ਪਰਵਿੰਦਰ ਝੋਟਾ ਕਤਲ ਮਾਮਲਾ: ਮਾਨਸਾ ਧਰਨੇ ਤੋਂ ਪਹਿਲਾਂ ਪੁਲੀਸ ਦੀ ਕਾਰਵਾਈ, ਮਨਪ੍ਰੀਤ ਇਆਲੀ ਸਮੇਤ ਕਈ ਆਗੂ ਰੋਕੇ
ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਮਾਨਸਾ ਵਿਖੇ ਰੋਸ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂਆਂ ਨੂੰ ਪੁਲੀਸ ਨੇ ਰਸਤੇ ਵਿੱਚ ਹੀ ਰੋਕ ਲਿਆ। ਜਗਰਾਉਂ ਦੇ ਹਲਵਾਰਾ ਚੌਕ ਵਿਖੇ ਪੁਲੀਸ ਵੱਲੋਂ ਨਾਕਾਬੰਦੀ ਕਰਕੇ ਆਗੂਆਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ। ਇਸ ਕਾਰਵਾਈ ਦਾ ਵਿਰੋਧ ਕਰਨ ’ਤੇ ਪਾਰਟੀ ਦੇ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।
ਜ਼ਿਕਰਯੋਗ ਹੈ ਕਿ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ। ਪਾਰਟੀ ਆਗੂਆਂ ਦਾ ਦੋਸ਼ ਹੈ ਕਿ ਧਰਨੇ ਤੋਂ ਪਹਿਲਾਂ ਹੀ ਪੰਜਾਬ ਪੁਲੀਸ ਨੇ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ। ਕਈ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ।
ਮਨਪ੍ਰੀਤ ਸਿੰਘ ਇਆਲੀ ਨੇ ਪੁਲੀਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਇਆਲੀ ਨੇ ਕਿਹਾ ਕਿ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਲਈ ਸ਼ਾਂਤਮਈ ਰੋਸ ਧਰਨਾ ਦਿੱਤਾ ਜਾਣਾ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਧਰਨੇ ਤੋਂ ਪਹਿਲਾਂ ਹੀ ਜਥੇਬੰਦੀ ਦੇ ਆਗੂਆਂ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੁਲੀਸ ਦੀ ਇਸ ਕਾਰਵਾਈ ਤੋਂ ਡਰਨ ਵਾਲੀ ਨਹੀਂ ਹੈ ਅਤੇ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਇਸੇ ਦੌਰਾਨ ਜਲਾਲਾਬਾਦ ਤੋਂ ‘ਵਾਰਿਸ ਪੰਜਾਬ ਦੇ’ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਘਾਗਾਂ ਨੂੰ ਵੀ ਪੁਲੀਸ ਵੱਲੋਂ ਘਰ ਵਿੱਚ ਨਜ਼ਰਬੰਦ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਉਨ੍ਹਾਂ ਨੇ ਮਾਨਸਾ ਵਿਖੇ ਧਰਨੇ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਵਰਕਰਾਂ ਨਾਲ ਜਾਣਾ ਸੀ, ਪਰ ਪੁਲੀਸ ਨੇ ਸਵੇਰੇ ਹੀ ਉਨ੍ਹਾਂ ਨੂੰ ਘਰ ਵਿੱਚ ਰੋਕ ਲਿਆ।
ਇਸ ਤੋਂ ਇਲਾਵਾ ਆਗੂ ਨਰਿੰਦਰ ਸਿੰਘ ਖੁਸਰੋਪੁਰ ਨੂੰ ਵੀ ਪੁਲੀਸ ਵੱਲੋਂ ਘਰ ਵਿੱਚ ਨਜ਼ਰਬੰਦ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਪੁਲੀਸ ਦੀ ਇਸ ਕਾਰਵਾਈ ਨੂੰ ਲੈ ਕੇ ਪਾਰਟੀ ਆਗੂਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।







