ਖਰੜ ’ਚ ਮੀਂਹ ਬਣਿਆ ਕਹਿਰ, ਪਾਣੀ ਘਰ ਵਿੱਚ ਵੜਨ ਕਾਰਨ ਮਾਸੂਮ ਦੀ ਮੌਤ

Kharar Rain Child Death: ਖਰੜ ਦੇ ਵਾਰਡ ਨੰਬਰ 16 ਵਿੱਚ ਭਾਰੀ ਮੀਂਹ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਸਾਲਾ ਬੱਚੇ ਦੀ ਮੌਤ ਹੋ ਗਈ। ਤੇਜ਼ ਬਾਰਿਸ਼ ਕਾਰਨ ਡਰੇਨੇਜ ਲਾਈਨ ਦਾ ਪਾਣੀ ਓਵਰਫਲੋ ਹੋ ਕੇ ਇੱਕ ਘਰ ਅੰਦਰ ਦਾਖਲ ਹੋ ਗਿਆ। ਪਾਣੀ ਦਾ ਵਹਾਅ ਇੰਨਾ ਜ਼ੋਰਦਾਰ ਸੀ ਕਿ ਇਹ ਘਰ ਦੇ ਇੱਕ ਕਮਰੇ ਵਿੱਚ ਪਏ ਮੰਜੇ ਤੱਕ ਪਹੁੰਚ ਗਿਆ। ਉਸ ਸਮੇਂ ਮੰਜੇ ’ਤੇ ਸੁੱਤਾ ਹੋਇਆ ਦੋ ਸਾਲਾ ਬੱਚਾ ਪਾਣੀ ਦੇ ਤੇਜ਼ ਰੇਲੇ ਕਾਰਨ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੇਵਾ ਵਜੋਂ ਹੋਈ ਹੈ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ।

ਮੁਹਾਲੀ ਏਅਰਪੋਰਟ ਇਲਾਕੇ ਵਿੱਚ 121 ਐੱਮਐੱਮ ਮੀਂਹ ਦਰਜ

ਟਰਾਈਸਿਟੀ ਵਿੱਚ ਐਤਵਾਰ ਨੂੰ ਹੋਈ ਭਾਰੀ ਬਾਰਿਸ਼ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ। ਮੁਹਾਲੀ ਦੇ ਫੇਜ਼-10 ਵਿੱਚ ਇੱਕ ਸਾਲ ਪਹਿਲਾਂ ਸੀਵਰੇਜ ਪਾਉਣ ਲਈ ਪੁੱਟੀ ਗਈ ਸੜਕ ਮੀਂਹ ਕਾਰਨ ਧੱਸ ਗਈ, ਜਿਸ ਵਿੱਚ ਇੱਕ ਕਾਰ ਫਸ ਗਈ। ਚੰਡੀਗੜ੍ਹ ਵਿੱਚ ਵੀ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਮਾੜੀ ਵਿਜ਼ੀਬਿਲਟੀ ਅਤੇ ਖਰਾਬ ਮੌਸਮ ਦੇ ਚਲਦਿਆਂ ਹਵਾਈ ਸੇਵਾਵਾਂ ’ਤੇ ਵੀ ਅਸਰ ਪਿਆ ਅਤੇ ਕੋਲਕਾਤਾ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਜੈਪੁਰ ਵੱਲ ਮੋੜਨਾ ਪਿਆ।

ਪੰਜਾਬ ਵਿੱਚ 17 ਸਤੰਬਰ ਤੱਕ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਨੇ ਪੰਜਾਬ ਵਿੱਚ 17 ਸਤੰਬਰ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕਰਦਿਆਂ ਅਗਲੇ ਚਾਰ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅੱਜ ਮੀਂਹ ਰਿਕਾਰਡ ਕੀਤਾ ਗਿਆ। ਚੰਡੀਗੜ੍ਹ ਵਿੱਚ 38.3 ਐੱਮਐੱਮ ਅਤੇ ਚੰਡੀਗੜ੍ਹ ਏਅਰਪੋਰਟ ਦੇ ਇਲਾਕੇ ਵਿੱਚ ਸਭ ਤੋਂ ਵੱਧ 121 ਐੱਮਐੱਮ ਮੀਂਹ ਦਰਜ ਹੋਇਆ। ਇਸ ਤੋਂ ਇਲਾਵਾ ਬਠਿੰਡਾ ਵਿੱਚ 13 ਐੱਮਐੱਮ, ਫਤਹਿਗੜ੍ਹ ਸਾਹਿਬ ਵਿੱਚ 4.5 ਐੱਮਐੱਮ, ਰੂਪਨਗਰ ਵਿੱਚ 24 ਐੱਮਐੱਮ ਅਤੇ ਬਰਨਾਲਾ ਵਿੱਚ 9 ਐੱਮਐੱਮ ਬਾਰਿਸ਼ ਦਰਜ ਕੀਤੀ ਗਈ। ਜ਼ੀਰਕਪੁਰ, ਮੁਹਾਲੀ, ਪਟਿਆਲਾ ਅਤੇ ਸੰਗਰੂਰ ਦੇ ਕਈ ਇਲਾਕਿਆਂ ਵਿੱਚ ਵੀ ਭਾਰੀ ਮੀਂਹ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਇਸੇ ਦੌਰਾਨ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਏਅਰਪੋਰਟ ਖੇਤਰ ਵਿੱਚ 37.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ 34.8, ਅੰਮ੍ਰਿਤਸਰ ਵਿੱਚ 34.6, ਲੁਧਿਆਣਾ ਵਿੱਚ 34.4, ਪਟਿਆਲਾ ਵਿੱਚ 34.2, ਪਠਾਨਕੋਟ ਵਿੱਚ 35.4 ਅਤੇ ਜਲੰਧਰ ਵਿੱਚ 33.9 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।