ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ, 16 ਮੰਗਾਂ ’ਤੇ ਸਰਕਾਰ ਨਾਲ ਬਣੀ ਸਹਿਮਤੀ

Sanitation Workers Strike Ends: 37 ਦਿਨਾਂ ਬਾਅਦ ਸਫ਼ਾਈ ਸੇਵਕ ਕੰਮ ’ਤੇ ਪਰਤੇ, 16 ਮੰਗਾਂ ’ਤੇ ਬਣੀ ਸਹਿਮਤੀ

ਹਰਿਆਣਾ: ਲਗਾਤਾਰ 37 ਦਿਨਾਂ ਤੱਕ ਚੱਲੀ ਹੜਤਾਲ ਤੋਂ ਬਾਅਦ ਹਰਿਆਣਾ ਭਰ ਦੇ ਸਫ਼ਾਈ ਕਰਮਚਾਰੀਆਂ ਨੇ ਸ਼ਨੀਵਾਰ ਨੂੰ ਮੁੜ ਆਪਣੀਆਂ ਡਿਊਟੀਆਂ ਸੰਭਾਲ ਲਈਆਂ। ਸ਼ੁੱਕਰਵਾਰ ਦੇਰ ਸ਼ਾਮ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਹੋਈ ਬੈਠਕ ਵਿੱਚ ਸਫ਼ਾਈ ਕਰਮਚਾਰੀਆਂ ਦੀਆਂ 16 ਪ੍ਰਮੁੱਖ ਮੰਗਾਂ ’ਤੇ ਸਹਿਮਤੀ ਬਣਨ ਤੋਂ ਬਾਅਦ ਯੂਨੀਅਨਾਂ ਵੱਲੋਂ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ ਗਿਆ।

ਲੰਮੀ ਹੜਤਾਲ ਕਾਰਨ ਸੂਬੇ ਦੇ ਕਈ ਸ਼ਹਿਰਾਂ ਵਿੱਚ ਸਫ਼ਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਵੱਖ-ਵੱਖ ਥਾਵਾਂ ’ਤੇ ਕੂੜੇ ਦੇ ਢੇਰ ਲੱਗਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਰਿਹਾ। ਇਸ ਦੌਰਾਨ ਕੁਝ ਥਾਵਾਂ ’ਤੇ ਸਫ਼ਾਈ ਕਰਮਚਾਰੀਆਂ ਅਤੇ ਪੁਲੀਸ ਵਿਚਕਾਰ ਤਣਾਅ ਦੀ ਸਥਿਤੀ ਵੀ ਪੈਦਾ ਹੋਈ, ਜਦੋਂ ਪ੍ਰਸ਼ਾਸਨ ਵੱਲੋਂ ਪੁਲੀਸ ਦੀ ਮਦਦ ਨਾਲ ਕੂੜਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਗਈ।

ਜ਼ਿਕਰਯੋਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਸਫ਼ਾਈ ਕਰਮਚਾਰੀ 6 ਅਗਸਤ ਤੋਂ ਹੜਤਾਲ ’ਤੇ ਸਨ। ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਕਰਨਾਲ ਸਮੇਤ ਪੂਰੇ ਸੂਬੇ ਵਿੱਚ ਕਰਮਚਾਰੀਆਂ ਨੇ ਕੰਮ ’ਤੇ ਵਾਪਸੀ ਕਰਦਿਆਂ ਸ਼ਹਿਰਾਂ ਦੀ ਸਫ਼ਾਈ ਸ਼ੁਰੂ ਕਰ ਦਿੱਤੀ।

ਕੰਮ ’ਤੇ ਪਰਤਣ ਮਗਰੋਂ ਸਫ਼ਾਈ ਕਰਮਚਾਰੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਸ਼ਹਿਰਾਂ ਨੂੰ ਮੁੜ ਸਾਫ਼-ਸੁਥਰਾ ਬਣਾਉਣ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ। ਸਫ਼ਾਈ ਕਰਮਚਾਰੀ ਇੰਦੂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪਹਿਲਾਂ ਹੀ ਮੰਨ ਲਈਆਂ ਜਾਂਦੀਆਂ ਤਾਂ ਸੂਬੇ ਵਿੱਚ ਸਫ਼ਾਈ ਨੂੰ ਲੈ ਕੇ ਅਜਿਹੇ ਹਾਲਾਤ ਪੈਦਾ ਨਾ ਹੁੰਦੇ।

ਇੱਕ ਹੋਰ ਕਰਮਚਾਰੀ ਰਾਣੀ ਨੇ ਦੱਸਿਆ ਕਿ ਸਰਕਾਰ ਨਾਲ ਹੋਏ ਸਮਝੌਤੇ ਤਹਿਤ ਹੁਣ ਸਫ਼ਾਈ ਕਰਮਚਾਰੀਆਂ ਨੂੰ ਵਰਦੀ ਲਈ ਦਿੱਤੀ ਜਾਣ ਵਾਲੀ ਇੱਕਮੁਸ਼ਤ ਰਕਮ ਦੀ ਥਾਂ 440 ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕਰਮਚਾਰੀਆਂ ਦੀਆਂ ਹੋਰ ਪ੍ਰਮੁੱਖ ਮੰਗਾਂ ’ਤੇ ਵੀ ਸਹਿਮਤੀ ਬਣੀ ਹੈ।

37 ਦਿਨਾਂ ਬਾਅਦ ਹੜਤਾਲ ਖ਼ਤਮ ਹੋਣ ਨਾਲ ਹੁਣ ਸੂਬੇ ਦੇ ਸ਼ਹਿਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਮੁੜ ਪਟੜੀ ’ਤੇ ਲਿਆਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ।