ਪੰਜਾਬ ਪੁਲੀਸ ਦੇ ਤਿੰਨ ਪੀਪੀਐੱਸ ਅਧਿਕਾਰੀਆਂ ਦੀ ਬਦਲੀ

ਪੰਜਾਬ ਪੁਲੀਸ ’ਚ ਤਿੰਨ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ, ਨਵੀਆਂ ਤਾਇਨਾਤੀਆਂ ਦੇ ਹੁਕਮ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੁਲੀਸ ਵਿਭਾਗ ਵਿੱਚ ਤਿੰਨ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਆਪਣੇ ਨਵੇਂ ਅਹੁਦਿਆਂ ’ਤੇ ਤੁਰੰਤ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਾਰੀ ਹੁਕਮਾਂ ਮੁਤਾਬਕ ਰੂਪਨਗਰ ਵਿਖੇ ਐੱਸਪੀ ਇਨਵੈਸਟੀਗੇਸ਼ਨ ਵਜੋਂ ਸੇਵਾਵਾਂ ਨਿਭਾਅ ਰਹੇ ਪਲਵਿੰਦਰ ਸਿੰਘ ਚੀਮਾ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਐੱਸਪੀ ਇਨਵੈਸਟੀਗੇਸ਼ਨ, ਸੰਗਰੂਰ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਪਟਿਆਲਾ ਵਿੱਚ ਐੱਸਪੀ ਇਨਵੈਸਟੀਗੇਸ਼ਨ ਵਜੋਂ ਤਾਇਨਾਤ ਦਵਿੰਦਰ ਕੁਮਾਰ ਨੂੰ ਬਦਲ ਕੇ ਐੱਸਪੀ ਸਪੈਸ਼ਲ ਬ੍ਰਾਂਚ, ਸੰਗਰੂਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਟਿਆਲਾ ਪੀਬੀਆਈ ਵਿੱਚ ਤਾਇਨਾਤ ਰਾਜੇਸ਼ ਕੁਮਾਰ ਨੂੰ ਐੱਸਪੀ ਇਨਵੈਸਟੀਗੇਸ਼ਨ, ਪਟਿਆਲਾ ਲਾਇਆ ਗਿਆ ਹੈ। ਉਹ ਦਵਿੰਦਰ ਕੁਮਾਰ ਦੀ ਥਾਂ ਅਹੁਦਾ ਸੰਭਾਲਣਗੇ।

ਪੰਜਾਬ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਤਬਾਦਲੇ ਅਤੇ ਨਿਯੁਕਤੀਆਂ ਪੰਜਾਬ ਦੇ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਕੀਤੀਆਂ ਗਈਆਂ ਹਨ। ਸਾਰੇ ਅਧਿਕਾਰੀਆਂ ਨੂੰ ਨਵੇਂ ਅਹੁਦਿਆਂ ’ਤੇ ਤੁਰੰਤ ਡਿਊਟੀ ਸੰਭਾਲਣ ਲਈ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ 17 ਅਗਸਤ ਨੂੰ ਪੁਲੀਸ ਵਿਭਾਗ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਕਰਦਿਆਂ 12 ਆਈਪੀਐੱਸ ਅਤੇ 112 ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ।

ਉਸ ਫੇਰਬਦਲ ਦੌਰਾਨ ਆਈਪੀਐੱਸ ਅਧਿਕਾਰੀ ਵੀ. ਨੀਰਜਾ ਨੂੰ ਰਾਜੇਸ਼ ਕੁਮਾਰ ਜੈਸਵਾਲ ਦੀ ਥਾਂ ਸਪੈਸ਼ਲ ਡੀਜੀਪੀ, ਐੱਨਆਰਆਈ, ਪੰਜਾਬ, ਐੱਸਏਐੱਸ ਨਗਰ ਨਿਯੁਕਤ ਕੀਤਾ ਗਿਆ ਸੀ। ਰਾਜੇਸ਼ ਕੁਮਾਰ ਜੈਸਵਾਲ ਨੂੰ ਏਡੀਜੀਪੀ, ਸਾਈਬਰ ਕ੍ਰਾਈਮ, ਪੰਜਾਬ, ਐੱਸਏਐੱਸ ਨਗਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸੇ ਤਰ੍ਹਾਂ ਨਾਨਕ ਸਿੰਘ ਨੂੰ ਡੀਆਈਜੀ, ਇੰਟਰਨਲ ਵਿਜੀਲੈਂਸ ਸੈੱਲ, ਪੰਜਾਬ, ਚੰਡੀਗੜ੍ਹ ਤਾਇਨਾਤ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਵਤਸਲਾ ਗੁਪਤਾ ਨੂੰ ਏਆਈਜੀ ਪਰਸਨਲ-II, ਪੰਜਾਬ, ਚੰਡੀਗੜ੍ਹ ਅਤੇ ਪ੍ਰਗਿਆ ਜੈਨ ਨੂੰ ਏਆਈਜੀ ਏਐੱਨਟੀਐੱਫ, ਲੁਧਿਆਣਾ ਰੇਂਜ, ਲੁਧਿਆਣਾ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਸੀ।