ਸ਼ੇਅਰ ਬਾਜ਼ਾਰ ’ਚ ਜ਼ਬਰਦਸਤ ਵਾਪਸੀ, ਸੈਂਸੈਕਸ 1,502 ਅੰਕ ਚੜ੍ਹਿਆ ਤੇ ਨਿਫਟੀ 25,819 ਦੇ ਪਾਰ
ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਬੁੱਧਵਾਰ ਨੂੰ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਵਿਦੇਸ਼ੀ ਨਿਵੇਸ਼ਕਾਂ ਵੱਲੋਂ ਵੱਡੀ ਖਰੀਦਦਾਰੀ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਬੈਂਕਿੰਗ ਸ਼ੇਅਰਾਂ ਵਿੱਚ ਆਈ ਤੇਜ਼ੀ ਦੇ ਦਮ ’ਤੇ ਸੈਂਸੈਕਸ ਅਤੇ ਨਿਫਟੀ ਭਾਰੀ ਵਾਧੇ ਨਾਲ ਬੰਦ ਹੋਏ। ਸੈਂਸੈਕਸ ਵਿੱਚ 1,502 ਅੰਕਾਂ ਤੋਂ ਵੱਧ ਦਾ ਉਛਾਲ ਦਰਜ ਕੀਤਾ ਗਿਆ, ਜਦਕਿ ਨਿਫਟੀ 25,819 ਦੇ ਪੱਧਰ ’ਤੇ ਪਹੁੰਚ ਗਿਆ।
30 ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ 1,502.29 ਅੰਕ ਜਾਂ 1.82 ਫ਼ੀਸਦੀ ਦੀ ਤੇਜ਼ੀ ਨਾਲ 83,938.28 ਅੰਕਾਂ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ ਇੱਕ ਸਮੇਂ 2,062.22 ਅੰਕ ਜਾਂ 2.50 ਫ਼ੀਸਦੀ ਉਛਲ ਕੇ 84,498.21 ਦੇ ਪੱਧਰ ਤੱਕ ਪਹੁੰਚ ਗਿਆ ਸੀ।
ਇਸੇ ਤਰ੍ਹਾਂ 50 ਸ਼ੇਅਰਾਂ ਵਾਲਾ ਐੱਨ.ਐੱਸ.ਈ. ਨਿਫਟੀ 469.60 ਅੰਕ ਜਾਂ 1.85 ਫ਼ੀਸਦੀ ਦੇ ਵਾਧੇ ਨਾਲ 25,819.25 ’ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਨਿਫਟੀ 602 ਅੰਕ ਜਾਂ 2.37 ਫ਼ੀਸਦੀ ਚੜ੍ਹ ਕੇ 25,951.65 ਦੇ ਪੱਧਰ ਤੱਕ ਪਹੁੰਚ ਗਿਆ ਸੀ।
ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰਾਂ ’ਚ ਸਭ ਤੋਂ ਵੱਧ ਤੇਜ਼ੀ
ਸੈਂਸੈਕਸ ਦੀਆਂ ਪ੍ਰਮੁੱਖ ਕੰਪਨੀਆਂ ਵਿੱਚੋਂ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ 5.94 ਫ਼ੀਸਦੀ ਦਾ ਉਛਾਲ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਟ੍ਰੈਂਟ ਦੇ ਸ਼ੇਅਰ 3.59 ਫ਼ੀਸਦੀ, ਆਈ.ਸੀ.ਆਈ.ਸੀ.ਆਈ. ਬੈਂਕ 3.44 ਫ਼ੀਸਦੀ, ਇੰਟਰਗਲੋਬ ਐਵੀਏਸ਼ਨ 3.24 ਫ਼ੀਸਦੀ, ਐੱਚ.ਡੀ.ਐੱਫ.ਸੀ. ਬੈਂਕ 3.18 ਫ਼ੀਸਦੀ ਅਤੇ ਬਜਾਜ ਫਾਇਨਾਂਸ ਦੇ ਸ਼ੇਅਰ 3.04 ਫ਼ੀਸਦੀ ਚੜ੍ਹੇ।
ਦੂਜੇ ਪਾਸੇ ਟਾਟਾ ਸਟੀਲ, ਭਾਰਤੀ ਏਅਰਟੈੱਲ ਅਤੇ ਟਾਈਟਨ ਦੇ ਸ਼ੇਅਰ ਗਿਰਾਵਟ ਨਾਲ ਬੰਦ ਹੋਏ।
ਕੱਚੇ ਤੇਲ ਦੀਆਂ ਕੀਮਤਾਂ ’ਚ ਵੀ ਆਈ ਕਮੀ
ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਨਰਮੀ ਦੇਖਣ ਨੂੰ ਮਿਲੀ। ਬ੍ਰੈਂਟ ਕਰੂਡ 0.19 ਫ਼ੀਸਦੀ ਘਟ ਕੇ 91.38 ਅਮਰੀਕੀ ਡਾਲਰ ਪ੍ਰਤੀ ਬੈਰਲ ’ਤੇ ਆ ਗਿਆ। ਤੇਲ ਦੀਆਂ ਘਟਦੀਆਂ ਕੀਮਤਾਂ ਨੇ ਵੀ ਬਾਜ਼ਾਰ ਦੇ ਰੁਖ਼ ਨੂੰ ਸਹਾਰਾ ਦਿੱਤਾ।
ਵਿਦੇਸ਼ੀ ਨਿਵੇਸ਼ਕਾਂ ਨੇ ਕੀਤੀ 5,672 ਕਰੋੜ ਦੀ ਖਰੀਦਦਾਰੀ
ਐਕਸਚੇਂਜ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ 5,672.99 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ। ਵਿਦੇਸ਼ੀ ਨਿਵੇਸ਼ਕਾਂ ਦੀ ਇਸ ਖਰੀਦਦਾਰੀ ਨੂੰ ਬਾਜ਼ਾਰ ਵਿੱਚ ਆਈ ਤੇਜ਼ੀ ਦਾ ਇੱਕ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਕਾਰੋਬਾਰ ਬੰਦ ਰਿਹਾ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਬਾਜ਼ਾਰ ਨੇ ਜ਼ੋਰਦਾਰ ਵਾਪਸੀ ਦਰਜ ਕੀਤੀ।








