Apple iPhone 18 Pro: ਐਪਲ ਨੇ iPhone 18 Pro ਤੇ Pro Max ਕੀਤੇ ਲਾਂਚ, ਪਹਿਲਾ ਫੋਲਡੇਬਲ ਆਈਫੋਨ ਵੀ ਪੇਸ਼
ਕੈਲੀਫੋਰਨੀਆ: ਐਪਲ ਨੇ ਆਪਣੇ ਨਵੇਂ ਪ੍ਰੀਮੀਅਮ ਸਮਾਰਟਫੋਨ iPhone 18 Pro ਅਤੇ iPhone 18 Pro Max ਬਾਜ਼ਾਰ ਵਿੱਚ ਪੇਸ਼ ਕਰ ਦਿੱਤੇ ਹਨ। ਕੰਪਨੀ ਨੇ ਇਨ੍ਹਾਂ ਮਾਡਲਾਂ ਵਿੱਚ ਨਵੀਂ A20 Pro ਚਿਪ, ਬਿਹਤਰ AI ਸਮਰੱਥਾਵਾਂ ਅਤੇ 48 ਮੈਗਾਪਿਕਸਲ ਕੈਮਰਾ ਸਮੇਤ ਕਈ ਅਪਗ੍ਰੇਡ ਦਿੱਤੇ ਹਨ। ਨਵੀਂ ਸੀਰੀਜ਼ ਨੂੰ ਚਾਰ ਰੰਗਾਂ ਵਿੱਚ ਉਪਲਬਧ ਕਰਵਾਇਆ ਗਿਆ ਹੈ।
ਨਵੇਂ ਆਈਫੋਨ ਵਿੱਚ Siri ਨੂੰ ਵੀ AI ਤਕਨੀਕ ਨਾਲ ਹੋਰ ਸਮਰੱਥ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿੱਚ ਆਨ-ਡਿਵਾਈਸ ਡਿਕਟੇਸ਼ਨ ਦੀ ਸਹੂਲਤ ਦਿੱਤੀ ਗਈ ਹੈ, ਜਿਸ ਨਾਲ ਯੂਜ਼ਰ ਆਵਾਜ਼ ਰਾਹੀਂ ਕਈ ਕੰਮ ਆਸਾਨੀ ਨਾਲ ਕਰ ਸਕਣਗੇ। ਕੈਮਰਾ ਸੈਟਅਪ ਵਿੱਚ ਨਵਾਂ 48 ਮੈਗਾਪਿਕਸਲ ਮੁੱਖ ਕੈਮਰਾ ਖ਼ਾਸ ਖਿੱਚ ਦਾ ਕੇਂਦਰ ਹੈ।
ਐਪਲ ਦਾ ਪਹਿਲਾ ਫੋਲਡੇਬਲ ਆਈਫੋਨ ਵੀ ਲਾਂਚ
ਐਪਲ ਨੇ ਆਪਣੇ ਸਾਲਾਨਾ ਈਵੈਂਟ ਦੌਰਾਨ ਪਹਿਲਾ ਫੋਲਡੇਬਲ ਆਈਫੋਨ ਵੀ ਪੇਸ਼ ਕੀਤਾ ਹੈ, ਜਿਸ ਨੂੰ Duo ਨਾਮ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 1,999 ਡਾਲਰ ਦੱਸੀ ਗਈ ਹੈ। ਫੋਲਡ ਹੋਣ ’ਤੇ ਇਹ ਆਮ ਸਮਾਰਟਫੋਨ ਵਾਂਗ ਦਿਖਾਈ ਦਿੰਦਾ ਹੈ, ਜਦਕਿ ਖੋਲ੍ਹਣ ’ਤੇ 7.6 ਇੰਚ ਦੀ ਵੱਡੀ ਸਕ੍ਰੀਨ ਮਿਲਦੀ ਹੈ। ਇਸ ਦਾ ਡਿਜ਼ਾਈਨ ਪਾਸਪੋਰਟ ਵਰਗਾ ਦੱਸਿਆ ਗਿਆ ਹੈ ਅਤੇ ਕਿਨਾਰਿਆਂ ਨੂੰ ਗੋਲ ਰੱਖਿਆ ਗਿਆ ਹੈ।
ਕੰਪਨੀ ਮੁਤਾਬਕ ਇਹ ਖੁੱਲ੍ਹੀ ਹਾਲਤ ਵਿੱਚ ਉਸ ਦਾ ਹੁਣ ਤੱਕ ਦਾ ਸਭ ਤੋਂ ਪਤਲਾ ਸਮਾਰਟਫੋਨ ਹੈ। ਇਸ ਵਿੱਚ A20 ਚਿਪ ਦੀ ਵਰਤੋਂ ਕੀਤੀ ਗਈ ਹੈ। ਸੁਰੱਖਿਆ ਲਈ ਫੇਸ ਆਈਡੀ ਦੀ ਥਾਂ ਟੱਚ ਆਈਡੀ ਦਿੱਤੇ ਜਾਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਫੋਲਡੇਬਲ ਮਾਡਲ ਦੀ ਕੀਮਤ ਸਟੋਰੇਜ ਅਤੇ ਵੇਰੀਐਂਟ ਦੇ ਹਿਸਾਬ ਨਾਲ ਹੋਰ ਵੱਧ ਸਕਦੀ ਹੈ।
ਇਸ ਦੇ ਨਾਲ ਐਪਲ ਨੇ ਨਵੇਂ AirPods ਵੀ ਪੇਸ਼ ਕੀਤੇ ਹਨ, ਜਿਨ੍ਹਾਂ ਵਿੱਚ ਐਕਟਿਵ ਨੌਇਜ਼ ਕੈਂਸਲੇਸ਼ਨ ਵਰਗੇ ਫੀਚਰ ਦਿੱਤੇ ਗਏ ਹਨ। ਇਨ੍ਹਾਂ ਦੀ ਸ਼ੁਰੂਆਤੀ ਕੀਮਤ 129 ਡਾਲਰ ਰੱਖੀ ਗਈ ਹੈ।
ਬੈਟਰੀ ਅਤੇ ਫਾਸਟ ਚਾਰਜਿੰਗ ’ਤੇ ਵੀ ਫੋਕਸ
ਐਪਲ ਦੇ ਦਾਅਵੇ ਅਨੁਸਾਰ iPhone 18 Pro ਆਮ ਵਰਤੋਂ ਵਿੱਚ 24 ਘੰਟਿਆਂ ਤੱਕ, ਜਦਕਿ Pro Max ਕਰੀਬ 30 ਘੰਟਿਆਂ ਤੱਕ ਬੈਕਅਪ ਦੇ ਸਕਦਾ ਹੈ। ਵੀਡੀਓ ਪਲੇਅਬੈਕ ਵਿੱਚ ਇਹ ਸਮਾਂ ਕ੍ਰਮਵਾਰ 36 ਅਤੇ 45 ਘੰਟਿਆਂ ਤੱਕ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਨਵੀਂ ਫਾਸਟ ਚਾਰਜਿੰਗ ਤਕਨੀਕ ਰਾਹੀਂ ਫੋਨ ਨੂੰ ਸਿਰਫ਼ 15 ਮਿੰਟਾਂ ਵਿੱਚ 50 ਫ਼ੀਸਦੀ ਤੱਕ ਚਾਰਜ ਕਰਨ ਦੀ ਸਮਰੱਥਾ ਹੋਣ ਦੀ ਗੱਲ ਕਹੀ ਗਈ ਹੈ। ਕੰਪਨੀ ਮੁਤਾਬਕ ਸਿਰਫ਼ 5 ਮਿੰਟ ਦੀ ਚਾਰਜਿੰਗ ਨਾਲ ਵੀ ਲਗਭਗ 6 ਘੰਟਿਆਂ ਦਾ ਵੀਡੀਓ ਪਲੇਅਬੈਕ ਮਿਲ ਸਕਦਾ ਹੈ।
Pro ਮਾਡਲਾਂ ਵਿੱਚ ਕੈਮਰਾ ਅਤੇ ਚਿਪਸੈੱਟ ਦੇ ਵੱਡੇ ਅਪਗ੍ਰੇਡ
iPhone 18 Pro ਸੀਰੀਜ਼ ਦੇ ਡਿਜ਼ਾਈਨ ਵਿੱਚ ਪਿਛਲੀ ਪੀੜ੍ਹੀ ਨਾਲ ਮਿਲਦੇ-ਜੁਲਦੇ ਤੱਤ ਹੋਣਗੇ, ਪਰ ਅੰਦਰੂਨੀ ਹਾਰਡਵੇਅਰ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਡਾਇਨਾਮਿਕ ਆਈਲੈਂਡ ਨੂੰ ਪਹਿਲਾਂ ਨਾਲੋਂ ਛੋਟਾ ਕਰਨ ਦੀ ਗੱਲ ਕੀਤੀ ਗਈ ਹੈ, ਜਦਕਿ ਕੈਮਰਾ ਸਿਸਟਮ ਵਿੱਚ 48 ਮੈਗਾਪਿਕਸਲ ਸੈਂਸਰ ਦਿੱਤਾ ਗਿਆ ਹੈ।
ਬਿਹਤਰ ਕਾਰਗੁਜ਼ਾਰੀ ਅਤੇ ਊਰਜਾ ਕੁਸ਼ਲਤਾ ਲਈ ਨਵੀਂ ਚਿਪ ਤਕਨੀਕ ਅਤੇ C2 ਮੋਡਮ ਦਿੱਤੇ ਜਾਣ ਦੀ ਜਾਣਕਾਰੀ ਹੈ। ਖ਼ਾਸ ਤੌਰ ’ਤੇ iPhone 18 Pro Max ਦੇ ਮੁੱਖ ਕੈਮਰੇ ਵਿੱਚ DSLR ਕੈਮਰਿਆਂ ਵਰਗੇ ਵੇਰੀਏਬਲ ਅਪਰਚਰ ਦੀ ਸੰਭਾਵਨਾ ਨੂੰ ਵੱਡਾ ਅਪਗ੍ਰੇਡ ਮੰਨਿਆ ਜਾ ਰਿਹਾ ਹੈ। ਇਸ ਨਾਲ ਘੱਟ ਰੋਸ਼ਨੀ ਵਿੱਚ ਫੋਟੋਗ੍ਰਾਫੀ ਅਤੇ ਡੈਪਥ ਕੰਟਰੋਲ ਵਿੱਚ ਸੁਧਾਰ ਹੋ ਸਕਦਾ ਹੈ।
ਨਵੇਂ Pro ਮਾਡਲਾਂ ਨੂੰ ਸਿਲਵਰ ਅਤੇ ਮੈਟ ਬਲੈਕ ਤੋਂ ਇਲਾਵਾ ਲਾਈਟ ਬਲਿਊ ਅਤੇ ਚੈਰੀ ਵਰਗੇ ਨਵੇਂ ਰੰਗਾਂ ਵਿੱਚ ਪੇਸ਼ ਕੀਤੇ ਜਾਣ ਦੀ ਜਾਣਕਾਰੀ ਹੈ।







