India Inflation: ਥੋਕ ਮਹਿੰਗਾਈ 9.92% ’ਤੇ ਪੁੱਜੀ, ਖੁਰਾਕੀ ਕੀਮਤਾਂ ਨਾਲ ਪਰਚੂਨ ਦਰ ਵੀ ਵਧੀ
ਨਵੀਂ ਦਿੱਲੀ: ਦੇਸ਼ ਵਿੱਚ ਮਹਿੰਗਾਈ ਦਾ ਦਬਾਅ ਅਗਸਤ ਮਹੀਨੇ ਦੌਰਾਨ ਵਧਦਾ ਨਜ਼ਰ ਆਇਆ। ਥੋਕ ਕੀਮਤ ਸੂਚਕ ਅੰਕ (WPI) ਆਧਾਰਿਤ ਮਹਿੰਗਾਈ ਦਰ ਅਗਸਤ ਵਿੱਚ ਵਧ ਕੇ 9.92 ਫ਼ੀਸਦ ਹੋ ਗਈ, ਜਦਕਿ ਜੁਲਾਈ ਵਿੱਚ ਇਹ ਦਰ 9.78 ਫ਼ੀਸਦ ਦਰਜ ਕੀਤੀ ਗਈ ਸੀ। ਸਰਕਾਰੀ ਅੰਕੜਿਆਂ ਮੁਤਾਬਕ ਖੁਰਾਕੀ ਵਸਤਾਂ, ਈਂਧਣ ਅਤੇ ਨਿਰਮਾਣ ਖੇਤਰ ਨਾਲ ਜੁੜੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਸਰ ਥੋਕ ਮਹਿੰਗਾਈ ’ਤੇ ਪਿਆ।
ਇਸੇ ਦੌਰਾਨ ਪਰਚੂਨ ਮਹਿੰਗਾਈ ਦਰ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਸਰਕਾਰੀ ਅੰਕੜਿਆਂ ਅਨੁਸਾਰ ਅਗਸਤ ਵਿੱਚ ਖਪਤਕਾਰ ਕੀਮਤ ਸੂਚਕ ਅੰਕ (CPI) ਆਧਾਰਿਤ ਮਹਿੰਗਾਈ ਦਰ ਵਧ ਕੇ 4.82 ਫ਼ੀਸਦ ਹੋ ਗਈ, ਜਦਕਿ ਜੁਲਾਈ ਵਿੱਚ ਇਹ 4.45 ਫ਼ੀਸਦ ਸੀ। ਪਰਚੂਨ ਮਹਿੰਗਾਈ ਵਿੱਚ ਵਾਧੇ ਦਾ ਮੁੱਖ ਕਾਰਨ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਮੰਨਿਆ ਜਾ ਰਿਹਾ ਹੈ।
ਖੁਰਾਕੀ ਮਹਿੰਗਾਈ ਵੀ ਵਧੀ
ਕੌਮੀ ਅੰਕੜਾ ਦਫ਼ਤਰ (NSO) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਗਸਤ ਵਿੱਚ ਖੁਰਾਕੀ ਮਹਿੰਗਾਈ ਦਰ 5.95 ਫ਼ੀਸਦ ਰਹੀ। ਜੁਲਾਈ ਵਿੱਚ ਇਹ 5.52 ਫ਼ੀਸਦ ਸੀ। ਇਸ ਤਰ੍ਹਾਂ ਇੱਕ ਮਹੀਨੇ ਦੌਰਾਨ ਖੁਰਾਕੀ ਮਹਿੰਗਾਈ ਵਿੱਚ ਵੀ ਵਾਧਾ ਦਰਜ ਕੀਤਾ ਗਿਆ।
ਮਹਿੰਗਾਈ ਦੇ ਰੁਝਾਨ ਨੂੰ ਦੇਖਦਿਆਂ ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਲ 2026-27 ਲਈ ਖਪਤਕਾਰ ਕੀਮਤ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ 5 ਫ਼ੀਸਦ ਰਹਿਣ ਦਾ ਅਨੁਮਾਨ ਲਗਾਇਆ ਹੈ।
ਪੱਛਮੀ ਏਸ਼ੀਆ ਦਾ ਤਣਾਅ ਵੀ ਬਣ ਸਕਦਾ ਹੈ ਕਾਰਨ
ਆਰਥਿਕ ਮਾਹਿਰਾਂ ਮੁਤਾਬਕ ਥੋਕ ਮਹਿੰਗਾਈ ਵਿੱਚ ਆਈ ਤੇਜ਼ੀ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਵਿੱਚ ਵੀ ਦਬਾਅ ਬਣਿਆ ਰਹਿ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਮੁੜ ਵਧ ਰਹੇ ਤਣਾਅ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਆ ਸਕਦਾ ਹੈ।
ਮਾਹਿਰਾਂ ਅਨੁਸਾਰ ਜੇਕਰ ਆਲਮੀ ਪੱਧਰ ’ਤੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਜਾਂ ਅਸਥਿਰਤਾ ਜਾਰੀ ਰਹਿੰਦੀ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ ਭਾਰਤ ਦੀ ਥੋਕ ਕੀਮਤ ਆਧਾਰਿਤ ਮਹਿੰਗਾਈ ’ਤੇ ਵੀ ਪੈ ਸਕਦਾ ਹੈ।







