ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ 26 ਅਧਿਕਾਰੀਆਂ ਦੇ ਤਬਾਦਲੇ
ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ, ਕਈਆਂ ਨੂੰ ਵਾਧੂ ਚਾਰਜ ਵੀ ਸੌਂਪੇ
ਚੰਡੀਗੜ੍ਹ, 15 ਨਵੰਬਰ: ਪੰਜਾਬ ਸਰਕਾਰ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਵੱਡੇ ਪੱਧਰ ’ਤੇ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 26 ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਵਿਭਾਗ ਵੱਲੋਂ ਜਾਰੀ ਹੁਕਮਾਂ ਤਹਿਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕਈ ਅਧਿਕਾਰੀਆਂ ਨੂੰ ਉਨ੍ਹਾਂ ਦੀ ਮੌਜੂਦਾ ਡਿਊਟੀ ਦੇ ਨਾਲ ਵਾਧੂ ਚਾਰਜ ਵੀ ਦਿੱਤੇ ਗਏ ਹਨ। ਇਹ ਤਬਾਦਲੇ ਭਾਰਤੀ ਚੋਣ ਕਮਿਸ਼ਨ ਵੱਲੋਂ 27 ਅਕਤੂਬਰ 2026 ਨੂੰ ਜਾਰੀ ਕੀਤੀਆਂ ਹਦਾਇਤਾਂ ਦੇ ਮੱਦੇਨਜ਼ਰ ਕੀਤੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਹੁਕਮਾਂ ਤਹਿਤ ਮੋਹਿੰਦਰਜੀਤ ਸਿੰਘ ਨੂੰ ਮਾਲੇਰਕੋਟਲਾ ਵਿਖੇ ਤਾਇਨਾਤ ਕੀਤਾ ਗਿਆ ਹੈ, ਜਦਕਿ ਧਾਰਾ ਕੱਕੜ ਨੂੰ ਡਿਪਟੀ ਸੀਈਓ ਮਾਲੇਰਕੋਟਲਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਅਭਿਨਵ ਗੋਇਲ ਨੂੰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀਡੀਪੀਓ) ਸ੍ਰੀ ਮੁਕਤਸਰ ਸਾਹਿਬ ਅਤੇ ਕਿਰਨਦੀਪ ਕੌਰ ਨੂੰ ਡੀਡੀਪੀਓ ਫਰੀਦਕੋਟ ਨਿਯੁਕਤ ਕੀਤਾ ਗਿਆ ਹੈ।
ਵਿਭਾਗੀ ਹੁਕਮਾਂ ਅਨੁਸਾਰ ਜਸਪ੍ਰੀਤ ਕੌਰ ਨੂੰ ਡੀਡੀਪੀਓ ਰੂਪਨਗਰ ਲਾਇਆ ਗਿਆ ਹੈ। ਅਮਨਦੀਪ ਕੌਰ ਨੂੰ ਡਿਪਟੀ ਸੀਈਓ ਬਠਿੰਡਾ ਦੀ ਜ਼ਿੰਮੇਵਾਰੀ ਦੇਣ ਦੇ ਨਾਲ ਡੀਡੀਪੀਓ ਬਠਿੰਡਾ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਸਵਿੰਦਰ ਸਿੰਘ ਨੂੰ ਸ਼ਹੀਦ ਭਗਤ ਸਿੰਘ ਨਗਰ ਵਿਖੇ ਡੀਡੀਪੀਓ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਨਿਧੀ ਸਿਨਹਾ ਨੂੰ ਡਿਪਟੀ ਸੀਈਓ ਐੱਸਏਐੱਸ ਨਗਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੁਰਿੰਦਰ ਸਿੰਘ ਢਿੱਲੋਂ ਨੂੰ ਡਵੀਜ਼ਨਲ ਡਿਪਟੀ ਡਾਇਰੈਕਟਰ ਫਿਰੋਜ਼ਪੁਰ ਨਿਯੁਕਤ ਕਰਨ ਦੇ ਨਾਲ ਏਡੀਸੀ (ਵਿਕਾਸ) ਫਰੀਦਕੋਟ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਨਰਭਿੰਦਰ ਸਿੰਘ ਨੂੰ ਏਡੀਸੀ (ਵਿਕਾਸ) ਸੰਗਰੂਰ ਲਾਇਆ ਗਿਆ ਹੈ।
ਪ੍ਰਸ਼ਾਸਨਿਕ ਫੇਰਬਦਲ ਤਹਿਤ ਪਰਮਜੀਤ ਕੌਰ ਅਤੇ ਸੰਦੀਪ ਸਿੰਘ ਨੂੰ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਤਾਇਨਾਤ ਕੀਤਾ ਗਿਆ ਹੈ। ਦਵਿੰਦਰ ਸਿੰਘ ਨੂੰ ਡੀਡੀਪੀਓ ਹੁਸ਼ਿਆਰਪੁਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਹਿਤੇਨ ਕਪਿਲਾ ਨੂੰ ਵੀ ਮੁੱਖ ਦਫ਼ਤਰ ਵਿਖੇ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਬਰਨਾਲਾ, ਪਟਿਆਲਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਨਵੀਆਂ ਤਾਇਨਾਤੀਆਂ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਤਬਾਦਲਾ ਸੂਚੀ ਅਨੁਸਾਰ ਕੁਸੂਮ ਅਗਰਵਾਲ ਨੂੰ ਡਿਪਟੀ ਸੀਈਓ ਤਰਨਤਾਰਨ, ਜਸਵਿੰਦਰ ਸਿੰਘ ਬੱਗਾ ਨੂੰ ਡੀਡੀਪੀਓ ਬਰਨਾਲਾ ਅਤੇ ਹਰਪ੍ਰੀਤ ਸਿੰਘ ਨੂੰ ਡੀਡੀਪੀਓ ਪਠਾਨਕੋਟ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜਸਵੰਤ ਸਿੰਘ ਵੜੈਚ ਨੂੰ ਡੀਡੀਪੀਓ ਗੁਰਦਾਸਪੁਰ ਦੀ ਜ਼ਿੰਮੇਵਾਰੀ ਸੌਂਪਣ ਦੇ ਨਾਲ ਡਿਪਟੀ ਸੀਈਓ ਪਠਾਨਕੋਟ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਅਮਿਤ ਕੁਮਾਰ ਨੂੰ ਡੀਡੀਪੀਓ ਪਟਿਆਲਾ ਅਤੇ ਵਿਨੀਤ ਕੁਮਾਰ ਸ਼ਰਮਾ ਨੂੰ ਡਿਪਟੀ ਸੀਈਓ ਬਰਨਾਲਾ ਤਾਇਨਾਤ ਕੀਤਾ ਗਿਆ ਹੈ। ਸੁਖਵਿੰਦਰ ਸਿੰਘ ਟਿਵਾਣਾ ਨੂੰ ਬੀਡੀਪੀਓ ਸੰਗਰੂਰ ਦੇ ਅਹੁਦੇ ਦੇ ਨਾਲ ਡੀਡੀਪੀਓ ਸੰਗਰੂਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਵਿਭਾਗੀ ਹੁਕਮਾਂ ਮੁਤਾਬਕ ਜਤਿੰਦਰ ਸਿੰਘ ਢਿੱਲੋਂ ਨੂੰ ਡਿਪਟੀ ਸੀਈਓ ਸ੍ਰੀ ਫਤਹਿਗੜ੍ਹ ਸਾਹਿਬ ਲਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬੀਡੀਪੀਓ ਅਮਲੋਹ ਦੀ ਵਾਧੂ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ। ਦਿਲਾਬਰ ਕੌਰ ਨੂੰ ਡੀਡੀਪੀਓ ਸ੍ਰੀ ਫਤਹਿਗੜ੍ਹ ਸਾਹਿਬ ਨਿਯੁਕਤ ਕਰਦਿਆਂ ਡਿਪਟੀ ਸੀਈਓ ਪਟਿਆਲਾ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਜਲੰਧਰ ਅਤੇ ਲੁਧਿਆਣਾ ਵਿੱਚ ਵੀ ਅਧਿਕਾਰੀ ਬਦਲੇ
ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਫੇਰਬਦਲ ਤਹਿਤ ਨਵਦੀਪ ਕੌਰ ਨੂੰ ਡਿਪਟੀ ਸੀਈਓ ਜਲੰਧਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਸਤੀਸ਼ ਕੁਮਾਰ ਨੂੰ ਡੀਡੀਪੀਓ ਲੁਧਿਆਣਾ ਅਤੇ ਧਨਵੰਤ ਸਿੰਘ ਰੰਧਾਵਾ ਨੂੰ ਡਿਪਟੀ ਸੀਈਓ ਲੁਧਿਆਣਾ ਵਜੋਂ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਸੂਬੇ ਵਿੱਚ ਪੰਚਾਇਤੀ ਪ੍ਰਬੰਧ, ਪੇਂਡੂ ਵਿਕਾਸ ਯੋਜਨਾਵਾਂ ਅਤੇ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ਨੂੰ ਲਾਗੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਿਭਾਗ ਦੇ ਨਵੇਂ ਹੁਕਮਾਂ ਨਾਲ ਕਈ ਜ਼ਿਲ੍ਹਿਆਂ ਵਿੱਚ ਅਧਿਕਾਰੀਆਂ ਦੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਬਦਲ ਗਈਆਂ ਹਨ।
ਇਨ੍ਹਾਂ ਤਬਾਦਲਿਆਂ ਤਹਿਤ ਕੁਝ ਅਧਿਕਾਰੀਆਂ ਨੂੰ ਸਿੱਧੇ ਤੌਰ ’ਤੇ ਨਵੀਆਂ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ, ਜਦਕਿ ਕੁਝ ਨੂੰ ਇੱਕ ਤੋਂ ਵੱਧ ਅਹੁਦਿਆਂ ਦਾ ਕੰਮ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਵਿਭਾਗ ਵੱਲੋਂ ਇਹ ਕਾਰਵਾਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਕੀਤੀ ਗਈ ਹੈ।







