ਅਫ਼ਗਾਨਿਸਤਾਨ ਤੋਂ ਆਏ 8 ਡਰੋਨ ਪਾਕਿਸਤਾਨੀ ਫ਼ੌਜ ਨੇ ਕੀਤੇ ਨਸ਼ਟ

ਪਾਕਿਸਤਾਨੀ ਫ਼ੌਜ ਵੱਲੋਂ 8 ਡਰੋਨ ਡੇਗਣ ਦਾ ਦਾਅਵਾ

ਇਸਲਾਮਾਬਾਦ: ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਅਫ਼ਗਾਨਿਸਤਾਨ ਵੱਲੋਂ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਹੋਏ 8 ਡਰੋਨਾਂ ਨੂੰ ਡੇਗ ਦਿੱਤਾ ਗਿਆ। ਸੁਰੱਖਿਆ ਸੂਤਰਾਂ ਮੁਤਾਬਕ ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ, ਜਦੋਂ ਦੋਵਾਂ ਗੁਆਂਢੀ ਦੇਸ਼ਾਂ ਦੀ ਸਰਹੱਦ ’ਤੇ ਮੁੜ ਝੜਪਾਂ ਹੋਣ ਕਾਰਨ ਤਣਾਅ ਵਧਿਆ ਹੋਇਆ ਹੈ।

ਸੂਤਰਾਂ ਅਨੁਸਾਰ ਖੈਬਰ-ਪਖਤੂਨਖਵਾ ਸੂਬੇ ਵਿੱਚ ਤੋਰਖਮ ਸਰਹੱਦ ਦੇ ਨੇੜੇ 4 ਡਰੋਨ ਡੇਗੇ ਗਏ, ਜਦਕਿ ਹੋਰ 4 ਡਰੋਨਾਂ ਨੂੰ ਕੋਹਾਟ ਦੇ ਨੇੜਲੇ ਪਹਾੜੀ ਇਲਾਕਿਆਂ ਵਿੱਚ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਸੂਤਰਾਂ ਨੇ ਦੱਸਿਆ ਕਿ ਕੁਝ ਡਰੋਨ ਆਮ ਮਾਡਲ ਦੇ ਸਨ, ਜਦਕਿ ਕੋਹਾਟ ਨੇੜੇ ਮਿਲੇ ਇੱਕ ਡਰੋਨ ਨੂੰ ‘ਸਾਫਟ-ਕਿੱਲ’ ਕਾਰਵਾਈ ਰਾਹੀਂ ਨਕਾਰਾ ਕੀਤੇ ਜਾਣ ਦੀ ਗੱਲ ਕਹੀ ਗਈ ਹੈ।

ਪਾਕਿਸਤਾਨੀ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਇਨ੍ਹਾਂ ਡਰੋਨਾਂ ਰਾਹੀਂ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਇਨ੍ਹਾਂ ਘਟਨਾਵਾਂ ਨੂੰ ਪਾਕਿਸਤਾਨ ਵਿਰੁੱਧ ਸਰਗਰਮ ਅਤਿਵਾਦੀਆਂ ਨੂੰ ਅਫ਼ਗਾਨ ਤਾਲਿਬਾਨ ਵੱਲੋਂ ਕਥਿਤ ਸਮਰਥਨ ਨਾਲ ਜੋੜਿਆ ਹੈ। ਦੂਜੇ ਪਾਸੇ, ਤਾਲਿਬਾਨ ਸਰਕਾਰ ਨੇ ਪਾਕਿਸਤਾਨ ਵੱਲੋਂ ਲਗਾਏ ਦੋਸ਼ਾਂ ਨੂੰ ਰੱਦ ਕੀਤਾ ਹੈ।

ਸਰਹੱਦ ’ਤੇ ਗੋਲੀਬਾਰੀ ਮਗਰੋਂ ਵਧਿਆ ਤਣਾਅ

ਡਰੋਨਾਂ ਨਾਲ ਜੁੜੀ ਇਹ ਘਟਨਾ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੀ ਸਰਹੱਦ ’ਤੇ ਜਾਰੀ ਗੋਲੀਬਾਰੀ ਦੌਰਾਨ ਸਾਹਮਣੇ ਆਈ। ਪਾਕਿਸਤਾਨੀ ਅਧਿਕਾਰੀਆਂ ਮੁਤਾਬਕ ਪਕਤੀਆ ਅਤੇ ਨੰਗਰਹਾਰ ਸੂਬਿਆਂ ਵਿੱਚ ਅਫ਼ਗਾਨ ਸਰਹੱਦੀ ਚੌਕੀਆਂ ਨੇੜੇ ਅਤਿਵਾਦੀਆਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਬਣਾਇਆ।

ਪਾਕਿਸਤਾਨੀ ਪੱਖ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਅਫ਼ਗਾਨ ਤਾਲਿਬਾਨ ਬਲਾਂ ਨੇ ਪਾਕਿਸਤਾਨੀ ਸਰਹੱਦੀ ਚੌਕੀਆਂ ’ਤੇ ਮੋਰਟਾਰ ਅਤੇ ਹੋਰ ਭਾਰੀ ਹਥਿਆਰਾਂ ਨਾਲ ਗੋਲੀਬਾਰੀ ਕੀਤੀ, ਜਿਸ ਦੇ ਜਵਾਬ ਵਿੱਚ ਪਾਕਿਸਤਾਨੀ ਫ਼ੌਜ ਨੇ ਵੀ ਕਾਰਵਾਈ ਕੀਤੀ। ਹਾਲਾਂਕਿ ਅਫ਼ਗਾਨ ਤਾਲਿਬਾਨ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ।

ਇਹ ਤਣਾਅ ਅਫ਼ਗਾਨਿਸਤਾਨ ਵਿੱਚ ਪਾਕਿਸਤਾਨ ਵੱਲੋਂ ਦੋ ਦਿਨ ਪਹਿਲਾਂ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਹੋਰ ਵਧਿਆ ਹੈ। ਇਸਲਾਮਾਬਾਦ ਨੇ ਕਿਹਾ ਸੀ ਕਿ ਇਨ੍ਹਾਂ ਹਮਲਿਆਂ ਵਿੱਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨਾਲ ਜੁੜੇ ਅਤਿਵਾਦੀਆਂ ਦੇ ਕੈਂਪਾਂ ਅਤੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਪਾਕਿਸਤਾਨ ਦੇ ਸੂਚਨਾ ਮੰਤਰਾਲੇ ਮੁਤਾਬਕ ਇਨ੍ਹਾਂ ਹਵਾਈ ਹਮਲਿਆਂ ਵਿੱਚ ਕਈ ਆਤਮਘਾਤੀ ਹਮਲਾਵਰਾਂ ਸਮੇਤ 28 ਅਤਿਵਾਦੀ ਮਾਰੇ ਗਏ ਸਨ। ਇਸ ਦਾਅਵੇ ’ਤੇ ਅਫ਼ਗਾਨ ਅਧਿਕਾਰੀਆਂ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਹਮਲਿਆਂ ਵਿੱਚ ਅਫ਼ਗਾਨ ਇਲਾਕੇ ਦੇ ਪਿੰਡਾਂ ਵਿੱਚ ਘੱਟੋ-ਘੱਟ 3 ਨਾਗਰਿਕਾਂ ਦੀ ਮੌਤ ਹੋਈ ਅਤੇ 4 ਹੋਰ ਜ਼ਖ਼ਮੀ ਹੋਏ ਹਨ।