ਕੈਨੇਡਾ ਸਰਕਾਰ ਦਾ ਵੱਡਾ ਫ਼ੈਸਲਾ: ਕੋਵਿਡ ਰਾਹਤ ਸਕੀਮਾਂ ਦੇ 4.5 ਬਿਲੀਅਨ ਡਾਲਰ ਦੇ ਕਰਜ਼ੇ ਮੁਆਫ਼

ਕੈਨੇਡਾ ਸਰਕਾਰ ਨੇ ਕੋਵਿਡ ਰਾਹਤ ਯੋਜਨਾਵਾਂ ਦੇ 4.5 ਬਿਲੀਅਨ ਡਾਲਰ ਦੇ ਕਰਜ਼ੇ ਕੀਤੇ ਮੁਆਫ਼

ਕੈਨੇਡਾ ਦੀ ਫੈਡਰਲ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਅਯੋਗ ਲੋਕਾਂ ਨੂੰ ਦਿੱਤੀ ਗਈ ਵਿੱਤੀ ਸਹਾਇਤਾ ਵਿੱਚੋਂ ਕਰੀਬ 4.5 ਬਿਲੀਅਨ ਡਾਲਰ ਦੀ ਬਕਾਇਆ ਰਕਮ ਮੁਆਫ਼ ਕਰ ਦਿੱਤੀ ਹੈ। ਸਰਕਾਰ ਨੇ ਇਸ ਰਕਮ ਨੂੰ ਨਾ-ਵਸੂਲਣਯੋਗ ਮੰਨਦਿਆਂ ਆਪਣੇ ਵਿੱਤੀ ਰਿਕਾਰਡ ਵਿੱਚੋਂ ਹਟਾ ਦਿੱਤਾ ਹੈ।

ਆਡੀਟਰ ਜਨਰਲ ਕੈਰਨ ਹੋਗਨ ਦੇ ਦਫ਼ਤਰ ਦੀ ਰਿਪੋਰਟ ਅਨੁਸਾਰ, 2025-26 ਦੇ ਵਿੱਤੀ ਸਾਲ ਦੌਰਾਨ ਇਹ ਰਕਮ ਮੁਆਫ਼ ਕੀਤੀ ਗਈ, ਜਦਕਿ ਇਸ ਤੋਂ ਪਿਛਲੇ ਸਾਲ ਸਿਰਫ਼ 26 ਮਿਲੀਅਨ ਡਾਲਰ ਦੇ ਕਰਜ਼ੇ ਹੀ ਮੁਆਫ਼ ਹੋਏ ਸਨ। ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ (ESDC) ਮੁਤਾਬਕ ਮੁਆਫ਼ ਕੀਤੀ ਗਈ ਰਕਮ ਦਾ ਵੱਡਾ ਹਿੱਸਾ ਮ੍ਰਿਤਕਾਂ ਅਤੇ ਗੰਭੀਰ ਆਰਥਿਕ ਤੰਗੀ ਨਾਲ ਜੂਝ ਰਹੇ ਲੋਕਾਂ ਨਾਲ ਸਬੰਧਿਤ ਹੈ।

ਕੈਨੇਡਾ ਰੈਵੀਨਿਊ ਏਜੰਸੀ (CRA) ਦੇ ਅਨੁਮਾਨ ਮੁਤਾਬਕ ਮਹਾਮਾਰੀ ਦੌਰਾਨ ਲਗਪਗ 14 ਬਿਲੀਅਨ ਡਾਲਰ ਦੀ ਸਹਾਇਤਾ ਅਜਿਹੇ ਲੋਕਾਂ ਨੂੰ ਦਿੱਤੀ ਗਈ ਸੀ, ਜੋ ਨਿਰਧਾਰਤ ਆਮਦਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਸਨ। ਨਵੰਬਰ 2025 ਵਿੱਚ ਇਹ ਬਕਾਇਆ ਰਕਮ 10 ਬਿਲੀਅਨ ਡਾਲਰ ਸੀ, ਜੋ ਜੁਲਾਈ ਦੇ ਅੰਤ ਤੱਕ ਘਟ ਕੇ 5.56 ਬਿਲੀਅਨ ਡਾਲਰ ਰਹਿ ਗਈ।

ਜ਼ਿਕਰਯੋਗ ਹੈ ਕਿ ਕੋਵਿਡ ਸੰਕਟ ਦੌਰਾਨ ਮਾਰਚ ਤੋਂ ਅਕਤੂਬਰ 2020 ਤੱਕ ਸਰਕਾਰ ਨੇ CERB ਯੋਜਨਾ ਸ਼ੁਰੂ ਕੀਤੀ ਸੀ, ਜਿਸ ਤਹਿਤ ਯੋਗ ਵਿਅਕਤੀਆਂ ਨੂੰ ਹਰ ਚਾਰ ਹਫ਼ਤਿਆਂ ਬਾਅਦ 2,000 ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਸੀ।

ਭਾਵੇਂ ਸਰਕਾਰ ਨੇ ਅਰਬਾਂ ਡਾਲਰ ਦੇ ਕਰਜ਼ੇ ਮੁਆਫ਼ ਕੀਤੇ ਹਨ, ਪਰ CRA ਨੇ ਸਪੱਸ਼ਟ ਕੀਤਾ ਹੈ ਕਿ ਬਕਾਇਆ ਰਕਮ ਦੀ ਵਸੂਲੀ ਦਾ ਅਧਿਕਾਰ ਬਰਕਰਾਰ ਹੈ। ਜਿਹੜੇ ਲੋਕ ਕਰਜ਼ਾ ਚੁਕਾਉਣ ਦੀ ਸਮਰੱਥਾ ਰੱਖਣ ਦੇ ਬਾਵਜੂਦ ਜਾਣਬੁੱਝ ਕੇ ਭੁਗਤਾਨ ਨਹੀਂ ਕਰਨਗੇ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।