ਚੰਡੀਗੜ੍ਹ (ਅੰਕੁਰ) : ਉਦਯੋਗ ਮੰਤਰੀ ਅਮਨ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਮਾਰਚ 2022 ਤੋਂ ਹੁਣ ਤੱਕ ਪੰਜਾਬ ਨੂੰ ਲਗਭਗ 2 ਲੱਖ ਕਰੋੜ ਰੁਪਏ ਦੇ ਨਿਵੇਸ਼ ਸਬੰਧੀ ਪ੍ਰਸਤਾਵ ਪ੍ਰਾਪਤ ਹੋਏ ਹਨ। ਇਨ੍ਹਾਂ ਪ੍ਰਾਜੈਕਟਾਂ ਰਾਹੀਂ 6.63 ਲੱਖ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਜਾਪਾਨ ਦੀ ਕੰਪਨੀ ‘ਟੌਪਨ ਸਪੈਸ਼ਲਿਟੀ ਫਿਲਮਜ਼’ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਦੇ ਰੈਲ ਮਾਜਰਾ ਵਿਖੇ ਸਥਿਤ ਆਪਣੇ ਉਦਯੋਗਿਕ ਯੂਨਿਟ ਦੇ ਵਿਸਥਾਰ ਲਈ 244 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਅਮਨ ਅਰੋੜਾ ਅਨੁਸਾਰ, ਇਸ ਵਿਸਥਾਰ ਪ੍ਰਾਜੈਕਟ ਨਾਲ ਕੰਪਨੀ ਦੀ ਸਾਲਾਨਾ ਉਤਪਾਦਨ ਸਮਰੱਥਾ ਵਿੱਚ 19,700 ਟਨ ਦਾ ਵਾਧਾ ਹੋਵੇਗਾ। ਇਸ ਦੇ ਨਾਲ ਹੀ 127 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਜਿਨ੍ਹਾਂ ਵਿੱਚੋਂ 22 ਅਸਾਮੀਆਂ ਔਰਤਾਂ ਲਈ ਰਾਖਵੀਆਂ ਹੋਣਗੀਆਂ। ਪ੍ਰਾਜੈਕਟ ਤਹਿਤ ਨਵੀਂ ਥਰਮਲ ਲੈਮੀਨੇਸ਼ਨ ਲਾਈਨ, ਕੋਟਿੰਗ ਲਾਈਨ ਅਤੇ ਦੋ ਮੈਟਾਲਾਈਜ਼ਰ ਸਥਾਪਤ ਕੀਤੇ ਜਾਣਗੇ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਕੰਪਨੀ ਵਾਤਾਵਰਣ ਪੱਖੀ ਉਪਰਾਲੇ ਵਜੋਂ ਹਰ ਮਹੀਨੇ ਤਕਰੀਬਨ 900 ਟਨ ਝੋਨੇ ਦੀ ਪਰਾਲੀ ਦੀ ਵਰਤੋਂ ਬਾਇਓਮਾਸ ਹੀਟਰਾਂ ਵਿੱਚ ਕਰੇਗੀ। ਇਸ ਨਾਲ ਫਰਨੇਸ ਆਇਲ ਦੀ ਵਰਤੋਂ ਵਿੱਚ ਕਮੀ ਆਵੇਗੀ। ਉਨ੍ਹਾਂ ਮੁਤਾਬਕ ਇਹ ਨਿਵੇਸ਼ ਪ੍ਰਾਜੈਕਟ ਦਸੰਬਰ 2025 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਪਾਨ ਯਾਤਰਾ ਦੌਰਾਨ ਹੋਈ ਗੱਲਬਾਤ ਦਾ ਨਤੀਜਾ ਹੈ।
ਉਦਯੋਗ ਮੰਤਰੀ ਨੇ ਇਹ ਵੀ ਦੱਸਿਆ ਕਿ ਅਪ੍ਰੈਲ ਤੋਂ ਅਕਤੂਬਰ 2026 ਦੇ ਸਮੇਂ ਦੌਰਾਨ ਪੰਜਾਬ ਨੂੰ 35,966 ਕਰੋੜ ਰੁਪਏ ਦੇ ਨਵੇਂ ਨਿਵੇਸ਼ ਪ੍ਰਸਤਾਵ ਮਿਲੇ ਹਨ। ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਸਹੂਲਤ ਦੇਣ ਲਈ ਸਰਕਾਰ ਵੱਲੋਂ ਸਿੰਗਲ ਵਿੰਡੋ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਹੈ, ਜਿਸ ਅਧੀਨ 20 ਸਰਕਾਰੀ ਵਿਭਾਗਾਂ ਦੀਆਂ 300 ਤੋਂ ਵੱਧ ਮਨਜ਼ੂਰੀਆਂ ਆਨਲਾਈਨ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਕੰਪਨੀ ਦੇ ਸੀ.ਐੱਫ.ਓ. ਅਮਿਤ ਜੈਨ ਨੇ ਦੱਸਿਆ ਕਿ ਟੌਪਨ ਵੱਲੋਂ ਰੋਪੜ ਵਿੱਚ ਹੁਨਰ ਵਿਕਾਸ ਕੇਂਦਰ ਵੀ ਚਲਾਇਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਇਸ ਕੇਂਦਰ ਤੋਂ ਸਿਖਲਾਈ ਹਾਸਲ ਕਰਨ ਵਾਲੇ ਪਹਿਲੇ ਬੈਚ ਦੇ ਨੌਜਵਾਨਾਂ ਨੂੰ ਲਗਭਗ 100 ਫ਼ੀਸਦੀ ਪਲੇਸਮੈਂਟ ਮਿਲੀ ਹੈ।







