ਕੈਨੇਡਾ ਦੇ 25 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ’ਚ ਗੋਲਡੀ ਬਰਾੜ ਸਭ ਤੋਂ ਉੱਪਰ

ਕੈਨੇਡਾ ਦੇ 25 ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ’ਚ ਗੋਲਡੀ ਬਰਾੜ ਪਹਿਲੇ ਨੰਬਰ ’ਤੇ, ਗ੍ਰਿਫ਼ਤਾਰੀ ਲਈ 2.5 ਲੱਖ ਡਾਲਰ ਦਾ ਇਨਾਮ

ਕੈਨੇਡਾ ਦੀਆਂ ਸਭ ਤੋਂ ਵੱਧ ਲੋੜੀਂਦੇ 25 ਭਗੌੜਿਆਂ ਦੀ ਨਵੀਂ ਸੂਚੀ ਵਿੱਚ ਗੈਂਗਸਟਰ ਗੋਲਡੀ ਬਰਾੜ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ। ਲਾਰੈਂਸ ਬਿਸ਼ਨੋਈ ਗਰੋਹ ਨਾਲ ਕਥਿਤ ਤੌਰ ’ਤੇ ਜੁੜਿਆ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਵਿਨੀਪੈੱਗ ਵਿੱਚ 2023 ਦੌਰਾਨ ਹੋਏ ਕਤਲ ਦੇ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦਾ ਹੈ। ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੀ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 2.5 ਲੱਖ ਕੈਨੇਡੀਅਨ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।

ਬੋਲੋ (BOLO – Be On the Lookout) ਪ੍ਰੋਗਰਾਮ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋੜੀਂਦੇ ਮੁਲਜ਼ਮਾਂ ਦੇ ਨਾਂ ਸ਼ਾਮਲ ਹਨ। ਇਸ ਵਾਰ ਲੋਕਾਂ ਤੱਕ ਇਨ੍ਹਾਂ ਦੀ ਪਛਾਣ ਪਹੁੰਚਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਸਹਾਇਤਾ ਨਾਲ ਤਿਆਰ ਕੀਤੇ ਮਨੁੱਖੀ ਚਿਹਰਿਆਂ ਵਰਗੇ ਡਿਜੀਟਲ ਮਾਡਲ ਅਤੇ ਵੀਡੀਓ ਵੀ ਜਾਰੀ ਕੀਤੇ ਗਏ ਹਨ।

ਵਿਨੀਪੈੱਗ ਵਿੱਚ ਕਤਲ ਦੇ ਮਾਮਲੇ ’ਚ ਲੋੜੀਂਦਾ ਹੈ ਗੋਲਡੀ ਬਰਾੜ

ਵਿਨੀਪੈੱਗ ਪੁਲੀਸ ਮੁਤਾਬਕ 20 ਸਤੰਬਰ 2023 ਨੂੰ ਸ਼ਹਿਰ ਦੇ ਕੈਸਲਬਰੀ ਮੀਡੋਜ਼ ਇਲਾਕੇ ਵਿੱਚ ਹੋਈ ਗੋਲ਼ੀਬਾਰੀ ਦੌਰਾਨ 39 ਸਾਲਾ ਸੁਖਦੂਲ ਸਿੰਘ ਗਿੱਲ ਦੀ ਮੌਤ ਹੋ ਗਈ ਸੀ। ਇਸ ਘਟਨਾ ਦੀ ਜਾਂਚ ਲਈ ਪੁਲੀਸ ਵੱਲੋਂ ‘ਪ੍ਰੋਜੈਕਟ ਕ੍ਰੇਟ’ ਸ਼ੁਰੂ ਕੀਤਾ ਗਿਆ ਸੀ।

ਜਾਂਚ ਦੇ ਆਧਾਰ ’ਤੇ ਗੋਲਡੀ ਬਰਾੜ ਅਤੇ ਉਸ ਦੇ ਕਥਿਤ ਸਾਥੀ 26 ਸਾਲਾ ਕਰਨਬੀਰ ਸਿੰਘ ਵਿਰੁੱਧ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਦੋਵੇਂ ਮੁਲਜ਼ਮ ਅਜੇ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਵਿਨੀਪੈੱਗ ਪੁਲੀਸ ਦੇ ਡਿਪਟੀ ਚੀਫ਼ ਕੈਮ ਮੈਕਕਿਡ ਨੇ ਗੋਲਡੀ ਬਰਾੜ ਨੂੰ ਬੇਹੱਦ ਖ਼ਤਰਨਾਕ ਵਿਅਕਤੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨਾਲ ਕਥਿਤ ਤੌਰ ’ਤੇ ਜੁੜੀਆਂ ਅਪਰਾਧਿਕ ਗਤੀਵਿਧੀਆਂ ਦਾ ਪ੍ਰਭਾਵ ਕਿਸੇ ਇੱਕ ਸ਼ਹਿਰ ਜਾਂ ਦੇਸ਼ ਤੱਕ ਸੀਮਤ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ ਅਤੇ ਖ਼ੁਦ ਉਸ ਨੂੰ ਫੜਨ ਦੀ ਕੋਸ਼ਿਸ਼ ਨਾ ਕਰਨ ਦੀ ਅਪੀਲ ਕੀਤੀ ਹੈ।

FBI ਦੀ ਮੋਸਟ ਵਾਂਟੇਡ ਸੂਚੀ ’ਚ ਵੀ ਆ ਚੁੱਕਾ ਹੈ ਨਾਂ

ਗੋਲਡੀ ਬਰਾੜ ਦਾ ਨਾਂ ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫਬੀਆਈ (FBI) ਦੀ ਮੋਸਟ ਵਾਂਟੇਡ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ। ਸਤੰਬਰ 2026 ਵਿੱਚ ਉਸ ਨੂੰ ਐੱਫਬੀਆਈ ਦੇ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਵਿੱਚ ਜਗ੍ਹਾ ਦਿੱਤੀ ਗਈ ਸੀ। ਅਮਰੀਕਾ ਵਿੱਚ ਉਸ ਵਿਰੁੱਧ ਰੈਕਟੀਅਰਿੰਗ, ਜਬਰੀ ਵਸੂਲੀ ਅਤੇ ਨਸ਼ਿਆਂ ਦੀ ਤਸਕਰੀ ਨਾਲ ਸਬੰਧਤ ਦੋਸ਼ ਹਨ। ਉਸ ਦੀ ਗ੍ਰਿਫ਼ਤਾਰੀ ਲਈ 10 ਲੱਖ ਅਮਰੀਕੀ ਡਾਲਰ ਤੱਕ ਦੇ ਇਨਾਮ ਦਾ ਵੀ ਐਲਾਨ ਕੀਤਾ ਗਿਆ ਹੈ।

ਭਾਰਤ ਵਿੱਚ ਵੀ ਗੋਲਡੀ ਬਰਾੜ ਕਤਲ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਹੈ। ਇਸ ਤੋਂ ਇਲਾਵਾ, ਕੈਨੇਡਾ ਸਰਕਾਰ ਵੱਲੋਂ 2025 ਵਿੱਚ ਲਾਰੈਂਸ ਬਿਸ਼ਨੋਈ ਗਰੋਹ ਨੂੰ ਅਤਿਵਾਦੀ ਇਕਾਈ ਵਜੋਂ ਸੂਚੀਬੱਧ ਕੀਤਾ ਗਿਆ ਸੀ।

ਸੂਚੀ ਵਿੱਚ ਹੋਰ ਭਾਰਤੀ ਮੂਲ ਦੇ ਮੁਲਜ਼ਮਾਂ ਦੇ ਨਾਂ ਵੀ ਸ਼ਾਮਲ

ਕੈਨੇਡਾ ਦੀ ਇਸ ਸੂਚੀ ਵਿੱਚ ਗੋਲਡੀ ਬਰਾੜ ਤੋਂ ਇਲਾਵਾ ਹੋਰ ਮੁਲਜ਼ਮਾਂ ਨੂੰ ਵੀ ਵੱਖ-ਵੱਖ ਸਥਾਨ ਦਿੱਤੇ ਗਏ ਹਨ। ਮਨਪ੍ਰੀਤ ਸਿੰਘ ਨੂੰ ਅੱਠਵਾਂ ਅਤੇ ਗੁਰਕੀਰਤ ਸਿੰਘ ਨੂੰ 23ਵਾਂ ਸਥਾਨ ਮਿਲਿਆ ਹੈ।

ਮਨਪ੍ਰੀਤ ਸਿੰਘ ਬਰੈਂਪਟਨ ਵਿੱਚ 2025 ਦੌਰਾਨ ਹੋਈ ਗੋਲ਼ੀਬਾਰੀ ਅਤੇ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਹੈ। ਉੱਥੇ ਹੀ ਗੁਰਕੀਰਤ ਸਿੰਘ ਬ੍ਰਿਟਿਸ਼ ਕੋਲੰਬੀਆ ਵਿੱਚ ਨਾਬਾਲਗ ਨਾਲ ਜਿਨਸੀ ਦਖ਼ਲਅੰਦਾਜ਼ੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।

ਇਸ ਤੋਂ ਇਲਾਵਾ ਵਿਨੀਪੈੱਗ ਦੇ ਪੌਲ ਬੋਨਿਕ ਨੂੰ 11ਵਾਂ ਅਤੇ ਯੂਸਫ਼ ਅਬਦੁਲਕਾਦਿਰ ਅਲੀ ਨੂੰ 22ਵਾਂ ਸਥਾਨ ਦਿੱਤਾ ਗਿਆ ਹੈ। ਪੌਲ ਬੋਨਿਕ 2025 ਵਿੱਚ ਰਾਲਫ਼ ਮੋਇਜ਼ ਦੇ ਕਤਲ, ਜਦਕਿ ਯੂਸਫ਼ ਅਬਦੁਲਕਾਦਿਰ ਅਲੀ 2021 ਵਿੱਚ ਹੋਈ ਗੋਲ਼ੀਬਾਰੀ ਦੇ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦਾ ਹੈ।

ਬੋਲੋ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮੈਕਸ ਲੈਂਗਲੋਆ ਨੇ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ ਵਧਣ ਨਾਲ ਭਗੌੜਿਆਂ ਲਈ ਲੁਕ ਕੇ ਰਹਿਣਾ ਲਗਾਤਾਰ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਲੋੜੀਂਦੇ ਮੁਲਜ਼ਮ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲੀਸ ਨਾਲ ਸਾਂਝੀ ਕਰਨ।