ਕਾਂਗਰਸ ਹਾਈ ਕਮਾਂਡ ਨਾਲ ਅੱਜ ਰਾਜਾ ਵੜਿੰਗ ਦੀ ਅਹਿਮ ਮੀਟਿੰਗ

ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅੱਜ ਦਿੱਲੀ ਬੁਲਾਇਆ ਗਿਆ ਹੈ। ਪਾਰਟੀ ਸੂਤਰਾਂ ਮੁਤਾਬਕ, ਸੰਗਠਨਾਤਮਕ ਤਬਦੀਲੀਆਂ ਸਬੰਧੀ ਉਨ੍ਹਾਂ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ ਅਤੇ ਅੱਜ ਉਨ੍ਹਾਂ ਤੋਂ ਰਸਮੀ ਤੌਰ ’ਤੇ ਅਸਤੀਫਾ ਲਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਭਰੋਸੇਯੋਗ ਸੂਤਰਾਂ ਦੇ ਅਨੁਸਾਰ ਕਾਂਗਰਸ ਦੇ ਸੀਨੀਅਰ ਆਗੂ ਕੇ.ਸੀ. ਵੇਣੂਗੋਪਾਲ ਨੇ ਰਾਜਾ ਵੜਿੰਗ ਨੂੰ ਦਿੱਲੀ ਤਲਬ ਕੀਤਾ ਹੈ। ਇਸ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਨਾਮ ਦਾ ਐਲਾਨ ਕਿਸੇ ਵੀ ਵੇਲੇ ਕੀਤਾ ਜਾ ਸਕਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਨੇ ਬੀਤੇ ਦਿਨ ਆਪਣੇ ਜਨਤਕ ਅਤੇ ਸਿਆਸੀ ਪ੍ਰੋਗਰਾਮ ਵੀ ਸੀਮਤ ਕਰ ਦਿੱਤੇ ਸਨ, ਜਿਸ ਤੋਂ ਬਾਅਦ ਸੰਗਠਨ ਵਿੱਚ ਤਬਦੀਲੀ ਦੀਆਂ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ।

ਪਾਰਟੀ ਅੰਦਰ ਚੱਲ ਰਹੀਆਂ ਅਟਕਲਾਂ ਮੁਤਾਬਕ ਨਵੇਂ ਪ੍ਰਧਾਨ ਲਈ ਕਈ ਨਾਮਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਕਾਂਗਰਸ ਵਿਧਾਇਕ ਪਰਗਟ ਸਿੰਘ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਵਿਜੇ ਇੰਦਰ ਸਿੰਗਲਾ ਦੇ ਨਾਮ ਪ੍ਰਮੁੱਖ ਤੌਰ ’ਤੇ ਸਾਹਮਣੇ ਆ ਰਹੇ ਹਨ। ਹਾਲਾਂਕਿ ਅੰਤਿਮ ਫੈਸਲਾ ਕਾਂਗਰਸ ਹਾਈ ਕਮਾਂਡ ਵੱਲੋਂ ਹੀ ਲਿਆ ਜਾਵੇਗਾ।