ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕਣ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਰਜਿਸਟਰ ਹੋਈ ‘ਫੋਰਟੇਕ ਵੈੱਬ ਸੋਲਿਊਸ਼ਨਜ਼’ ਕੰਪਨੀ ਵੀ ਸੀਬੀਆਈ ਦੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਕੇਂਦਰੀ ਜਾਂਚ ਬਿਊਰੋ ਨੇ ਕੰਪਨੀ ਦੇ ਮੁੱਖ ਡਾਇਰੈਕਟਰ ਨਿਤਿਨ ਗੋਹਲ ਦੇ ਨਾਭਾ ਸਥਿਤ ਜੱਦੀ ਘਰ ’ਤੇ ਛਾਪੇਮਾਰੀ ਕੀਤੀ। ਨਿਤਿਨ ਗੋਹਲ ਅਤੇ ਉਸ ਦੇ ਭਰਾ ਜਤਿਨ ਗੋਹਲ ਦੇ ਨਾਮ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨਾਲ ਸਬੰਧਤ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਦਰਜ ਸੀਬੀਆਈ ਦੀ ਐੱਫਆਈਆਰ ਵਿੱਚ ਦਰਜ ਹਨ।
ਜਾਣਕਾਰੀ ਅਨੁਸਾਰ ਸੀਬੀਆਈ ਦੀ ਸੱਤ ਮੈਂਬਰੀ ਟੀਮ ਮੰਗਲਵਾਰ ਰਾਤ ਨਾਭਾ ਪਹੁੰਚੀ ਅਤੇ ਗੋਹਲ ਭਰਾਵਾਂ ਦੇ ਜੱਦੀ ਘਰ ਵਿੱਚ ਕਰੀਬ ਤਿੰਨ ਘੰਟੇ ਤੱਕ ਤਲਾਸ਼ੀ ਲਈ। ਇਸ ਦੌਰਾਨ ਉਨ੍ਹਾਂ ਦੇ ਪਿਤਾ, ਜੋ ਸਰਕਾਰੀ ਕਾਲਜ ਦੇ ਸੇਵਾਮੁਕਤ ਪ੍ਰਿੰਸੀਪਲ ਹਨ, ਤੋਂ ਵੀ ਪੁੱਛਗਿੱਛ ਕੀਤੀ ਗਈ। ਹਾਲਾਂਕਿ ਉਨ੍ਹਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ।
ਰਿਕਾਰਡ ਮੁਤਾਬਕ ਨਿਤਿਨ ਗੋਹਲ ਨੇ 30 ਮਾਰਚ 2022 ਨੂੰ ‘ਫੋਰਟੇਕ ਵੈੱਬ ਸੋਲਿਊਸ਼ਨਜ਼’ ਨਾਮੀ ਕੰਪਨੀ ਰਜਿਸਟਰ ਕਰਵਾਈ ਸੀ। ਇਹ ਰਜਿਸਟ੍ਰੇਸ਼ਨ ਭਗਵੰਤ ਮਾਨ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ 14 ਦਿਨ ਬਾਅਦ ਹੋਈ ਸੀ। ਕੰਪਨੀ ਵਿੱਚ ਨਿਤਿਨ ਗੋਹਲ ਤੋਂ ਇਲਾਵਾ ਤਿੰਨ ਹੋਰ ਮਹਿਲਾਵਾਂ ਵੀ ਡਾਇਰੈਕਟਰ ਵਜੋਂ ਦਰਜ ਹਨ।
ਸੀਬੀਆਈ ਵੱਲੋਂ ਦਰਜ ਕੀਤੀ ਐੱਫਆਈਆਰ ਵਿੱਚ ਓਐੱਸਡੀ ਰਾਜਬੀਰ ਸਿੰਘ ਘੁੰਮਣ ਦੇ ਨਾਲ ਨਿਤਿਨ ਗੋਹਲ, ਜਤਿਨ ਗੋਹਲ, ਆਰ.ਐੱਸ. ਨਾਗਰਾ, ਬੀਰ ਦੇਵਿੰਦਰ ਅਤੇ ਹੋਰ ਵਿਅਕਤੀਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਮਾਮਲੇ ਵਿੱਚ ਸਰਕਾਰੀ ਤਬਾਦਲਿਆਂ, ਟੈਂਡਰਾਂ, ਲਾਇਸੈਂਸਾਂ ਅਤੇ ਹੋਰ ਸਰਕਾਰੀ ਕੰਮਾਂ ਵਿੱਚ ਕਥਿਤ ਪ੍ਰਭਾਵ ਪਾਉਣ ਦੇ ਬਦਲੇ ਗੈਰ-ਕਾਨੂੰਨੀ ਫਾਇਦੇ ਹਾਸਲ ਕਰਨ ਸਬੰਧੀ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸਥਾਨਕ ਜਾਣਕਾਰਾਂ ਮੁਤਾਬਕ ਐੱਫਆਈਆਰ ਵਿੱਚ ਨਾਮਜ਼ਦ ਰਾਜਬੀਰ ਸਿੰਘ ਘੁੰਮਣ, ਨਿਤਿਨ ਗੋਹਲ, ਬੀਰ ਦੇਵਿੰਦਰ ਅਤੇ ਆਰ.ਐੱਸ. ਨਾਗਰਾ ਇੱਕੋ ਕਾਲਜ ਵਿੱਚ ਸਿੱਖਿਆ ਹਾਸਲ ਕਰ ਚੁੱਕੇ ਹਨ। ਰਾਜਬੀਰ ਸਿੰਘ ਘੁੰਮਣ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਲੰਬੇ ਸਮੇਂ ਤੋਂ ਨਜ਼ਦੀਕੀ ਸਬੰਧ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।
ਇਸ ਮਾਮਲੇ ਵਿੱਚ ਸੀਬੀਆਈ ਵੱਲੋਂ ਪੰਜਾਬ ਦੇ ਵੱਖ-ਵੱਖ ਸਥਾਨਾਂ ’ਤੇ ਤਲਾਸ਼ੀਆਂ ਅਤੇ ਪੁੱਛਗਿੱਛ ਦੀ ਕਾਰਵਾਈ ਜਾਰੀ ਹੈ। ਜਾਂਚ ਏਜੰਸੀ ਵੱਲੋਂ ਮਾਮਲੇ ਨਾਲ ਜੁੜੇ ਦਸਤਾਵੇਜ਼ਾਂ ਅਤੇ ਹੋਰ ਸੰਭਾਵਿਤ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।







