ਇਹ ਘਟਨਾਕ੍ਰਮ ਸ਼ਾਇਦ ਜਾਣਿਆ-ਪਛਾਣਿਆ ਲੱਗੇ: ਦੁਨੀਆ ਦੀਆਂ ਸਭ ਤੋਂ ਵੱਡੀਆਂ ਅਤੇ ਪ੍ਰਭਾਵਸ਼ਾਲੀ ਤਕਨੀਕੀ ਕੰਪਨੀਆਂ ਵਿੱਚੋਂ ਇੱਕ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਜਿਨਸੀ ਦੁਰਵਿਹਾਰ ਦੇ ਦੋਸ਼ਾਂ ਕਾਰਨ ਅਸਤੀਫ਼ਾ ਦੇਣ ਲਈ ਮਜਬੂਰ ਹੋ ਜਾਂਦਾ ਹੈ। ਇਸ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ਵਿੱਚ 10 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਉਂਦੀ ਹੈ ਅਤੇ ਉਸ ਦੇ ਬਾਜ਼ਾਰੀ ਮੁੱਲ ਨੂੰ ਅਰਬਾਂ ਡਾਲਰਾਂ ਦਾ ਝਟਕਾ ਲੱਗਦਾ ਹੈ। ਇਸ ਦੇ ਨਾਲ ਹੀ ਡਾਇਰੈਕਟਰ ਬੋਰਡ ਦੀ ਭੂਮਿਕਾ ਅਤੇ ਉਸ ਦੀ ਫ਼ੈਸਲਾ ਲੈਣ ਦੀ ਸਮਰੱਥਾ ’ਤੇ ਵੀ ਸਵਾਲ ਉੱਠਣ ਲੱਗਦੇ ਹਨ ਕਿ ਕੀ ਸੰਕਟ ਪੈਦਾ ਹੋਣ ਤੋਂ ਪਹਿਲਾਂ ਬੋਰਡ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਈ ਸੀ।
ਇਹ ਹਾਲਾਤ ‘ਐੱਨਵੀਡੀਆ’ (Nvidia) ਦੇ ਸੀ.ਈ.ਓ. ਜੇਨਸਨ ਹੁਆਂਗ ਨੂੰ ਅਹੁਦੇ ਤੋਂ ਹਟਾਏ ਜਾਣ ਮਗਰੋਂ ਪੈਦਾ ਹੋਈ ਸਥਿਤੀ ਨਾਲ ਮਿਲਦੇ-ਜੁਲਦੇ ਜਾਪਦੇ ਹਨ। ਹਾਲਾਂਕਿ, ਅਜਿਹਾ ਹੀ ਘਟਨਾਕ੍ਰਮ ਲਗਪਗ 15 ਸਾਲ ਪਹਿਲਾਂ ਤਕਨੀਕੀ ਕੰਪਨੀ ‘ਹਿਊਲੇਟ ਪੈਕਰਡ’ (HP) ਵਿੱਚ ਵੀ ਵਾਪਰਿਆ ਸੀ, ਜਦੋਂ ਉਸ ਦੇ ਤਤਕਾਲੀ ਸੀ.ਈ.ਓ. ਮਾਰਕ ਹਰਡ ਨੂੰ ਅਹੁਦਾ ਛੱਡਣਾ ਪਿਆ ਸੀ।
ਜੇਨਸਨ ਹੁਆਂਗ ਨਿੱਜੀ ਦੁਰਵਿਹਾਰ ਦੇ ਦੋਸ਼ਾਂ ਕਾਰਨ ਅਹੁਦਾ ਗੁਆਉਣ ਵਾਲੇ ਸੀ.ਈ.ਓਜ਼ ਦੀ ਸੂਚੀ ਵਿੱਚ ਤਾਜ਼ਾ ਨਾਮ ਹਨ। ਐੱਚ.ਪੀ. ਦੇ ਮਾਮਲੇ ਵਾਂਗ ਹੁਣ ਚਰਚਾ ਦਾ ਕੇਂਦਰ ਹੁਆਂਗ ਦੇ ਵਿਵਹਾਰ ਤੋਂ ਹਟ ਕੇ ਕੰਪਨੀ ਦੇ ਡਾਇਰੈਕਟਰ ਬੋਰਡ ਅਤੇ ਉਸ ਦੇ ਫ਼ੈਸਲਿਆਂ ਵੱਲ ਮੁੜ ਗਿਆ ਹੈ। ਓਪਨਏਆਈ ਦੇ ਪੀਟਰ ਸਟੀਨਬਰਗਰ, ਐਂਡੂਰਿਲ ਇੰਡਸਟਰੀਜ਼ ਦੇ ਪਾਮਰ ਲੱਕੀ, ਐਲੋਨ ਮਸਕ, ਰੈਪਲਿਟ ਦੇ ਅਮਜਦ ਮਸਦ, ਐਪਿਕ ਗੇਮਜ਼ ਦੇ ਟਿਮ ਸਵੀਨੀ ਅਤੇ ਵਾਈ-ਕੰਬੀਨੇਟਰ ਦੇ ਗੈਰੀ ਟੈਨ ਸਮੇਤ ਕਈ ਪ੍ਰਮੁੱਖ ਉਦਯੋਗਪਤੀ ਬੋਰਡ ਦੇ ਇਸ ਫ਼ੈਸਲੇ ’ਤੇ ਸਵਾਲ ਉਠਾ ਰਹੇ ਹਨ। ਇਸੇ ਦੌਰਾਨ ਐੱਨਵੀਡੀਆ ਦੇ 1,600 ਤੋਂ ਵੱਧ ਮੁਲਾਜ਼ਮਾਂ ਵੱਲੋਂ ਦਸਤਖ਼ਤ ਕੀਤੀ ਗਈ ਅੰਦਰੂਨੀ ਪਟੀਸ਼ਨ ਰਾਹੀਂ ਜੇਨਸਨ ਹੁਆਂਗ ਦੀ ਮੁੜ ਬਹਾਲੀ ਦੀ ਮੰਗ ਵੀ ਕੀਤੀ ਗਈ ਹੈ।
ਦੁਰਵਿਹਾਰ ਦੀ ਕੀਮਤ ਅਤੇ ਬੋਰਡ ਦੀ ਜਵਾਬਦੇਹੀ
ਕਾਰਪੋਰੇਟ ਦੁਰਵਿਹਾਰ ਦੇ ਮੁੱਦੇ ’ਤੇ 1995 ਤੋਂ ਖੋਜ ਕਰ ਰਹੇ ਇੱਕ ਪ੍ਰਬੰਧਨ ਮਾਹਿਰ ਵਜੋਂ ਮੇਰਾ ਮੰਨਣਾ ਹੈ ਕਿ ਬੋਰਡ ਨੇ ਸਹੀ ਫ਼ੈਸਲਾ ਲਿਆ ਹੈ। ਖੋਜ ਦਰਸਾਉਂਦੀ ਹੈ ਕਿ ਅਜਿਹੇ ਮਾਮਲਿਆਂ ਵਿੱਚ ਬੋਰਡ ਵੱਲੋਂ ਚੁੱਪ ਧਾਰਨ ਕਰਨਾ ਜਾਂ ਕਾਰਵਾਈ ਨਾ ਕਰਨਾ ਕਈ ਵਾਰ ਸਖ਼ਤ ਕਦਮ ਚੁੱਕਣ ਨਾਲੋਂ ਵੀ ਵੱਧ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਕਿਸੇ ਸੀ.ਈ.ਓ. ਦਾ ਨਿੱਜੀ ਦੁਰਵਿਹਾਰ ਸਿਰਫ਼ ਉਸ ਦਾ ਨਿੱਜੀ ਮਾਮਲਾ ਨਹੀਂ ਹੁੰਦਾ, ਸਗੋਂ ਇਸ ਨਾਲ ਕੰਪਨੀ ਦੀ ਸਾਖ਼ ਅਤੇ ਕਾਰਪੋਰੇਟ ਸ਼ਾਸਨ ਪ੍ਰਣਾਲੀ (Corporate Governance) ਲਈ ਵੀ ਗੰਭੀਰ ਜੋਖ਼ਮ ਪੈਦਾ ਹੁੰਦੇ ਹਨ। ਹਾਲਾਂਕਿ, ਜਦੋਂ ਸੀ.ਈ.ਓ. ਖ਼ੁਦ ਕੰਪਨੀ ਦਾ ਸੰਸਥਾਪਕ ਹੋਵੇ ਅਤੇ ਉਸ ਦੀ ਅਗਵਾਈ ਕੰਪਨੀ ਦੀ ਅਰਬਾਂ ਡਾਲਰਾਂ ਦੀ ਕਮਾਈ ਨਾਲ ਜੁੜੀ ਹੋਵੇ, ਤਾਂ ਬੋਰਡ ਲਈ ਉਸ ਵਿਰੁੱਧ ਸਖ਼ਤ ਕਾਰਵਾਈ ਕਰਨਾ ਆਸਾਨ ਨਹੀਂ ਹੁੰਦਾ।
ਮੀਡੀਆ ਅਤੇ ਜਨਤਕ ਨਿਗਰਾਨੀ ਵਧਣ ਕਾਰਨ ਹੁਣ ਕੰਪਨੀਆਂ ਦੇ ਬੋਰਡ ਅਜਿਹੇ ਮਾਮਲਿਆਂ ਨੂੰ ਪਹਿਲਾਂ ਨਾਲੋਂ ਵਧੇਰੇ ਗੰਭੀਰਤਾ ਨਾਲ ਲੈਣ ਲੱਗੇ ਹਨ। ਖੋਜ ਮੁਤਾਬਕ ਜਿਨ੍ਹਾਂ ਕੰਪਨੀਆਂ ਦੇ ਸੀ.ਈ.ਓ. ਦੁਰਵਿਹਾਰ ਵਿੱਚ ਸ਼ਾਮਲ ਪਾਏ ਜਾਂਦੇ ਹਨ, ਉਨ੍ਹਾਂ ਦੇ ਡਾਇਰੈਕਟਰਾਂ ਨੂੰ ਵੀ ਆਪਣੀ ਸਾਖ਼ ਅਤੇ ਅਹੁਦੇ ਗੁਆਉਣੇ ਪੈ ਸਕਦੇ ਹਨ।
ਇਸ ਦੀ ਇੱਕ ਅਹਿਮ ਮਿਸਾਲ ‘ਬੈਸਟ ਬਾਏ’ (Best Buy) ਦੇ ਸੰਸਥਾਪਕ ਰਿਚਰਡ ਸ਼ੁਲਜ਼ ਹਨ। ਉਨ੍ਹਾਂ ਨੂੰ 2012 ਵਿੱਚ ਕੰਪਨੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਕਿਉਂਕਿ ਉਨ੍ਹਾਂ ਨੇ ਕੰਪਨੀ ਦੇ ਸਾਬਕਾ ਸੀ.ਈ.ਓ. ਬ੍ਰਾਇਨ ਡਨ ਦੇ ਇੱਕ ਮਹਿਲਾ ਮੁਲਾਜ਼ਮ ਨਾਲ ਨਾਜਾਇਜ਼ ਸਬੰਧਾਂ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਇਸ ਦੀ ਰਿਪੋਰਟ ਨਹੀਂ ਕੀਤੀ ਸੀ। ਐੱਨਵੀਡੀਆ ਦੇ ਮਾਮਲੇ ਵਿੱਚ ਵੀ ਹੁਣ ਬੋਰਡ ਦੀ ਨਿਗਰਾਨੀ ਪ੍ਰਣਾਲੀ, ਉੱਤਰਾਧਿਕਾਰੀ ਦੀ ਯੋਜਨਾ ਦੀ ਘਾਟ ਅਤੇ ਸੰਭਾਵੀ ਕੌਮੀ ਸੁਰੱਖਿਆ ਜੋਖ਼ਮਾਂ ਨੂੰ ਲੈ ਕੇ ਸਵਾਲ ਉੱਠ ਰਹੇ ਹਨ।
ਇਸ ਸੰਦਰਭ ਵਿੱਚ ‘ਨੈਤਿਕ ਜੋਖ਼ਮ’ (Moral Hazard) ਦਾ ਮੁੱਦਾ ਵੀ ਮਹੱਤਵਪੂਰਨ ਹੈ। ਜਦੋਂ ਬੋਰਡ ਕਿਸੇ ਗ਼ਲਤੀ ਕਰਨ ਵਾਲੇ ਸੀ.ਈ.ਓ. ਨੂੰ ਜਵਾਬਦੇਹ ਠਹਿਰਾਉਣ ਦੀ ਬਜਾਏ ਉਸ ਨੂੰ ਛੋਟ ਦੇ ਦਿੰਦਾ ਹੈ, ਤਾਂ ਇਸ ਨਾਲ ਉਸ ਦੇ ਵਿਵਹਾਰ ਨੂੰ ਹੋਰ ਹੱਲਾਸ਼ੇਰੀ ਮਿਲ ਸਕਦੀ ਹੈ ਅਤੇ ਭਵਿੱਖ ਵਿੱਚ ਉਸ ਤੋਂ ਹੋਰ ਗੰਭੀਰ ਗ਼ਲਤੀਆਂ ਹੋਣ ਦਾ ਖ਼ਦਸ਼ਾ ਵਧ ਜਾਂਦਾ ਹੈ। ਅਮਰੀਕਨ ਏਅਰਲਾਈਨਜ਼ ਦੇ ਸਾਬਕਾ ਸੀ.ਈ.ਓ. ਡੱਗ ਪਾਰਕਰ, ਜਿਨ੍ਹਾਂ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋ ਮਾਮਲੇ ਸਾਹਮਣੇ ਆਏ ਸਨ, ਅਤੇ ਰੱਖਿਆ ਤਕਨਾਲੋਜੀ ਕੰਪਨੀ ਐੱਲ-3 ਹੈਰਿਸ ਟੈਕਨਾਲੋਜੀਜ਼ ਦੇ ਕ੍ਰਿਸਟੋਫਰ ਕੁਬਾਸਿਕ, ਜਿਨ੍ਹਾਂ ਨੂੰ ਪਹਿਲਾਂ ਲੌਕਹੀਡ ਮਾਰਟਿਨ ਵਿੱਚੋਂ ਵੀ ਇਸੇ ਤਰ੍ਹਾਂ ਦੇ ਦੋਸ਼ਾਂ ਕਾਰਨ ਹਟਾਇਆ ਗਿਆ ਸੀ, ਇਸ ਦੀਆਂ ਉਦਾਹਰਣਾਂ ਹਨ।
ਐੱਨਵੀਡੀਆ ਦੇ ਮਾਮਲੇ ਵਿੱਚ ਦੋਸ਼ ਹੈ ਕਿ ਜੇਨਸਨ ਹੁਆਂਗ ਨੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਆਪਣੇ ਨਿੱਜੀ ਸਬੰਧਾਂ ਬਾਰੇ ਕੰਪਨੀ ਦੇ ਅਧਿਕਾਰੀਆਂ ਨਾਲ ਗ਼ਲਤ ਜਾਣਕਾਰੀ ਸਾਂਝੀ ਕੀਤੀ। ਬੋਰਡ ਦੇ ਨਜ਼ਰੀਏ ਤੋਂ ਇਹ ਸਵਾਲ ਅਹਿਮ ਬਣ ਜਾਂਦਾ ਹੈ ਕਿ ਜੇਕਰ ਕੋਈ ਸੀ.ਈ.ਓ. ਅਜਿਹੇ ਮਾਮਲੇ ਵਿੱਚ ਸੱਚਾਈ ਲੁਕਾ ਸਕਦਾ ਹੈ, ਤਾਂ ਭਵਿੱਖ ਵਿੱਚ ਉਸ ਦੇ ਹੋਰ ਫ਼ੈਸਲਿਆਂ ’ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ?
ਕੰਪਨੀ ਦੇ ਅੰਦਰੂਨੀ ਸੱਭਿਆਚਾਰ ’ਤੇ ਵੀ ਉੱਠਦੇ ਹਨ ਸਵਾਲ
ਕਿਸੇ ਸੀ.ਈ.ਓ. ਦਾ ਨਿੱਜੀ ਦੁਰਵਿਹਾਰ ਕਈ ਵਾਰ ਕੰਪਨੀ ਦੇ ਅੰਦਰੂਨੀ ਸੱਭਿਆਚਾਰ ਵਿੱਚ ਆਈ ਗਿਰਾਵਟ ਅਤੇ ਹੋਰ ਪ੍ਰਬੰਧਕੀ ਬੇਨਿਯਮੀਆਂ ਦਾ ਸੰਕੇਤ ਵੀ ਹੋ ਸਕਦਾ ਹੈ। ਮਿਸਾਲ ਵਜੋਂ, ‘ਅਮਰੀਕਨ ਅਪੈਰਲ’ ਦੇ ਸੀ.ਈ.ਓ. ਡੋਵ ਚਾਰਨੀ ਦੇ ਕਾਰਜਕਾਲ ਦੌਰਾਨ ਜਿਨਸੀ ਸ਼ੋਸ਼ਣ ਅਤੇ ਦੁਰਵਿਹਾਰ ਦੇ ਦੋਸ਼ਾਂ ਦੇ ਨਾਲ-ਨਾਲ ਕੰਪਨੀ ਵਿੱਚ ਵਿੱਤੀ ਬੇਨਿਯਮੀਆਂ ਦੇ ਮਾਮਲੇ ਵੀ ਸਾਹਮਣੇ ਆਏ ਸਨ।
ਇਸੇ ਤਰ੍ਹਾਂ ਐੱਨਵੀਡੀਆ ਦੇ ਮਾਮਲੇ ਵਿੱਚ ਵੀ ਹੁਣ ਕੰਪਨੀ ਦੇ ਸੰਗਠਨਾਤਮਕ ਸੱਭਿਆਚਾਰ, ਵਿੱਤੀ ਲੈਣ-ਦੇਣ ਅਤੇ ਚੀਨ ਨੂੰ ਚਿੱਪਾਂ ਦੀ ਸਪਲਾਈ ਸਬੰਧੀ ਅਮਰੀਕੀ ਪਾਬੰਦੀਆਂ ਦੀ ਸੰਭਾਵੀ ਉਲੰਘਣਾ ਵਰਗੇ ਮੁੱਦਿਆਂ ਦੀ ਜਾਂਚ ਅਤੇ ਸਮੀਖਿਆ ਵੱਲ ਧਿਆਨ ਦਿੱਤਾ ਜਾ ਰਿਹਾ ਹੈ।
ਫ਼ਿਲਹਾਲ ਜਨਤਕ ਚਰਚਾ ਦਾ ਵੱਡਾ ਹਿੱਸਾ ਇਸ ਸਵਾਲ ’ਤੇ ਕੇਂਦਰਿਤ ਹੈ ਕਿ ਜੇਨਸਨ ਹੁਆਂਗ ਤੋਂ ਬਿਨਾਂ ਐੱਨਵੀਡੀਆ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ। ਪਰ ਇਸ ਦੇ ਨਾਲ ਹੀ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਅਜਿਹੇ ਸੀ.ਈ.ਓ. ਨੂੰ ਅਹੁਦੇ ’ਤੇ ਬਣਾਈ ਰੱਖਣ ਨਾਲ ਕੰਪਨੀ ਦੀ ਭਰੋਸੇਯੋਗਤਾ ਕਿੰਨੇ ਵੱਡੇ ਜੋਖ਼ਮ ਵਿੱਚ ਪੈ ਸਕਦੀ ਹੈ।
ਮਹਾਨ ਨਿਵੇਸ਼ਕ ਵਾਰਨ ਬਫੇਟ ਦੀ ਇਹ ਗੱਲ ਇਸ ਸੰਦਰਭ ਵਿੱਚ ਖ਼ਾਸ ਮਹੱਤਵ ਰੱਖਦੀ ਹੈ ਕਿ ਜਦੋਂ ਯੋਗ ਅਤੇ ਬੁੱਧੀਮਾਨ ਲੋਕ ਵੀ ਸਹੀ-ਗ਼ਲਤ ਵਿਚਕਾਰਲੇ ਫ਼ਰਕ ਨੂੰ ਨਜ਼ਰਅੰਦਾਜ਼ ਕਰਕੇ ਗ਼ਲਤ ਰਾਹ ਅਪਣਾ ਲੈਂਦੇ ਹਨ, ਤਾਂ ਉਨ੍ਹਾਂ ਨੂੰ ਜਵਾਬਦੇਹ ਠਹਿਰਾਉਣਾ ਅਤੇ ਸੰਸਥਾ ਦੇ ਹਿੱਤਾਂ ਦੀ ਰਾਖੀ ਕਰਨਾ ਬੋਰਡ ਦੀ ਮੁੱਢਲੀ ਜ਼ਿੰਮੇਵਾਰੀ ਬਣ ਜਾਂਦੀ ਹੈ।








