ਇਰਾਨ ਦਾ ਪ੍ਰਸਤਾਵ: ਸੱਤ ਦਿਨਾਂ ਵਿੱਚ ਹਰਮੁਜ਼ ਜਲਮਾਰਗ ਖੋਲ੍ਹਣ ਲਈ ਸਮਝੌਤਾ ਕੀਤਾ ਜਾਵੇ

ਹਰਮੁਜ਼ ਜਲਮਾਰਗ ਖੋਲ੍ਹਣ ਲਈ ਇਰਾਨ ਦੀ ਤਜਵੀਜ਼, ਅਮਰੀਕਾ ਅੱਗੇ ਰੱਖੀਆਂ ਤਿੰਨ ਸ਼ਰਤਾਂ

ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦਰਮਿਆਨ ਇਰਾਨ ਨੇ ਹਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਸਬੰਧੀ ਇੱਕ ਤਜਵੀਜ਼ ਪੇਸ਼ ਕੀਤੀ ਹੈ। ਤਜਵੀਜ਼ ਮੁਤਾਬਕ ਜੇਕਰ ਅਮਰੀਕਾ ਆਪਣੀ ਜਲ ਸੈਨਾ ਦੀ ਨਾਕਾਬੰਦੀ ਹਟਾਉਂਦਾ ਹੈ, ਇਰਾਨੀ ਤੇਲ ਦੀ ਵਿਕਰੀ ’ਤੇ ਲੱਗੀਆਂ ਪਾਬੰਦੀਆਂ ਵਿੱਚ ਰਾਹਤ ਦਿੰਦਾ ਹੈ ਅਤੇ ਲੇਬਨਾਨ ਨੂੰ ਵੀ ਸ਼ਾਮਲ ਕਰਦਿਆਂ ਜੰਗਬੰਦੀ ਦੀ ਪਾਲਣਾ ਕਰਦਾ ਹੈ ਤਾਂ ਇਰਾਨ ਸੱਤ ਦਿਨਾਂ ਦੇ ਅੰਦਰ ਹਰਮੁਜ਼ ਜਲਮਾਰਗ ਖੋਲ੍ਹਣ ਅਤੇ ਆਪਣੇ ਪਰਮਾਣੂ ਪ੍ਰੋਗਰਾਮ ਸਬੰਧੀ ਗੱਲਬਾਤ ਮੁੜ ਸ਼ੁਰੂ ਕਰਨ ਲਈ ਤਿਆਰ ਹੈ।

ਜਾਣਕਾਰੀ ਅਨੁਸਾਰ ਇਹ ਪ੍ਰਸਤਾਵ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਵੀਰਵਾਰ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀਆਂ ਬੈਠਕਾਂ ਤੋਂ ਇਲਾਵਾ ਹੋਈ ਇੱਕ ਨਿੱਜੀ ਮੀਟਿੰਗ ਦੌਰਾਨ ਰੱਖਿਆ। ਮੀਟਿੰਗ ਵਿੱਚ ਮੌਜੂਦ ਇੱਕ ਵਿਅਕਤੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਕਵਿੰਸੀ ਇੰਸਟੀਚਿਊਟ ਥਿੰਕ ਟੈਂਕ ਦੇ ਕਾਰਜਕਾਰੀ ਉਪ-ਪ੍ਰਧਾਨ ਤ੍ਰਿਤਾ ਪਾਰਸੀ, ਜੋ ਇਸ ਮੀਟਿੰਗ ਵਿੱਚ ਸ਼ਾਮਲ ਸਨ, ਮੁਤਾਬਕ ਅਰਾਗ਼ਚੀ ਨੇ ਸੰਕੇਤ ਦਿੱਤਾ ਕਿ ਜੇਕਰ ਜਲਦੀ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਇਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਈ ਨਵੰਬਰ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਸਿਆਸੀ ਤੌਰ ’ਤੇ ਮਦਦਗਾਰ ਹੋ ਸਕਦਾ ਹੈ। ਹਾਲਾਂਕਿ, ਇਸ ਤਜਵੀਜ਼ ਬਾਰੇ ਇਰਾਨ ਦੇ ਸੰਯੁਕਤ ਰਾਸ਼ਟਰ ਮਿਸ਼ਨ ਜਾਂ ਹੋਰ ਇਰਾਨੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਗਈ।

ਇਹ ਨਵੀਂ ਤਜਵੀਜ਼ ਜੂਨ ਵਿੱਚ ਹੋਏ ਕਥਿਤ ਸਮਝੌਤਾ ਪੱਤਰ (MOU) ਨਾਲ ਕਾਫ਼ੀ ਹੱਦ ਤੱਕ ਮਿਲਦੀ-ਜੁਲਦੀ ਦੱਸੀ ਜਾ ਰਹੀ ਹੈ। ਫ਼ਰਕ ਇਹ ਹੈ ਕਿ ਨਵੇਂ ਪ੍ਰਸਤਾਵ ਵਿੱਚ ਸਮਾਂ-ਸੀਮਾ ਕਾਫ਼ੀ ਘਟਾ ਦਿੱਤੀ ਗਈ ਹੈ। ਪਿਛਲੇ ਸਮਝੌਤੇ ਵਿੱਚ 60 ਦਿਨਾਂ ਦੀ ਅੰਤਰਿਮ ਮਿਆਦ ਰੱਖੀ ਗਈ ਸੀ।

ਹਾਲਾਂਕਿ, ਇਰਾਨ ਵੱਲੋਂ ਜਲਮਾਰਗ ਵਿੱਚੋਂ ਲੰਘਣ ਵਾਲੇ ਜਹਾਜ਼ਾਂ ’ਤੇ ਮੁੜ ਹਮਲੇ ਸ਼ੁਰੂ ਕਰਨ ਤੋਂ ਬਾਅਦ ਇਹ ਸਮਝੌਤਾ ਜ਼ਿਆਦਾ ਦੇਰ ਕਾਇਮ ਨਹੀਂ ਰਹਿ ਸਕਿਆ। ਹੁਣ ਨਵੀਂ ਤਜਵੀਜ਼ ਰਾਹੀਂ ਇਰਾਨ ਨੇ ਹਰਮੁਜ਼ ਜਲਮਾਰਗ ਖੋਲ੍ਹਣ ਨੂੰ ਅਮਰੀਕੀ ਕਦਮਾਂ ਅਤੇ ਪਰਮਾਣੂ ਪ੍ਰੋਗਰਾਮ ਸਬੰਧੀ ਗੱਲਬਾਤ ਮੁੜ ਸ਼ੁਰੂ ਕਰਨ ਨਾਲ ਜੋੜਿਆ ਹੈ।