ਕੈਨੇਡਾ ਦੇ 11 ਹਵਾਈ ਅੱਡਿਆਂ ’ਤੇ CBSA ਸਿਸਟਮ ਡਾਊਨ, ਯਾਤਰੀਆਂ ਨੂੰ ਹੋਈ ਮੁਸ਼ਕਲ

Canada Airports: 11 ਕੌਮਾਂਤਰੀ ਹਵਾਈ ਅੱਡਿਆਂ ’ਤੇ CBSA ਸਿਸਟਮ ’ਚ ਖ਼ਰਾਬੀ, ਯਾਤਰੀਆਂ ਨੂੰ ਘੰਟਿਆਂ ਉਡੀਕ

ਟੋਰਾਂਟੋ: ਕੈਨੇਡਾ ਦੇ ਕਈ ਪ੍ਰਮੁੱਖ ਕੌਮਾਂਤਰੀ ਹਵਾਈ ਅੱਡਿਆਂ ’ਤੇ ਸੀਮਾ ਸੁਰੱਖਿਆ ਸੇਵਾਵਾਂ ਏਜੰਸੀ (CBSA) ਦੇ ਸਿਸਟਮ ਵਿੱਚ ਤਕਨੀਕੀ ਖ਼ਰਾਬੀ ਆਉਣ ਕਾਰਨ ਕਈ ਘੰਟਿਆਂ ਤੱਕ ਸੇਵਾਵਾਂ ਪ੍ਰਭਾਵਿਤ ਰਹੀਆਂ। ਇਸ ਦੌਰਾਨ ਵਿਦੇਸ਼ਾਂ ਤੋਂ ਪਹੁੰਚਣ ਵਾਲੇ ਯਾਤਰੀਆਂ ਦੀ ਜਾਂਚ ਪ੍ਰਕਿਰਿਆ ਮੈਨੂਅਲ ਤਰੀਕੇ ਨਾਲ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਨਿਕਲਣ ਲਈ ਲੰਮਾ ਸਮਾਂ ਉਡੀਕ ਕਰਨੀ ਪਈ।

CBSA ਨੇ ਸਪੱਸ਼ਟ ਕੀਤਾ ਕਿ ਸਿਸਟਮ ਵਿੱਚ ਆਈ ਖ਼ਰਾਬੀ ਨੂੰ ਸਾਈਬਰ ਹਮਲੇ ਜਾਂ ਹੈਕਿੰਗ ਨਾਲ ਜੋੜ ਕੇ ਨਹੀਂ ਦੇਖਿਆ ਜਾ ਰਿਹਾ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਪ੍ਰਬੰਧਨ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰਕੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਮੰਗੀ ਅਤੇ ਦੱਸਿਆ ਕਿ ਸਮੱਸਿਆ CBSA ਦੇ ਸਿਸਟਮ ਵਿੱਚ ਆਈ ਸੀ।

11 ਹਵਾਈ ਅੱਡੇ ਹੋਏ ਪ੍ਰਭਾਵਿਤ

ਜਾਣਕਾਰੀ ਮੁਤਾਬਕ ਟੋਰਾਂਟੋ, ਵੈਨਕੂਵਰ, ਕੈਲਗਰੀ, ਐਡਮੰਟਨ, ਹੈਮਿਲਟਨ, ਐਬਟਸਫੋਰਡ, ਮੌਂਟਰੀਆਲ, ਔਟਵਾ ਅਤੇ ਵਿੰਨੀਪੈੱਗ ਸਮੇਤ ਕੁੱਲ 11 ਹਵਾਈ ਅੱਡਿਆਂ ’ਤੇ CBSA ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ। ਇਨ੍ਹਾਂ ਵਿੱਚੋਂ ਕੁਝ ਵੱਡੇ ਏਅਰਪੋਰਟਾਂ ’ਤੇ ਅੰਤਰਰਾਸ਼ਟਰੀ ਉਡਾਣਾਂ ਆਉਂਦੀਆਂ ਹਨ, ਜਦਕਿ ਕੁਝ ਛੋਟੇ ਹਵਾਈ ਅੱਡਿਆਂ ਦਾ ਸੰਚਾਲਨ ਮੁੱਖ ਤੌਰ ’ਤੇ ਅਮਰੀਕਾ ਅਤੇ ਮੈਕਸੀਕੋ ਨਾਲ ਜੁੜੀਆਂ ਉਡਾਣਾਂ ਤੱਕ ਸੀਮਤ ਹੈ।

ਯਾਤਰੀਆਂ ਦੀ ਪਰੇਸ਼ਾਨੀ ਘਟਾਉਣ ਲਈ ਏਜੰਸੀ ਵੱਲੋਂ ਵਾਧੂ ਸਟਾਫ ਤਾਇਨਾਤ ਕਰਨ ਦੇ ਯਤਨ ਕੀਤੇ ਗਏ। ਇਸ ਨਾਲ ਕਈ ਥਾਵਾਂ ’ਤੇ ਲੱਗੀਆਂ ਲੰਬੀਆਂ ਕਤਾਰਾਂ ਨੂੰ ਕੁਝ ਹੱਦ ਤੱਕ ਘਟਾਉਣ ਵਿੱਚ ਮਦਦ ਮਿਲੀ।

ਦੇਰ ਰਾਤ ਬਹਾਲ ਹੋਇਆ ਸਿਸਟਮ

ਰਾਤ ਕਰੀਬ 10 ਵਜੇ CBSA ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਮੰਗਦਿਆਂ ਜਾਣਕਾਰੀ ਦਿੱਤੀ ਕਿ ਉਸ ਦਾ ਸਿਸਟਮ ਮੁੜ ਆਮ ਤਰੀਕੇ ਨਾਲ ਕੰਮ ਕਰਨ ਲੱਗ ਪਿਆ ਹੈ। ਹਾਲਾਂਕਿ, ਸਿਸਟਮ ਬਹਾਲ ਹੋਣ ਤੋਂ ਬਾਅਦ ਵੀ ਏਅਰਪੋਰਟਾਂ ’ਤੇ ਬਣੀਆਂ ਲੰਬੀਆਂ ਕਤਾਰਾਂ ਅਤੇ ਬੈਕਲਾਗ ਨੂੰ ਖ਼ਤਮ ਕਰਨ ਵਿੱਚ ਕੁਝ ਹੋਰ ਘੰਟੇ ਲੱਗਣ ਦੀ ਸੰਭਾਵਨਾ ਜਤਾਈ ਗਈ।

ਸਿਸਟਮ ਵਿੱਚ ਆਈ ਇਸ ਤਕਨੀਕੀ ਖ਼ਰਾਬੀ ਕਾਰਨ ਕਈ ਯਾਤਰੀਆਂ ਨੂੰ ਆਪਣੀ ਯਾਤਰਾ ਤੋਂ ਬਾਅਦ ਏਅਰਪੋਰਟ ਤੋਂ ਬਾਹਰ ਨਿਕਲਣ ਲਈ ਆਮ ਨਾਲੋਂ ਕਾਫ਼ੀ ਵੱਧ ਸਮਾਂ ਉਡੀਕ ਕਰਨੀ ਪਈ।