ਉੱਤਰਾਖੰਡ ਦੇ ਤੁੰਗਨਾਥ ਟਰੈਕ ’ਤੇ ਖੱਡ ਵਿੱਚ ਡਿੱਗੀ ਪੰਜਾਬਣ ਸ਼ਰਧਾਲੂ, ਗਈ ਜਾਨ

ਉੱਤਰਾਖੰਡ ਦੇ ਪ੍ਰਸਿੱਧ ਤੁੰਗਨਾਥ ਧਾਮ ਨੂੰ ਜਾਣ ਵਾਲੇ ਪੈਦਲ ਮਾਰਗ ’ਤੇ ਇੱਕ ਦਰਦਨਾਕ ਹਾਦਸੇ ਵਿੱਚ ਪੰਜਾਬ ਦੀ ਇੱਕ ਮਹਿਲਾ ਸ਼ਰਧਾਲੂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਚੋਪਤਾ-ਤੁੰਗਨਾਥ ਟਰੈਕ ਦੇ ਨਾਲ ਲੱਗਦੀ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ।

ਦੁਨੀਆ ਦੇ ਸਭ ਤੋਂ ਉੱਚੇ ਸ਼ਿਵ ਮੰਦਰਾਂ ਵਿੱਚ ਸ਼ੁਮਾਰ ਤੁੰਗਨਾਥ ਮੰਦਰ ਸਮੁੰਦਰ ਤਲ ਤੋਂ 12 ਹਜ਼ਾਰ ਫੁੱਟ ਤੋਂ ਵੱਧ ਉਚਾਈ ’ਤੇ ਸਥਿਤ ਹੈ ਅਤੇ ਹਿੰਦੂ ਧਰਮ ਅਨੁਯਾਇਆਂ ਲਈ ਅਹਿਮ ਤੀਰਥ ਸਥਾਨ ਮੰਨਿਆ ਜਾਂਦਾ ਹੈ।

ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਅਨੁਸਾਰ ਐਤਵਾਰ ਸ਼ਾਮ ਰਾਵਣਸ਼ਿਲਾ ਨੇੜੇ ਇੱਕ ਮਹਿਲਾ ਦੇ ਕਰੀਬ 400 ਮੀਟਰ ਡੂੰਘੀ ਖੱਡ ਵਿੱਚ ਡਿੱਗ ਕੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਬਚਾਅ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਗਿਆ।

ਸੋਮਵਾਰ ਨੂੰ ਤਲਾਸ਼ੀ ਦੌਰਾਨ ਮਹਿਲਾ ਦੀ ਲਾਸ਼ ਚੋਪਤਾ-ਤੁੰਗਨਾਥ ਮਾਰਗ ਦੇ ਨੇੜੇ ਖੱਡ ਵਿੱਚ ਡੂੰਘਾਈ ’ਚੋਂ ਬਰਾਮਦ ਕੀਤੀ ਗਈ। ਐੱਸ.ਡੀ.ਆਰ.ਐੱਫ. ਅਤੇ ਪੁਲੀਸ ਟੀਮਾਂ ਨੇ ਸਾਂਝੇ ਤੌਰ ’ਤੇ ਰੈਸਕਿਊ ਆਪ੍ਰੇਸ਼ਨ ਚਲਾਉਂਦਿਆਂ ਲਾਸ਼ ਨੂੰ ਬਾਹਰ ਕੱਢਿਆ ਅਤੇ ਸਟ੍ਰੈਚਰ ਰਾਹੀਂ ਲਗਭਗ ਤਿੰਨ ਕਿਲੋਮੀਟਰ ਦੂਰ ਚੋਪਤਾ ਤੱਕ ਪਹੁੰਚਾਇਆ।

ਮ੍ਰਿਤਕਾ ਦੀ ਪਛਾਣ ਪੰਜਾਬ ਦੀ ਰਹਿਣ ਵਾਲੀ 26 ਸਾਲਾ ਪੂਜਾ ਸਾਹਨੀ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੋੜੀਂਦੀ ਕਾਨੂੰਨੀ ਕਾਰਵਾਈ ਲਈ ਮ੍ਰਿਤਕਾ ਦੀ ਲਾਸ਼ ਜ਼ਿਲ੍ਹਾ ਪੁਲੀਸ ਦੇ ਹਵਾਲੇ ਕਰ ਦਿੱਤੀ ਗਈ ਹੈ।