ਸ਼ੀ ਜਿਨਪਿੰਗ ਦਾ ਸੰਦੇਸ਼: ਏਸ਼ੀਆ-ਪ੍ਰਸ਼ਾਂਤ ਖ਼ਿੱਤੇ ’ਚ ਮੁਕਤ ਵਪਾਰ ਨੂੰ ਦਿੱਤਾ ਜਾਵੇ ਹੁਲਾਰਾ

ਏਪੈਕ ਸੰਮੇਲਨ ’ਚ ਸ਼ੀ ਜਿਨਪਿੰਗ ਵੱਲੋਂ ਮੁਕਤ ਵਪਾਰ ਤੇ ਨਿਵੇਸ਼ ਵਧਾਉਣ ਦੀ ਵਕਾਲਤ

ਚੀਨ ਦੇ ਸ਼ੇਨਜ਼ੇਨ ਵਿੱਚ ਚੱਲ ਰਹੇ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੈਕ) ਸੰਮੇਲਨ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖੁੱਲ੍ਹੇ ਵਪਾਰ, ਨਿਵੇਸ਼ ਅਤੇ ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ਖ਼ਿੱਤੇ ਦੀ ਸਥਿਰਤਾ ਅਤੇ ਵਿਕਾਸ ਲਈ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਚੀਨ ਵੱਲੋਂ ਟੈਰਿਫ ਘਟਾਉਣ, ਬਾਜ਼ਾਰ ਤੱਕ ਪਹੁੰਚ ਵਧਾਉਣ ਅਤੇ ਵਿਦੇਸ਼ੀ ਨਿਵੇਸ਼ਕਾਂ ਲਈ ਬਿਹਤਰ ਮਾਹੌਲ ਬਣਾਉਣ ਦਾ ਭਰੋਸਾ ਦਿੱਤਾ।

ਇਸ ਮੌਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਪਾਬੰਦੀਆਂ ਦੀ ਆਲੋਚਨਾ ਕਰਦਿਆਂ ਏਸ਼ੀਆ-ਪ੍ਰਸ਼ਾਂਤ ਖ਼ਿੱਤੇ ਨੂੰ ਰੂਸ ਦੇ ਵਪਾਰ ਲਈ ਅਹਿਮ ਕਰਾਰ ਦਿੱਤਾ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਵੀ ਵੱਡੇ ਅਰਥਚਾਰਿਆਂ ਨੂੰ ਨਿਰਪੱਖ ਅਤੇ ਸੰਤੁਲਿਤ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਇਸੇ ਦੌਰਾਨ ਕੈਨੇਡਾ ਅਤੇ ਚੀਨ ਨੇ ਵਸਤਾਂ ’ਤੇ ਟੈਰਿਫ ਘਟਾਉਣ ਸਬੰਧੀ ਸਮਝੌਤਾ ਵੀ ਕੀਤਾ।

ਚੀਨ ਨਾਲ ਵਪਾਰਕ ਸਬੰਧਾਂ ’ਤੇ ਅਮਰੀਕਾ ਨੂੰ ਚਿੰਤਾ ਕਰਨ ਦੀ ਲੋੜ ਨਹੀਂ: ਕਾਰਨੀ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਚੀਨ ਨਾਲ ਵਧ ਰਹੇ ਵਪਾਰਕ ਸਬੰਧਾਂ ਨੂੰ ਲੈ ਕੇ ਅਮਰੀਕਾ ਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੈਨੇਡਾ ਚੀਨ ਨੂੰ ਮੁੱਖ ਤੌਰ ’ਤੇ ਵਸਤਾਂ ਦੀ ਬਰਾਮਦ ਕਰਦਾ ਹੈ, ਨਾ ਕਿ ਐਡਵਾਂਸਡ ਸੈਮੀਕੰਡਕਟਰ ਵਰਗੀ ਸੰਵੇਦਨਸ਼ੀਲ ਤਕਨਾਲੋਜੀ ਦੀ। ਹਾਲਾਂਕਿ ਚੀਨੀ ਵਾਹਨ ਨਿਰਮਾਤਾ ਕੰਪਨੀਆਂ ਨੂੰ ਕੈਨੇਡਾ ਵਿੱਚ ਲਿਆਉਣ ਦੀਆਂ ਸੰਭਾਵਨਾਵਾਂ ’ਤੇ ਅਮਰੀਕੀ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਇਤਰਾਜ਼ ਜਤਾਇਆ ਹੈ।

ਸ਼ੀ ਜਿਨਪਿੰਗ ਨੇ ਗਲਵੱਕੜੀ ਪਾ ਕੇ ਕੀਤਾ ਟਰੰਪ ਦਾ ਸਵਾਗਤ

ਸ਼ੇਨਜ਼ੇਨ ਹਵਾਈ ਅੱਡੇ ’ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਗਲਵੱਕੜੀ ਪਾ ਕੇ ਸਵਾਗਤ ਕੀਤਾ। ਰਿਪੋਰਟ ਮੁਤਾਬਕ ਕਈ ਦਹਾਕਿਆਂ ਬਾਅਦ ਕਿਸੇ ਚੀਨੀ ਆਗੂ ਵੱਲੋਂ ਵਿਦੇਸ਼ੀ ਮਹਿਮਾਨ ਦਾ ਇਸ ਤਰ੍ਹਾਂ ਨਿੱਜੀ ਸਵਾਗਤ ਕਰਨ ਦੀ ਇਹ ਵਿਸ਼ੇਸ਼ ਘਟਨਾ ਸੀ। ਇਸ ਤੋਂ ਪਹਿਲਾਂ ਮਾਓ ਜ਼ੇਤੁੰਗ ਨੇ ਸੋਵੀਅਤ ਆਗੂ ਨਿਕਿਤਾ ਖਰੁਸ਼ਚੇਵ ਦਾ ਇਸੇ ਤਰ੍ਹਾਂ ਸਵਾਗਤ ਕੀਤਾ ਸੀ।

ਦੋਵਾਂ ਆਗੂਆਂ ਨੇ ਹਵਾਈ ਅੱਡੇ ’ਤੇ ਕਰੀਬ 20 ਮਿੰਟ ਗੱਲਬਾਤ ਕੀਤੀ ਅਤੇ ਚੀਨੀ ਲੜਾਕੂ ਜਹਾਜ਼ਾਂ ਦੇ ਹਵਾਈ ਕਰਤੱਬ ਵੀ ਦੇਖੇ। ਦੂਜੇ ਪਾਸੇ ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੀ ਸਿਬੀਹਾ ਨੇ ਅਮਰੀਕਾ ਅਤੇ ਚੀਨ ਨੂੰ ਅਪੀਲ ਕੀਤੀ ਕਿ ਉਹ ਰੂਸ ’ਤੇ ਦਬਾਅ ਪਾ ਕੇ ਯੂਕਰੇਨ ਜੰਗ ਖ਼ਤਮ ਕਰਵਾਉਣ ਲਈ ਯਤਨ ਕਰਨ।