ਕੈਨੇਡਾ ਦੇ ਸਰੀ ’ਚ ਦੋਹਰਾ ਕਤਲ: ਮ੍ਰਿਤਕਾਂ ਦੀ ਪਛਾਣ ਪੰਜਾਬੀ ਨੌਜਵਾਨ ਗਗਨਪ੍ਰੀਤ ਅਤੇ ਸੁਖਜੀਤ ਕੌਰ ਵਜੋਂ ਹੋਈ
ਕੈਨੇਡਾ ਦੇ ਸਰੀ ਸ਼ਹਿਰ ਵਿੱਚ ਤਿੰਨ ਦਿਨ ਪਹਿਲਾਂ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਮੁੰਡੇ ਅਤੇ ਕੁੜੀ ਦੀ ਪਛਾਣ ਪੰਜਾਬੀ ਨੌਜਵਾਨ ਗਗਨਪ੍ਰੀਤ ਗੈਰੀ ਰੀਹਲ (23) ਅਤੇ ਸੁਖਜੀਤ ਕੌਰ (24) ਵਜੋਂ ਹੋਈ ਹੈ। ਦੋਵੇਂ ਡੈਲਟਾ ਦੇ ਵਸਨੀਕ ਸਨ। ਪੁਲੀਸ ਨੇ ਮੁੱਢਲੀ ਜਾਂਚ ਦੇ ਆਧਾਰ ’ਤੇ ਇਸ ਘਟਨਾ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਅਤੇ ਗੈਂਗਵਾਰ ਨਾਲ ਜੁੜਿਆ ਮਾਮਲਾ ਦੱਸਿਆ ਹੈ।
ਇਹ ਵਾਰਦਾਤ ਐਤਵਾਰ ਰਾਤ ਕਰੀਬ 10:30 ਵਜੇ ਵਾਲਮਾਰਟ ਦੀ ਪਾਰਕਿੰਗ ਵਿੱਚ ਵਾਪਰੀ, ਜਿੱਥੇ ਦੋਵੇਂ ਲਾਲ ਰੰਗ ਦੀ ਲਗਜ਼ਰੀ ਕਾਰ ਵਿੱਚ ਬੈਠੇ ਸਨ। ਪੁਲੀਸ ਮੁਤਾਬਕ ਹੱਤਿਆ ਤੋਂ ਕਰੀਬ 15 ਮਿੰਟ ਬਾਅਦ ਨੇੜੇ ਹੀ ਇੱਕ ਕਾਰ ਨੂੰ ਅੱਗ ਲਗਾਈ ਗਈ ਸੀ, ਜਿਸ ਦੀ ਵਰਤੋਂ ਕਥਿਤ ਤੌਰ ’ਤੇ ਹਮਲਾਵਰਾਂ ਵੱਲੋਂ ਕੀਤੀ ਗਈ ਹੋ ਸਕਦੀ ਹੈ।
ਜਾਂਚ ਅਧਿਕਾਰੀ ਸਾਰਜੈਂਟ ਫਰੈਡਾ ਫੌਗ ਨੇ ਦੱਸਿਆ ਕਿ ਪੁਲੀਸ ਦੋਵਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਗਤੀਵਿਧੀਆਂ ਅਤੇ ਪਿਛੋਕੜ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਉਨ੍ਹਾਂ ਅਨੁਸਾਰ ਗਗਨਪ੍ਰੀਤ ਵਿਰੁੱਧ ਪਹਿਲਾਂ ਅਪਰਾਧਿਕ ਮਾਮਲੇ ਦਰਜ ਸਨ, ਜਦਕਿ ਸੁਖਜੀਤ ਕੌਰ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ।
ਪੁਲੀਸ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਕਿ ਸੁਖਜੀਤ ਕੌਰ ਨੂੰ ਗਗਨਪ੍ਰੀਤ ਦੇ ਨਾਲ ਕਾਰ ਵਿੱਚ ਮੌਜੂਦ ਹੋਣ ਕਾਰਨ ਨਿਸ਼ਾਨਾ ਬਣਾਇਆ ਗਿਆ ਜਾਂ ਦੋਵਾਂ ਵਿਚਕਾਰ ਕੋਈ ਨਿੱਜੀ ਸਬੰਧ ਸੀ। ਜਾਂਚ ਟੀਮ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ।







