ਕੰਗਨਾ ਰਣੌਤ ਦੀ ਹਾਈ ਕੋਰਟ ’ਚ ਪਟੀਸ਼ਨ, ਫੇਕ ਅਕਾਊਂਟ ਤੇ ਇਤਰਾਜ਼ਯੋਗ ਕੰਟੈਂਟ ਹਟਾਉਣ ਦੀ ਮੰਗ

ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਆਪਣੇ ਸ਼ਖਸੀਅਤ ਦੇ ਅਧਿਕਾਰਾਂ (Personality Rights) ਦੀ ਸੁਰੱਖਿਆ ਲਈ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਆਨਲਾਈਨ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਏਆਈ (AI) ਰਾਹੀਂ ਤਿਆਰ ਕੀਤੀ ਗਈ ਅਸ਼ਲੀਲ ਅਤੇ ਇਤਰਾਜ਼ਯੋਗ ਸਮੱਗਰੀ ਨੂੰ ਹਟਾਉਣ ਦੀ ਮੰਗ ਕੀਤੀ ਹੈ।

ਜਸਟਿਸ ਵਿਕਾਸ ਮਹਾਜਨ ਦੀ ਅਦਾਲਤ ਨੇ ਕੰਗਨਾ ਰਣੌਤ ਵੱਲੋਂ ਦਾਇਰ ਮੁਕੱਦਮੇ ’ਤੇ ਸਬੰਧਤ ਪੱਖਾਂ ਨੂੰ ਸੰਮਨ ਜਾਰੀ ਕੀਤੇ ਹਨ। ਅਦਾਲਤ ਨੇ ਸੰਕੇਤ ਦਿੱਤਾ ਹੈ ਕਿ ਮਾਮਲੇ ਵਿੱਚ ਅੰਤਰਿਮ ਹੁਕਮ ਵੀ ਜਾਰੀ ਕੀਤਾ ਜਾ ਸਕਦਾ ਹੈ।

ਇਸੇ ਦੌਰਾਨ ਅਦਾਲਤ ਨੇ ਤੇਲਗੂ ਅਦਾਕਾਰ ਵਿਜੇ ਦੇਵਰਕੋਂਡਾ ਵੱਲੋਂ ਦਾਇਰ ਵੱਖਰੇ ਸ਼ਖਸੀਅਤ ਅਧਿਕਾਰਾਂ ਦੇ ਮਾਮਲੇ ਵਿੱਚ ਵੀ ਅੰਤਰਿਮ ਹੁਕਮ ਜਾਰੀ ਕਰਨ ਦੀ ਗੱਲ ਕਹੀ ਹੈ। ਦੇਵਰਕੋਂਡਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਨੇ ਦੋਸ਼ ਲਾਇਆ ਕਿ ਵੱਖ-ਵੱਖ ਮਾਧਿਅਮਾਂ ਰਾਹੀਂ ਅਦਾਕਾਰ ਦੀ ਪਛਾਣ ਅਤੇ ਸ਼ਖਸੀਅਤ ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਢੰਗ ਨਾਲ ਵਪਾਰਕ ਲਾਭ ਕਮਾਇਆ ਜਾ ਰਿਹਾ ਹੈ। ਇਸ ਵਿੱਚ ਉਨ੍ਹਾਂ ਦੀ ਪਛਾਣ ਨਾਲ ਜੁੜੀਆਂ ਵਸਤੂਆਂ ਦੀ ਵਿਕਰੀ ਵੀ ਸ਼ਾਮਲ ਹੈ।

ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਏਆਈ ਦੀ ਮਦਦ ਨਾਲ ਤਿਆਰ ਕੀਤੀਆਂ ਸੋਸ਼ਲ ਮੀਡੀਆ ਪੋਸਟਾਂ, ਫਰਜ਼ੀ ਪਛਾਣ, ਗਲਤ ਪ੍ਰਚਾਰ ਅਤੇ ਅਪਮਾਨਜਨਕ ਭਾਸ਼ਾ ਨਾਲ ਸਬੰਧਤ ਮਾਮਲੇ ਵੀ ਸਾਹਮਣੇ ਆਏ ਹਨ।

ਕੰਗਨਾ ਰਣੌਤ ਦੇ ਵਕੀਲ ਨੇ ਅਦਾਲਤ ਅੱਗੇ ਉਨ੍ਹਾਂ ਨਾਲ ਸਬੰਧਤ ਅਸ਼ਲੀਲ ਅਤੇ ਪੋਰਨੋਗ੍ਰਾਫਿਕ ਸਮੱਗਰੀ, ਝੂਠੀਆਂ ਖ਼ਬਰਾਂ ਅਤੇ ਏਆਈ ਰਾਹੀਂ ਤਿਆਰ ਕੀਤੀ ਗਈ ਅਜਿਹੀ ਸਮੱਗਰੀ ਦਾ ਮੁੱਦਾ ਚੁੱਕਿਆ, ਜਿਸ ਵਿੱਚ ਉਨ੍ਹਾਂ ਦੇ ਬਿਆਨਾਂ ਨੂੰ ਕਥਿਤ ਤੌਰ ’ਤੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਵਕੀਲ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਮੀਮਜ਼ ਅਤੇ ਹੋਰ ਵਿਅੰਗਮਈ ਸਮੱਗਰੀ ਵੀ ਮੌਜੂਦ ਹੈ, ਪਰ ਇਸ ਪੜਾਅ ’ਤੇ ਅੰਤਰਿਮ ਰਾਹਤ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨਹੀਂ ਕੀਤੀ ਜਾ ਰਹੀ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਪ੍ਰਮੁੱਖ ਹਸਤੀਆਂ ਆਪਣੇ ਸ਼ਖਸੀਅਤ ਅਤੇ ਪ੍ਰਚਾਰ ਅਧਿਕਾਰਾਂ ਦੀ ਰੱਖਿਆ ਲਈ ਅਦਾਲਤਾਂ ਦਾ ਰੁਖ਼ ਕਰ ਚੁੱਕੀਆਂ ਹਨ। ਇਨ੍ਹਾਂ ਵਿੱਚ ਐਸ਼ਵਰਿਆ ਰਾਏ ਬੱਚਨ, ਅਭਿਸ਼ੇਕ ਬੱਚਨ, ਸਲਮਾਨ ਖਾਨ, ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ, ਪੱਤਰਕਾਰ ਸੁਧੀਰ ਚੌਧਰੀ, ਪੌਡਕਾਸਟਰ ਰਾਜ ਸ਼ਮਾਨੀ, ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਅਤੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈ ਮਾਮਲਿਆਂ ਵਿੱਚ ਹਾਈ ਕੋਰਟ ਵੱਲੋਂ ਅੰਤਰਿਮ ਰਾਹਤ ਵੀ ਦਿੱਤੀ ਜਾ ਚੁੱਕੀ ਹੈ।