ਟਰੰਪ ਦੀ ਜ਼ੇਲੈਂਸਕੀ ਨੂੰ ਸਲਾਹ, ਯੂਕਰੇਨ ’ਚ ਕਰਵਾਈ ਜਾਵੇ ਰਾਸ਼ਟਰਪਤੀ ਚੋਣ

ਟਰੰਪ ਨੇ ਜ਼ੇਲੈਂਸਕੀ ਦੀ ਅਗਵਾਈ ’ਤੇ ਚੁੱਕੇ ਸਵਾਲ, ਯੂਕਰੇਨ ’ਚ ਨਵੀਆਂ ਚੋਣਾਂ ਕਰਵਾਉਣ ਦੀ ਦਿੱਤੀ ਸਲਾਹ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਯੂਕਰੇਨ ਵਿੱਚ ਨਵਾਂ ਰਾਸ਼ਟਰਪਤੀ ਚੁਣਿਆ ਜਾਣਾ ਚਾਹੀਦਾ ਹੈ, ਜੋ ਰੂਸ ਨਾਲ ਜਾਰੀ ਜੰਗ ਨੂੰ ਖ਼ਤਮ ਕਰਨ ਲਈ ਸਮਝੌਤਾ ਕਰਨ ਦੇ ਸਮਰੱਥ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੂੰ ਰੂਸ ਦੇ ਤੇਲ ਸੋਧਕ ਕਾਰਖਾਨਿਆਂ ’ਤੇ ਹਮਲੇ ਨਾ ਕਰਨ ਦੀ ਚਿਤਾਵਨੀ ਦਿੱਤੀ। ਟਰੰਪ ਦਾ ਇਹ ਬਿਆਨ ਰੂਸ ਤੋਂ ਡੀਜ਼ਲ ਦੀ ਸਪਲਾਈ ਬਾਰੇ ਸਮਝੌਤੇ ਦਾ ਐਲਾਨ ਕਰਨ ਤੋਂ ਅਗਲੇ ਦਿਨ ਆਇਆ।

ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ ਜ਼ੇਲੈਂਸਕੀ ਨੂੰ ਰੂਸ ਦੇ ਤੇਲ ਸੋਧਕ ਕਾਰਖਾਨਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਵਰਜਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੇ ਹਮਲਿਆਂ ਨਾਲ ਵਿਸ਼ਵ ਪੱਧਰ ’ਤੇ ਬਾਲਣ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਦਾ ਅਸਰ ਅਮਰੀਕਾ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ’ਤੇ ਵੀ ਪੈ ਸਕਦਾ ਹੈ।

ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਯੂਕਰੇਨੀ ਰਾਸ਼ਟਰਪਤੀ ਨੂੰ ਰੂਸ ਵਿਰੁੱਧ ਕਾਰਵਾਈ ਕਰਦਿਆਂ ਤੇਲ ਸੋਧਕ ਕਾਰਖਾਨਿਆਂ ’ਤੇ ਹਮਲੇ ਨਾ ਕਰਨ ਲਈ ਕਿਹਾ ਸੀ, ਕਿਉਂਕਿ ਇਸ ਨਾਲ ਪੂਰੀ ਦੁਨੀਆ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਪਰ ਉਨ੍ਹਾਂ ਮੁਤਾਬਕ ਜ਼ੇਲੈਂਸਕੀ ਨੇ ਇਸ ਸਲਾਹ ਦੇ ਬਾਵਜੂਦ ਡੀਜ਼ਲ ਬਣਾਉਣ ਵਾਲੇ ਕਾਰਖਾਨਿਆਂ ਨੂੰ ਨਿਸ਼ਾਨਾ ਬਣਾਇਆ। ਟਰੰਪ ਨੇ ਅਜਿਹੇ ਹਮਲੇ ਬੰਦ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਜ਼ੇਲੈਂਸਕੀ ਦੀ ਅਗਵਾਈ ’ਤੇ ਸਵਾਲ

ਟਰੰਪ ਨੇ ਰੂਸ ਨਾਲ ਜੰਗ ਖ਼ਤਮ ਕਰਨ ਲਈ ਗੱਲਬਾਤ ਦੇ ਮੁੱਦੇ ’ਤੇ ਜ਼ੇਲੈਂਸਕੀ ਦੀ ਪਹੁੰਚ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਯੂਕਰੇਨ ਨੂੰ ਅਜਿਹੇ ਆਗੂ ਦੀ ਲੋੜ ਹੈ, ਜੋ ਸਮਝੌਤੇ ਰਾਹੀਂ ਜੰਗ ਨੂੰ ਖ਼ਤਮ ਕਰਨ ਦਾ ਰਾਹ ਲੱਭ ਸਕੇ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ, “ਤੁਸੀਂ ਜਾਣਦੇ ਹੋ ਕਿ ਮੇਰਾ ਕੀ ਸੁਝਾਅ ਹੈ? ਉਨ੍ਹਾਂ ਨੂੰ ਨਵਾਂ ਆਗੂ ਚੁਣਨਾ ਚਾਹੀਦਾ ਹੈ, ਜੋ ਸਮਝੌਤਾ ਕਰ ਸਕੇ। ਉਹ ਕਈ ਸਮਝੌਤੇ ਕਰ ਸਕਦਾ ਸੀ, ਪਰ ਕਿਸੇ ਕਾਰਨ ਅਜਿਹਾ ਨਹੀਂ ਕਰਦਾ।” ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਵਿੱਚ ਹੁਣ ਯੂਕਰੇਨ ਵਿੱਚ ਨਵਾਂ ਰਾਸ਼ਟਰਪਤੀ ਚੁਣਨ ਦਾ ਸਮਾਂ ਆ ਗਿਆ ਹੈ।

ਰੂਸ ਤੋਂ ਡੀਜ਼ਲ ਦੀ ਸਪਲਾਈ ਦਾ ਐਲਾਨ

ਟਰੰਪ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ’ਤੇ ਰੂਸ ਤੋਂ ਡੀਜ਼ਲ ਦੀ ਸਪਲਾਈ ਸਬੰਧੀ ਐਲਾਨ ਕੀਤਾ ਸੀ। ਉਨ੍ਹਾਂ ਮੁਤਾਬਕ, ਰੂਸ ਤੁਰੰਤ ਅਮਰੀਕੀ ਅਤੇ ਕੌਮਾਂਤਰੀ ਬਾਜ਼ਾਰਾਂ ਲਈ ਤਿੰਨ ਲੱਖ ਟਨ ਤੋਂ ਵੱਧ ਡੀਜ਼ਲ ਭੇਜੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਨਵੰਬਰ ਵਿੱਚ ਪੰਜ ਲੱਖ ਟਨ ਅਤੇ ਉਸ ਤੋਂ ਬਾਅਦ ਹੋਰ 10 ਲੱਖ ਟਨ ਡੀਜ਼ਲ ਦੀ ਸਪਲਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਰੂਸ ਦੇ ਡੀਜ਼ਲ ਸੋਧਕ ਕਾਰਖਾਨਿਆਂ ਦੀ ਸਥਿਤੀ ਦੇ ਆਧਾਰ ’ਤੇ ਥੋੜ੍ਹੇ ਸਮੇਂ ਵਿੱਚ 30 ਲੱਖ ਟਨ ਵਾਧੂ ਡੀਜ਼ਲ ਭੇਜਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ।