ਗਲ ਲੱਗੇ ਯਾਰ ਪੁਰਾਣੇ, ਮਿਟੇ ਦਿਲਾਂ ਦੇ ਗਿਲੇ-ਸ਼ਿਕਵੇ

74 ਮਹੀਨਿਆਂ ਬਾਅਦ ਮੁੜ ਜੁੜੇ ਅਕਾਲੀ ਦਲ ਤੇ ਭਾਜਪਾ ਦੇ ਸਿਆਸੀ ਤਾਰ, 2027 ਦੀਆਂ ਚੋਣਾਂ ਤੋਂ ਪਹਿਲਾਂ ਨਵੇਂ ਸਮੀਕਰਨ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡਾ ਸਿਆਸੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਾਲੇ ਕਰੀਬ 74 ਮਹੀਨਿਆਂ ਦੀ ਦੂਰੀ ਖ਼ਤਮ ਹੋ ਗਈ ਹੈ ਅਤੇ ਦੋਵੇਂ ਪਾਰਟੀਆਂ ਮੁੜ ਕੌਮੀ ਜਮਹੂਰੀ ਗੱਠਜੋੜ (ਐੱਨ.ਡੀ.ਏ.) ਵਿੱਚ ਇਕੱਠੀਆਂ ਹੋ ਗਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਏ ਇਸ ਸਿਆਸੀ ਮਿਲਾਪ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਦੋਵਾਂ ਪਾਰਟੀਆਂ ਦਾ ਰਿਸ਼ਤਾ ਲੰਬੇ ਸਮੇਂ ਤੋਂ ‘ਨਹੁੰ-ਮਾਸ’ ਵਾਲਾ ਰਿਹਾ ਹੈ, ਪਰ ਤਿੰਨ ਖੇਤੀ ਕਾਨੂੰਨਾਂ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਦੇ ਮੁੱਦੇ ’ਤੇ ਇਹ ਸਾਂਝ ਟੁੱਟ ਗਈ ਸੀ। 17 ਸਤੰਬਰ, 2020 ਨੂੰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਦਕਿ 26 ਸਤੰਬਰ, 2020 ਨੂੰ ਅਕਾਲੀ ਦਲ ਨੇ ਐੱਨ.ਡੀ.ਏ. ਨਾਲੋਂ ਆਪਣਾ ਨਾਤਾ ਤੋੜ ਲਿਆ ਸੀ।

ਹੁਣ ਮੁੜ ਇਕੱਠੇ ਹੋਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਨੇ ਭਾਜਪਾ ਨਾਲੋਂ ਗੱਠਜੋੜ ਤੋੜਿਆ ਸੀ, ਕੀ ਉਹ ਮਸਲੇ ਹੱਲ ਹੋ ਗਏ ਹਨ? ਸਿਆਸੀ ਮਾਹਿਰਾਂ ਅਨੁਸਾਰ ਪੰਜਾਬ ਦੇ ਕਿਸਾਨਾਂ, ਸਿੱਖ ਭਾਈਚਾਰੇ ਅਤੇ ਪੰਥਕ ਹਲਕਿਆਂ ਦੀ ਪ੍ਰਤੀਕਿਰਿਆ ਇਸ ਨਵੇਂ ਸਿਆਸੀ ਗੱਠਜੋੜ ਦੀ ਸਫ਼ਲਤਾ ਵਿੱਚ ਅਹਿਮ ਭੂਮਿਕਾ ਨਿਭਾਏਗੀ।

1996 ਦੀ ਮੋਗਾ ਕਨਵੈਨਸ਼ਨ ਤੋਂ ਮੁੜ ਮਿਲਾਪ ਤੱਕ ਦਾ ਸਫ਼ਰ

ਸ਼੍ਰੋਮਣੀ ਅਕਾਲੀ ਦਲ ਨੇ ਫਰਵਰੀ 1996 ਵਿੱਚ ਆਪਣੀ 75ਵੀਂ ਵਰ੍ਹੇਗੰਢ ਮੌਕੇ ਮੋਗਾ ਕਨਵੈਨਸ਼ਨ ਰਾਹੀਂ ਭਾਜਪਾ ਨਾਲ ਰਸਮੀ ਗੱਠਜੋੜ ਦਾ ਐਲਾਨ ਕੀਤਾ ਸੀ। ਇਸ ਸਾਂਝ ਦਾ ਮੁੱਖ ਆਧਾਰ ਪੰਜਾਬ ਦੀ ਸਿਆਸਤ ਵਿੱਚ ਸਥਿਰਤਾ ਅਤੇ ਕਾਂਗਰਸ ਵਿਰੋਧੀ ਸਿਆਸੀ ਧਿਰਾਂ ਨੂੰ ਇਕਜੁੱਟ ਕਰਨਾ ਸੀ।

ਹਾਲਾਂਕਿ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਅਤੇ ਜਨਸੰਘ ਵਿਚਾਲੇ ਸਿਆਸੀ ਸਾਂਝ ਰਹੀ ਸੀ। 1967 ਅਤੇ 1969 ਵਿੱਚ ਜਨਸੰਘ ਦੇ ਵਿਧਾਇਕਾਂ ਦੇ ਸਹਿਯੋਗ ਨਾਲ ਗ਼ੈਰ-ਕਾਂਗਰਸੀ ਸਰਕਾਰਾਂ ਬਣੀਆਂ। ਇਸੇ ਤਰ੍ਹਾਂ 1977 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਜਨਤਾ ਪਾਰਟੀ ਦੇ ਸਹਿਯੋਗ ਨਾਲ ਸਰਕਾਰ ਬਣੀ ਸੀ।

ਚੋਣਾਂ ਵਿੱਚ ਗੱਠਜੋੜ ਦਾ ਪ੍ਰਦਰਸ਼ਨ

1996 ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਨੇ ਮਿਲ ਕੇ ਪੰਜਾਬ ਦੀ ਸਿਆਸਤ ਵਿੱਚ ਲੰਮਾ ਸਮਾਂ ਆਪਣਾ ਦਬਦਬਾ ਬਣਾਈ ਰੱਖਿਆ।

  • 1997: ਗੱਠਜੋੜ ਨੇ 93 ਸੀਟਾਂ ਜਿੱਤੀਆਂ। ਅਕਾਲੀ ਦਲ ਨੂੰ 75 ਅਤੇ ਭਾਜਪਾ ਨੂੰ 18 ਸੀਟਾਂ ਮਿਲੀਆਂ।
  • 2007: ਅਕਾਲੀ ਦਲ ਨੇ 48 ਅਤੇ ਭਾਜਪਾ ਨੇ 19 ਸੀਟਾਂ ਜਿੱਤ ਕੇ ਸਰਕਾਰ ਬਣਾਈ।
  • 2012: ਗੱਠਜੋੜ ਨੇ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ। ਅਕਾਲੀ ਦਲ ਨੂੰ 56 ਅਤੇ ਭਾਜਪਾ ਨੂੰ 12 ਸੀਟਾਂ ਮਿਲੀਆਂ।
  • 2017: ਗੱਠਜੋੜ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਅਕਾਲੀ ਦਲ 15 ਅਤੇ ਭਾਜਪਾ 3 ਸੀਟਾਂ ’ਤੇ ਸਿਮਟ ਗਈ।
  • 2022: ਵੱਖ-ਵੱਖ ਚੋਣ ਲੜਨ ਕਾਰਨ ਅਕਾਲੀ ਦਲ ਨੂੰ 3 ਅਤੇ ਭਾਜਪਾ ਨੂੰ 2 ਸੀਟਾਂ ਮਿਲੀਆਂ।
  • 2024: ਲੋਕ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਵਿੱਚ ਕੋਈ ਸੀਟ ਨਹੀਂ ਜਿੱਤ ਸਕੀ, ਜਦਕਿ ਅਕਾਲੀ ਦਲ ਸਿਰਫ਼ ਬਠਿੰਡਾ ਸੀਟ ਜਿੱਤਣ ਵਿੱਚ ਕਾਮਯਾਬ ਰਿਹਾ।

ਸੀਟਾਂ ਦੀ ਵੰਡ ਬਣੇਗੀ ਗੱਠਜੋੜ ਲਈ ਵੱਡੀ ਚੁਣੌਤੀ

ਮੁੜ ਗੱਠਜੋੜ ਹੋਣ ਦੇ ਬਾਵਜੂਦ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਦਾ ਮੁੱਦਾ ਕਾਫ਼ੀ ਅਹਿਮ ਰਹੇਗਾ। ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ 94:23 ਦਾ ਸੀਟ ਵੰਡ ਫਾਰਮੂਲਾ ਚੱਲਦਾ ਰਿਹਾ ਸੀ। ਪਰ ਹੁਣ ਸਿਆਸੀ ਹਾਲਾਤ ਬਦਲ ਚੁੱਕੇ ਹਨ।

ਭਾਜਪਾ ਨੇ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਕਰਕੇ ਹੁਣ ਪਾਰਟੀ ਵੱਲੋਂ 44 ਤੋਂ 46 ਸੀਟਾਂ ਤੱਕ ਦੀ ਮੰਗ ਰੱਖੇ ਜਾਣ ਦੀ ਚਰਚਾ ਹੈ। ਇਹ ਮੰਗ ਪੁਰਾਣੇ ਸੀਟ ਵੰਡ ਫਾਰਮੂਲੇ ਦੇ ਮੁਕਾਬਲੇ ਕਾਫ਼ੀ ਵੱਡੀ ਹੈ।

ਦੂਜੇ ਪਾਸੇ, ਅਕਾਲੀ ਦਲ ਲਈ ਵੀ ਆਪਣੀ ਰਵਾਇਤੀ ਸਿਆਸੀ ਪਕੜ ਅਤੇ ਸੀਨੀਅਰ ਭਾਈਵਾਲ ਵਾਲੀ ਭੂਮਿਕਾ ਨੂੰ ਬਰਕਰਾਰ ਰੱਖਣਾ ਵੱਡੀ ਚੁਣੌਤੀ ਹੋਵੇਗੀ।

ਪ੍ਰਧਾਨ ਮੰਤਰੀ ਮੋਦੀ ਦੀ ਦਿਲਚਸਪੀ ਨਾਲ ਪਿਘਲੀ ਬਰਫ਼

ਦੋਵਾਂ ਪਾਰਟੀਆਂ ਵਿਚਾਲੇ ਮੁੜ ਨੇੜਤਾ ਬਣਨ ਦੀ ਪ੍ਰਕਿਰਿਆ ਕਾਫ਼ੀ ਸਮਾਂ ਪਹਿਲਾਂ ਸ਼ੁਰੂ ਹੋ ਗਈ ਸੀ। 27 ਅਪ੍ਰੈਲ, 2023 ਨੂੰ ਭਾਜਪਾ ਦੇ ਤਤਕਾਲੀ ਪ੍ਰਧਾਨ ਜੇ.ਪੀ. ਨੱਢਾ ਦਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਾ ਇਸ ਦਿਸ਼ਾ ਵਿੱਚ ਅਹਿਮ ਘਟਨਾ ਮੰਨੀ ਗਈ ਸੀ।

ਇਸ ਤੋਂ ਇਲਾਵਾ ਐੱਨ.ਡੀ.ਏ. ਦੀਆਂ ਮੀਟਿੰਗਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਅਤੇ ਬਾਲ ਠਾਕਰੇ ਵਰਗੇ ਪੁਰਾਣੇ ਸਹਿਯੋਗੀਆਂ ਨੂੰ ਯਾਦ ਕਰਨਾ ਵੀ ਦੋਵਾਂ ਧਿਰਾਂ ਵਿਚਾਲੇ ਬਰਫ਼ ਪਿਘਲਣ ਦਾ ਸੰਕੇਤ ਮੰਨਿਆ ਗਿਆ। ਸਿਆਸੀ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਦਿਲਚਸਪੀ ਨੇ ਇਸ ਮੁੜ ਮਿਲਾਪ ਵਿੱਚ ਅਹਿਮ ਭੂਮਿਕਾ ਨਿਭਾਈ।

ਪੰਜਾਬ ਦੀ ਸਿਆਸਤ ਵਿੱਚ ਨਵਾਂ ਸਿਆਸੀ ਧਰੁਵੀਕਰਨ?

ਅਕਾਲੀ ਦਲ ਅਤੇ ਭਾਜਪਾ ਦਾ ਮੁੜ ਇਕੱਠੇ ਹੋਣਾ ਆਗਾਮੀ ਵਿਧਾਨ ਸਭਾ ਚੋਣਾਂ ਲਈ ਨਵੇਂ ਸਿਆਸੀ ਸਮੀਕਰਨ ਪੈਦਾ ਕਰ ਸਕਦਾ ਹੈ। ਇੱਕ ਪਾਸੇ ਭਾਜਪਾ ਨੂੰ ਅਕਾਲੀ ਦਲ ਦੇ ਰਵਾਇਤੀ ਪੇਂਡੂ ਅਤੇ ਪੰਥਕ ਵੋਟ ਆਧਾਰ ਦਾ ਲਾਭ ਮਿਲਣ ਦੀ ਉਮੀਦ ਹੋਵੇਗੀ, ਜਦਕਿ ਦੂਜੇ ਪਾਸੇ ਅਕਾਲੀ ਦਲ ਨੂੰ ਭਾਜਪਾ ਦੇ ਕੌਮੀ ਸਿਆਸੀ ਪ੍ਰਭਾਵ ਅਤੇ ਸੰਗਠਨਾਤਮਕ ਤਾਕਤ ਦਾ ਸਹਾਰਾ ਮਿਲ ਸਕਦਾ ਹੈ।

ਹਾਲਾਂਕਿ ਕਿਸਾਨ ਅੰਦੋਲਨ ਦੀਆਂ ਯਾਦਾਂ, ਖੇਤੀਬਾੜੀ ਨਾਲ ਜੁੜੇ ਮੁੱਦੇ, ਪੰਜਾਬ ਦੇ ਹੱਕਾਂ ਅਤੇ ਸਿੱਖ ਭਾਈਚਾਰੇ ਵਿੱਚ ਮੌਜੂਦ ਤੌਖਲੇ ਇਸ ਗੱਠਜੋੜ ਦੀ ਅਸਲ ਪਰਖ ਕਰਨਗੇ।

ਹੁਣ ਦੇਖਣਾ ਇਹ ਹੋਵੇਗਾ ਕਿ 1996 ਵਿੱਚ ਸ਼ੁਰੂ ਹੋਈ ਸਿਆਸੀ ਸਾਂਝ ਦਾ ਇਹ ਨਵਾਂ ਅਧਿਆਇ ਪੰਜਾਬ ਦੀ ਸਿਆਸਤ ਵਿੱਚ ਮੁੜ ਸੱਤਾ ਤੱਕ ਪਹੁੰਚਣ ਦਾ ਰਾਹ ਖੋਲ੍ਹਦਾ ਹੈ ਜਾਂ ਦੋਵਾਂ ਪਾਰਟੀਆਂ ਲਈ ਨਵੀਆਂ ਸਿਆਸੀ ਚੁਣੌਤੀਆਂ ਖੜ੍ਹੀਆਂ ਕਰਦਾ ਹੈ।