ ਹੁਨਰਮੰਦ ਕਾਮਿਆਂ ਦੀ ਕਮੀ ਹਾਲੇ ਵੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਭਾਵੇਂ ਦੇਸ਼ ਵਿੱਚ ਇਮੀਗ੍ਰੇਸ਼ਨ ਘਟਾਉਣ ਜਾਂ ਇਸ ‘ਤੇ ਪਾਬੰਦੀ ਲਗਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਪਰ ਕਈ ਮਹੱਤਵਪੂਰਨ ਖੇਤਰਾਂ ਵਿੱਚ ਮਾਹਿਰ ਕਾਮਿਆਂ ਦੀ ਲੋੜ ਪੂਰੀ ਨਹੀਂ ਹੋ ਰਹੀ। ਸਰਕਾਰੀ ਅੰਕੜਿਆਂ ਮੁਤਾਬਕ 2025 ਵਿੱਚ ਮੁਲਾਂਕਣ ਕੀਤੇ ਗਏ 1,022 ਕਿੱਤਿਆਂ ਵਿੱਚੋਂ 293 ਕਿੱਤੇ, ਯਾਨੀ ਕਰੀਬ 29 ਫ਼ੀਸਦੀ, ਕਾਮਿਆਂ ਦੀ ਗੰਭੀਰ ਘਾਟ ਵਾਲੀ ਸ਼੍ਰੇਣੀ ਵਿੱਚ ਰਹੇ। ਹਾਲਾਂਕਿ ਇਹ ਦਰ 2023 ਦੇ 36 ਫ਼ੀਸਦੀ ਅਤੇ 2024 ਦੇ 33 ਫ਼ੀਸਦੀ ਨਾਲੋਂ ਘੱਟ ਹੈ, ਫਿਰ ਵੀ ਕਈ ਖੇਤਰਾਂ ਵਿੱਚ ਹੁਨਰਮੰਦ ਮਨੁੱਖੀ ਸਰੋਤ ਦੀ ਕਮੀ ਬਰਕਰਾਰ ਹੈ। ਅੰਦਾਜ਼ਾ ਹੈ ਕਿ 2035 ਤੱਕ ਆਸਟਰੇਲੀਆ ਵਿੱਚ ਲਗਭਗ 80,000 ਨਰਸਾਂ ਦੀ ਘਾਟ ਹੋ ਸਕਦੀ ਹੈ।

ਸਿਹਤ ਖੇਤਰ ਵਿੱਚ ਡਾਕਟਰਾਂ ਤੋਂ ਇਲਾਵਾ ਨਰਸਾਂ, ਮਾਨਸਿਕ ਸਿਹਤ ਮਾਹਿਰਾਂ, ਬਜ਼ੁਰਗਾਂ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ, ਆਕਿਊਪੇਸ਼ਨਲ ਥੈਰੇਪਿਸਟਾਂ, ਪੋਡੀਆਟ੍ਰਿਸਟਾਂ ਅਤੇ ਹੋਰ ਸਿਹਤ ਪੇਸ਼ੇਵਰਾਂ ਦੀ ਵੀ ਵੱਡੀ ਮੰਗ ਹੈ। ਇਸੇ ਤਰ੍ਹਾਂ ਨਿਰਮਾਣ ਅਤੇ ਤਕਨੀਕੀ ਖੇਤਰਾਂ ਵਿੱਚ ਇਲੈਕਟ੍ਰੀਸ਼ੀਅਨ, ਪਲੰਬਰ, ਤਰਖਾਣ, ਵੈਲਡਰ, ਮਕੈਨਿਕ ਅਤੇ ਹੋਰ ਹੁਨਰਮੰਦ ਕਾਮਿਆਂ ਲਈ ਰੁਜ਼ਗਾਰ ਦੇ ਮੌਕੇ ਮੌਜੂਦ ਹਨ।

ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਤਕਰੀਬਨ ਅੱਧੇ ਟਰੇਡ ਅਤੇ ਤਕਨੀਕੀ ਕਿੱਤੇ ਕਾਮਿਆਂ ਦੀ ਘਾਟ ਨਾਲ ਜੂਝ ਰਹੇ ਹਨ। ਲਗਾਤਾਰ ਪੰਜ ਸਾਲਾਂ ਤੋਂ ਘਾਟ ਵਾਲੇ 123 ਕਿੱਤਿਆਂ ਵਿੱਚੋਂ 65 ਕਿੱਤੇ ਟਰੇਡ ਅਤੇ ਤਕਨੀਕੀ ਖੇਤਰ ਨਾਲ ਸਬੰਧਤ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਆਸਟਰੇਲੀਆ ਵਿੱਚ ਸਿਹਤ, ਸਿੱਖਿਆ, ਉਸਾਰੀ ਅਤੇ ਤਕਨੀਕੀ ਖੇਤਰਾਂ ਲਈ ਹੁਨਰਮੰਦ ਕਾਮਿਆਂ ਦੀ ਮੰਗ ਹੋਰ ਵਧ ਸਕਦੀ ਹੈ। ਇਸੇ ਦੌਰਾਨ ਸਰਕਾਰ ਨੇ 2026-27 ਦੇ ਪ੍ਰੋਗਰਾਮ ਸਾਲ ਲਈ ਵੱਖ-ਵੱਖ ਖੇਤਰਾਂ ਵਿੱਚ ਹੁਨਰਮੰਦ ਪ੍ਰਵਾਸੀਆਂ ਲਈ 1,86,000 ਵੀਜ਼ੇ ਜਾਰੀ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ।