ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਤਮਿਲਨਾਡੂ ਵਿੱਚ ਸ਼ਰਾਬ ਖ਼ਰੀਦਣ ਵਾਲੇ ਲੋਕਾਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਪੈਸੇ ਖਰਚਣੇ ਪੈਣਗੇ। ਸੂਬਾ ਸਰਕਾਰ ਵੱਲੋਂ 1 ਨਵੰਬਰ 2026 ਤੋਂ ਸ਼ਰਾਬ ਦੀ ਹਰ ਬੋਤਲ ‘ਤੇ 10 ਰੁਪਏ ਦਾ ਵਾਧੂ ਚਾਰਜ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਤਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (TASMAC) ਵੱਲੋਂ ਲਾਗੂ ਕੀਤੇ ਜਾ ਰਹੇ ਇਸ ਨਿਯਮ ਅਨੁਸਾਰ ਇੰਡੀਅਨ ਮੇਡ ਫ਼ੌਰਨ ਲਿਕਰ (IMFL), ਬੀਅਰ ਅਤੇ ਵਾਈਨ ਦੀ ਹਰ ਰਿਟੇਲ ਵਿਕਰੀ ‘ਤੇ 10 ਰੁਪਏ ਦਾ ‘ਵਾਤਾਵਰਣ ਅਤੇ ਸਮਾਜਿਕ ਕਲਿਆਣ ਲੇਵੀ’ ਵਸੂਲਿਆ ਜਾਵੇਗਾ।
ਸਰਕਾਰ ਮੁਤਾਬਕ ਇਸ ਨਵੇਂ ਚਾਰਜ ਰਾਹੀਂ ਇਕੱਠੀ ਹੋਣ ਵਾਲੀ ਰਕਮ ਵਾਤਾਵਰਣ ਦੀ ਸੁਰੱਖਿਆ ਅਤੇ ਸਮਾਜਿਕ ਭਲਾਈ ਨਾਲ ਸਬੰਧਤ ਕੰਮਾਂ ‘ਤੇ ਖਰਚ ਕੀਤੀ ਜਾਵੇਗੀ। ਇਸ ਸਬੰਧੀ TASMAC ਵੱਲੋਂ ਸ਼ਰਾਬ ਦੇ ਸਪਲਾਇਰਾਂ ਅਤੇ ਸਥਾਨਕ ਨਿਰਮਾਤਾਵਾਂ ਨੂੰ ਨਵੀਆਂ ਕੀਮਤਾਂ ਅਤੇ ਸਪਲਾਈ ਪ੍ਰਬੰਧਾਂ ਮੁਤਾਬਕ ਲੋੜੀਂਦੇ ਬਦਲਾਅ ਕਰਨ ਲਈ ਕਿਹਾ ਗਿਆ ਹੈ।
ਹਾਲਾਂਕਿ, ਇਸ ਨਵੇਂ ਨਿਯਮ ਵਿੱਚ ਗਾਹਕਾਂ ਨੂੰ ਕੁਝ ਰਾਹਤ ਵੀ ਦਿੱਤੀ ਗਈ ਹੈ। ਜੇਕਰ ਕੋਈ ਵਿਅਕਤੀ ਸ਼ਰਾਬ ਦੀ ਵਰਤੋਂ ਤੋਂ ਬਾਅਦ ਖਾਲੀ ਬੋਤਲ ਨਿਰਧਾਰਿਤ ਆਊਟਲੈੱਟ ‘ਤੇ ਵਾਪਸ ਜਮ੍ਹਾਂ ਕਰਵਾਉਂਦਾ ਹੈ, ਤਾਂ ਉਸ ਨੂੰ 10 ਰੁਪਏ ਵਾਪਸ ਮਿਲ ਜਾਣਗੇ। ਇਸ ਤਰ੍ਹਾਂ ਬੋਤਲ ਵਾਪਸ ਕਰਨ ‘ਤੇ ਗਾਹਕ ਵੱਲੋਂ ਦਿੱਤਾ ਗਿਆ ਵਾਧੂ ਚਾਰਜ ਰਿਫੰਡ ਹੋ ਸਕੇਗਾ।
ਇਸ ਪੂਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਲਈ TASMAC ਵੱਲੋਂ ਸਪਲਾਇਰਾਂ ਅਤੇ ਥੋਕ ਡਿਪੂਆਂ ਨੂੰ QR ਕੋਡ ਵਾਲੇ ਸਹੀ ਕੀਮਤ ਲੇਬਲ ਬੋਤਲਾਂ ‘ਤੇ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਦੁਕਾਨਾਂ ਦੇ ਕਰਮਚਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਜਾਂ ਵਾਧੂ ਵਸੂਲੀ ਨੂੰ ਰੋਕਣ ਲਈ ਵੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਨਵੀਂ ਵਿਵਸਥਾ ਤਹਿਤ ਪੈਸਿਆਂ ਦੇ ਲੈਣ-ਦੇਣ ਅਤੇ ਨਿਗਰਾਨੀ ਨੂੰ ਸੁਚਾਰੂ ਬਣਾਉਣ ਲਈ ਪੰਜ ਰੀਜਨਲ ਜ਼ੋਨਾਂ ਵਿੱਚ ਵੱਖਰੇ ਬੈਂਕ ਖਾਤੇ ਵੀ ਖੋਲ੍ਹੇ ਗਏ ਹਨ।







