ਐੱਸ.ਪੀ. ਓਸਵਾਲ ਮਾਮਲੇ ’ਚ ਵੱਡੀ ਕਾਰਵਾਈ, 7 ਕਰੋੜ ਦੀ ਠੱਗੀ ਦਾ ਕਥਿਤ ਮੁਲਜ਼ਮ ਗ੍ਰਿਫ਼ਤਾਰ

ਐੱਸ.ਪੀ. ਓਸਵਾਲ ਡਿਜੀਟਲ ਅਰੇਸਟ ਮਾਮਲਾ: ਕੋਲਕਾਤਾ ਤੋਂ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ ਦੇ ਉਦਯੋਗਪਤੀ ਐੱਸ.ਪੀ. ਓਸਵਾਲ ਨਾਲ ਕਥਿਤ ਡਿਜੀਟਲ ਅਰੇਸਟ ਰਾਹੀਂ 7 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਜਲੰਧਰ ਨੇ ਕੋਲਕਾਤਾ ਤੋਂ ਸੁਹੇਲ ਅਖ਼ਤਰ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਵੱਲੋਂ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਇਹ ਗ੍ਰਿਫ਼ਤਾਰੀ ਕੀਤੀ ਗਈ।

ਈ.ਡੀ. ਨੇ ਵੀਰਵਾਰ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਅਖ਼ਤਰ ਨੂੰ 28 ਸਤੰਬਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਕੋਲਕਾਤਾ ਦੀ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਮਿਲਣ ਉਪਰੰਤ ਉਸ ਨੂੰ ਜਲੰਧਰ ਲਿਆਂਦਾ ਗਿਆ। ਜਲੰਧਰ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਨੇ ਉਸ ਨੂੰ 6 ਅਕਤੂਬਰ ਤੱਕ ਈ.ਡੀ. ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹੁਣ ਜਾਂਚ ਏਜੰਸੀ ਉਸ ਤੋਂ ਕਥਿਤ ਅਪਰਾਧ ਵਿੱਚ ਭੂਮਿਕਾ ਅਤੇ ਪੈਸਿਆਂ ਦੇ ਲੈਣ-ਦੇਣ ਨਾਲ ਜੁੜੀ ਜਾਣਕਾਰੀ ਹਾਸਲ ਕਰਨ ਲਈ ਪੁੱਛਗਿੱਛ ਕਰੇਗੀ।

ਜਾਂਚ ਏਜੰਸੀ ਮੁਤਾਬਕ ਅਗਸਤ 2023 ਵਿੱਚ ਵਰਧਮਾਨ ਗਰੁੱਪ ਦੇ ਚੇਅਰਮੈਨ ਐੱਸ.ਪੀ. ਓਸਵਾਲ ਨੂੰ ਠੱਗਾਂ ਨੇ ਕਥਿਤ ਤੌਰ ’ਤੇ ਸੀ.ਬੀ.ਆਈ. ਅਧਿਕਾਰੀ ਬਣ ਕੇ ਡਿਜੀਟਲ ਅਰੇਸਟ ਕੀਤਾ ਅਤੇ ਉਨ੍ਹਾਂ ਤੋਂ 7 ਕਰੋੜ ਰੁਪਏ ਦੀ ਰਕਮ ਹਾਸਲ ਕੀਤੀ। ਇਸ ਮਾਮਲੇ ਵਿੱਚ ਲੁਧਿਆਣਾ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਵੱਲੋਂ ਦਰਜ ਐੱਫ.ਆਈ.ਆਰ. ਦੇ ਆਧਾਰ ’ਤੇ ਈ.ਡੀ. ਨੇ ਜਾਂਚ ਸ਼ੁਰੂ ਕੀਤੀ ਸੀ। ਬਾਅਦ ਵਿੱਚ ਇਸੇ ਗਰੁੱਪ ਨਾਲ ਜੁੜੇ ਡਿਜੀਟਲ ਅਰੇਸਟ ਦੇ 9 ਹੋਰ ਸਾਈਬਰ ਅਪਰਾਧ ਮਾਮਲੇ ਵੀ ਜਾਂਚ ਦੇ ਘੇਰੇ ਵਿੱਚ ਲਿਆਂਦੇ ਗਏ।

ਈ.ਡੀ. ਅਨੁਸਾਰ ਕਥਿਤ ਠੱਗੀ ਦੀ ਰਕਮ ਸਭ ਤੋਂ ਪਹਿਲਾਂ ‘ਰਿਗਲੋ ਵੈਂਚਰਸ ਪ੍ਰਾਈਵੇਟ ਲਿਮਟਿਡ’ ਅਤੇ ‘ਫਰੋਜ਼ਨਮੈਨ ਵੇਅਰਹਾਊਸਿੰਗ ਐਂਡ ਲੌਜਿਸਟਿਕਸ’ ਦੇ ਬੈਂਕ ਖਾਤਿਆਂ ਵਿੱਚ ਪਾਈ ਜਾਂਦੀ ਸੀ। ਏਜੰਸੀ ਦਾ ਦਾਅਵਾ ਹੈ ਕਿ ਇਨ੍ਹਾਂ ਖਾਤਿਆਂ ਰਾਹੀਂ ਰਕਮ ਨੂੰ ਤੇਜ਼ੀ ਨਾਲ ਹੋਰ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾਂਦਾ ਸੀ। ਜਾਂਚ ਵਿੱਚ ਗੁਹਾਟੀ ਦੇ ਰੁਮੀ ਕਲਿਤਾ ਅਤੇ ਕਾਨਪੁਰ ਦੇ ਅਰਪਿਤ ਰਾਠੌਰ ਦੇ ਨਾਂ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਦਸੰਬਰ 2025 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਈ.ਡੀ. ਦਾ ਕਹਿਣਾ ਹੈ ਕਿ ਰਿਗਲੋ ਵੈਂਚਰਸ ਦੇ ਬੈਂਕ ਖਾਤਿਆਂ ਦਾ ਸੰਚਾਲਨ ਅਖ਼ਤਰ ਕਰਦਾ ਸੀ ਅਤੇ ਉਹ ਲੋਕਾਂ ਨੂੰ ਇਸ ਨੈੱਟਵਰਕ ਵਿੱਚ ਸ਼ਾਮਲ ਕਰਨ ਅਤੇ ਵਿਅਕਤੀਆਂ ਤੇ ਕੰਪਨੀਆਂ ਦੇ ਕਥਿਤ ਫ਼ਰਜ਼ੀ ਬੈਂਕ ਖਾਤੇ ਤਿਆਰ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਸੀ। ਏਜੰਸੀ ਮੁਤਾਬਕ ਮੋਬਾਈਲ ਫ਼ੋਨਾਂ ਵਿੱਚ ਕੁਝ ਏ.ਪੀ.ਕੇ. ਫ਼ਾਈਲਾਂ ਦੀ ਵਰਤੋਂ ਕੀਤੀ ਜਾਂਦੀ ਸੀ, ਜਿਨ੍ਹਾਂ ਰਾਹੀਂ ਬੈਂਕ ਖਾਤਿਆਂ ਨਾਲ ਜੁੜੇ ਸਿਮ ਕਾਰਡਾਂ ਦੇ ਓ.ਟੀ.ਪੀ. ਅਤੇ ਹੋਰ ਸੁਨੇਹਿਆਂ ਤੱਕ ਵਿਦੇਸ਼ਾਂ ਵਿੱਚ ਬੈਠੇ ਸਾਥੀ ਪਹੁੰਚ ਬਣਾਉਂਦੇ ਸਨ।

ਜਾਂਚ ਵਿੱਚ ਇਹ ਵੀ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ ਕਿ ਠੱਗੀ ਦੀ ਰਕਮ ਨੂੰ ਕਈ ਕਥਿਤ ਫ਼ਰਜ਼ੀ ਖਾਤਿਆਂ ਵਿੱਚ 2 ਲੱਖ ਤੋਂ 5 ਲੱਖ ਰੁਪਏ ਤੱਕ ਦੀਆਂ ਕਿਸ਼ਤਾਂ ਵਿੱਚ ਭੇਜਿਆ ਜਾਂਦਾ ਅਤੇ ਇਸ ਤੋਂ ਬਾਅਦ ਨਕਦੀ ਕਢਵਾ ਲਈ ਜਾਂਦੀ ਸੀ। ਈ.ਡੀ. ਮੁਤਾਬਕ ਅਜਿਹੇ ਖਾਤੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਨੌਕਰੀ ਜਾਂ ਕਰਜ਼ਾ ਦਿਵਾਉਣ ਦਾ ਲਾਲਚ ਦੇ ਕੇ ਖੁਲ੍ਹਵਾਏ ਜਾਂਦੇ ਸਨ। ਵਿਦੇਸ਼ਾਂ ਵਿੱਚ ਮੌਜੂਦ ਸਾਥੀਆਂ ਨਾਲ ਖਾਤਿਆਂ ਦੀ ਜਾਣਕਾਰੀ ਸਾਂਝੀ ਕਰਨ ਲਈ ਐਂਡ-ਟੂ-ਐਂਡ ਐਨਕ੍ਰਿਪਟਡ ਮੈਸੇਜਿੰਗ ਐਪਸ ਦੀ ਵਰਤੋਂ ਕੀਤੇ ਜਾਣ ਦਾ ਵੀ ਏਜੰਸੀ ਨੇ ਦਾਅਵਾ ਕੀਤਾ ਹੈ।

ਈ.ਡੀ. ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ 1.76 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 19 ਫਰਵਰੀ ਨੂੰ ਰੁਮੀ ਕਲਿਤਾ, ਅਰਪਿਤ ਰਾਠੌਰ, ਆਨੰਦ ਚੌਧਰੀ, ਅਤਾਨੂੰ ਚੌਧਰੀ ਅਤੇ ਫਰੋਜ਼ਨਮੈਨ ਵੇਅਰਹਾਊਸਿੰਗ ਐਂਡ ਲੌਜਿਸਟਿਕਸ ਖ਼ਿਲਾਫ਼ ਅਦਾਲਤ ਵਿੱਚ ਸ਼ਿਕਾਇਤ/ਚਲਾਨ ਦਾਇਰ ਕੀਤੇ ਜਾਣ ਦੀ ਜਾਣਕਾਰੀ ਵੀ ਏਜੰਸੀ ਨੇ ਦਿੱਤੀ ਹੈ।