ਓਟਵਾ ’ਚ ‘ਟਰੰਪ ਐਵੇਨਿਊ’ ਦੇ ਨਾਮ ਨੂੰ ਲੈ ਕੇ ਵਿਵਾਦ, ਬਦਲਾਅ ਦੀ ਉੱਠੀ ਮੰਗ

ਅਮਰੀਕਾ-ਕੈਨੇਡਾ ਤਣਾਅ ਦਰਮਿਆਨ ਓਟਵਾ ’ਚ ‘ਟਰੰਪ ਐਵੇਨਿਊ’ ਦਾ ਨਾਮ ਬਦਲਣ ਦੀ ਪ੍ਰਕਿਰਿਆ ਸ਼ੁਰੂ

ਅਮਰੀਕਾ ਅਤੇ ਕੈਨੇਡਾ ਵਿਚਕਾਰ ਵਪਾਰ ਅਤੇ ਟੈਰਿਫ ਮਾਮਲੇ ਨੂੰ ਲੈ ਕੇ ਵਧ ਰਹੇ ਤਣਾਅ ਦਾ ਅਸਰ ਹੁਣ ਸਥਾਨਕ ਪੱਧਰ ’ਤੇ ਵੀ ਦਿਖਾਈ ਦੇਣ ਲੱਗਾ ਹੈ। ਓਟਵਾ ਸਿਟੀ ਕੌਂਸਲ ਨੇ ਸ਼ਹਿਰ ਦੇ ਸੈਂਟਰਲ ਪਾਰਕ ਇਲਾਕੇ ਵਿੱਚ ਸਥਿਤ ‘ਟਰੰਪ ਐਵੇਨਿਊ’ ਦਾ ਨਾਮ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਸਰਬਸੰਮਤੀ ਨਾਲ ਵੋਟ ਕੀਤਾ ਹੈ।

ਇਹ ਸੜਕ ਉਸ ਇਲਾਕੇ ਵਿੱਚ ਸਥਿਤ ਹੈ ਜਿੱਥੇ ਕਈ ਸੜਕਾਂ ਅਤੇ ਪਾਰਕਾਂ ਦੇ ਨਾਮ ਨਿਊਯਾਰਕ ਸਿਟੀ ਨਾਲ ਜੁੜੇ ਹਨ। ‘ਮੈਨਹੈਟਨ ਕਰੈਸੈਂਟ’, ‘ਸਟੇਟਨ ਵੇਅ’ ਅਤੇ ‘ਬਲੂਮਿੰਗਡੇਲ ਸਟਰੀਟ’ ਸਮੇਤ ਹੋਰ ਨਾਮ ਵੀ ਇਸੇ ਥੀਮ ਦਾ ਹਿੱਸਾ ਹਨ। ‘ਟਰੰਪ ਐਵੇਨਿਊ’ ਦਾ ਨਾਮ ਵੀ ਉਸ ਸਮੇਂ ਰੱਖਿਆ ਗਿਆ ਸੀ ਜਦੋਂ ਡੋਨਲਡ ਟਰੰਪ ਮੁੱਖ ਤੌਰ ’ਤੇ ਨਿਊਯਾਰਕ ਦੇ ਕਾਰੋਬਾਰੀ ਅਤੇ ਰੀਅਲ ਅਸਟੇਟ ਡਿਵੈਲਪਰ ਵਜੋਂ ਜਾਣੇ ਜਾਂਦੇ ਸਨ।

ਸਿਟੀ ਕੌਂਸਲ ਵੱਲੋਂ ਲਏ ਗਏ ਫ਼ੈਸਲੇ ਤੋਂ ਬਾਅਦ ਹੁਣ ਨਵਾਂ ਨਾਮ ਚੁਣਨ ਲਈ ਸਥਾਨਕ ਪੱਧਰ ’ਤੇ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਇਸ ਪ੍ਰਕਿਰਿਆ ਵਿੱਚ ਪ੍ਰਭਾਵਿਤ ਘਰ ਮਾਲਕਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਜਾਣਾ ਹੈ। ਨਵਾਂ ਨਾਮ ਤੈਅ ਹੋਣ ਮਗਰੋਂ ਸੜਕ ਦੇ ਸਾਈਨ ਬਦਲਣ ਦੇ ਨਾਲ-ਨਾਲ ਸਰਕਾਰੀ ਰਿਕਾਰਡ, ਡਾਕ, ਐਮਰਜੈਂਸੀ ਸੇਵਾਵਾਂ ਅਤੇ ਹੋਰ ਸਬੰਧਤ ਵਿਭਾਗਾਂ ਵਿੱਚ ਪਤਾ ਅਪਡੇਟ ਕਰਨ ਦੀ ਪ੍ਰਕਿਰਿਆ ਵੀ ਹੋਵੇਗੀ।

‘ਟਰੰਪ ਐਵੇਨਿਊ’ ਦਾ ਨਾਮ ਬਦਲਣ ਦਾ ਮੁੱਦਾ ਪਹਿਲਾਂ ਵੀ ਉੱਠ ਚੁੱਕਾ ਹੈ। 2021 ਵਿੱਚ ਇਸ ਸਬੰਧੀ ਹੋਈ ਕੋਸ਼ਿਸ਼ ਦੌਰਾਨ ਸਥਾਨਕ ਜਾਇਦਾਦ ਮਾਲਕਾਂ ਦੀ ਰਾਏ ਵੰਡੀ ਹੋਈ ਸੀ, ਜਿਸ ਕਾਰਨ ਉਸ ਵੇਲੇ ਨਾਮ ਬਦਲਣ ਦੀ ਪ੍ਰਕਿਰਿਆ ਅੱਗੇ ਨਹੀਂ ਵਧ ਸਕੀ ਸੀ।

ਹੁਣ ਅਮਰੀਕਾ-ਕੈਨੇਡਾ ਸਬੰਧਾਂ ਵਿੱਚ ਵਪਾਰਕ ਵਿਵਾਦਾਂ ਅਤੇ ਟੈਰਿਫ ਨੂੰ ਲੈ ਕੇ ਵਧੇ ਤਣਾਅ ਦੇ ਦੌਰਾਨ ਇਹ ਮੁੱਦਾ ਮੁੜ ਚਰਚਾ ਵਿੱਚ ਆਇਆ ਅਤੇ ਕੌਂਸਲ ਨੇ ਨਾਮ ਬਦਲਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਨਵਾਂ ਨਾਮ ਕੀ ਹੋਵੇਗਾ, ਇਸ ਬਾਰੇ ਅਜੇ ਅੰਤਿਮ ਫ਼ੈਸਲਾ ਨਹੀਂ ਹੋਇਆ।