ਬਰਨਾਲਾ ਵਿੱਚ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਤਿੰਨ ਅਣਪਛਾਤੇ ਨੌਜਵਾਨ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਅਤੇ ਘਰ ਦੇ ਗੇਟ ‘ਤੇ ਕਈ ਰਾਊਂਡ ਫਾਇਰ ਕਰਕੇ ਮੌਕੇ ਤੋਂ ਫਰਾਰ ਹੋ ਗਏ। ਗੋਲੀਬਾਰੀ ਦੀ ਇਹ ਪੂਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਦੀ ਘਟਨਾ ਰਾਤ ਕਰੀਬ 1 ਤੋਂ 2 ਵਜੇ ਦੇ ਦਰਮਿਆਨ ਵਾਪਰੀ। ਹਮਲਾਵਰਾਂ ਵੱਲੋਂ 7 ਤੋਂ 8 ਰਾਊਂਡ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਕਈ ਗੋਲੀਆਂ ਘਰ ਦੇ ਗੇਟ ‘ਤੇ ਲੱਗੀਆਂ। ਖੁਸ਼ਕਿਸਮਤੀ ਨਾਲ ਇਸ ਘਟਨਾ ਦੌਰਾਨ ਕਿਸੇ ਵੀ ਵਿਅਕਤੀ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਸੀਸੀਟੀਵੀ ਵਿੱਚ ਕੈਦ ਹੋਈ ਪੂਰੀ ਵਾਰਦਾਤ
ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਤਿੰਨ ਨੌਜਵਾਨ ਇੱਕ ਮੋਟਰਸਾਈਕਲ ‘ਤੇ ਆਉਂਦੇ ਹਨ ਅਤੇ ਘਰ ਦੇ ਨੇੜੇ ਬਾਈਕ ਰੋਕਦੇ ਹਨ। ਇਸ ਤੋਂ ਬਾਅਦ ਵਿਚਕਾਰ ਬੈਠਾ ਨੌਜਵਾਨ ਪਿਸਤੌਲ ਕੱਢ ਕੇ ਗੋਲੀਬਾਰੀ ਕਰਦਾ ਹੈ। ਉਸ ਦੇ ਪਿੱਛੇ ਬੈਠਾ ਦੂਜਾ ਨੌਜਵਾਨ ਵੀ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਹੈ, ਜਦਕਿ ਮੋਟਰਸਾਈਕਲ ਚਲਾ ਰਿਹਾ ਤੀਜਾ ਨੌਜਵਾਨ ਘਟਨਾ ਦੀ ਵੀਡੀਓ ਬਣਾਉਂਦਾ ਦਿਖਾਈ ਦੇ ਰਿਹਾ ਹੈ।
ਪਹਿਲਾਂ ਵੀ ਮਿਲ ਚੁੱਕੀਆਂ ਸਨ ਧਮਕੀਆਂ
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਗੁਲਾਬ ਸਿੱਧੂ ਨੂੰ ਕਥਿਤ ਤੌਰ ‘ਤੇ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੀ ਗੱਲ ਸਾਹਮਣੇ ਆਈ ਸੀ। ਮੌਜੂਦਾ ਘਟਨਾ ਦੇ ਸਮੇਂ ਗਾਇਕ ਖੁਦ ਘਰ ਵਿੱਚ ਮੌਜੂਦ ਨਹੀਂ ਸਨ। ਪਰਿਵਾਰ ਮੁਤਾਬਕ ਉਹ ਇਨ੍ਹੀਂ ਦਿਨੀਂ ਵਿਦੇਸ਼ ਵਿੱਚ ਸੰਗੀਤਕ ਸ਼ੋਅ ਅਤੇ ਪ੍ਰੋਗਰਾਮਾਂ ਲਈ ਗਏ ਹੋਏ ਹਨ।
ਇਸ ਤੋਂ ਪਹਿਲਾਂ 10 ਜਨਵਰੀ 2026 ਨੂੰ ਬਰਨਾਲਾ ਪੁਲਿਸ ਨੇ ਗੁਲਾਬ ਸਿੱਧੂ ‘ਤੇ ਹਮਲੇ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਕੋਟਦੁਨਾ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਉਰਫ਼ ਕਿੰਦਾ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਸੀ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਸਦਰ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਵੱਲੋਂ ਗੋਲੀਬਾਰੀ ਦੀ ਪੁਸ਼ਟੀ ਕੀਤੀ ਗਈ ਹੈ। ਜਾਂਚ ਟੀਮ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਹਮਲਾਵਰਾਂ ਦੀ ਪਛਾਣ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਆਸ-ਪਾਸ ਦੀਆਂ ਗਲੀਆਂ ਅਤੇ ਪਿੰਡ ਦੀਆਂ ਮੁੱਖ ਸੜਕਾਂ ‘ਤੇ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਘਟਨਾ ਨਾਲ ਜੁੜੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਸਬੂਤ ਇਕੱਠੇ ਕਰਨ ਤੋਂ ਬਾਅਦ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।







