ਸਿੰਧ ’ਚ ਹਿੰਦੂ ਨਾਬਾਲਗ ਲੜਕੀ ਲਾਪਤਾ, ਦੋ ਭੈਣਾਂ ਦੇ ਮਾਮਲੇ ਮਗਰੋਂ ਵਧੀ ਚਿੰਤਾ

Pakistan: ਦੋ ਨਾਬਾਲਗ ਭੈਣਾਂ ਮਗਰੋਂ ਸਿੰਧ ’ਚ ਇੱਕ ਹੋਰ 14 ਸਾਲਾ ਹਿੰਦੂ ਲੜਕੀ ਲਾਪਤਾ

ਸਿੰਧ: ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਦੋ ਨਾਬਾਲਗ ਹਿੰਦੂ ਭੈਣਾਂ ਦੇ ਕਥਿਤ ਅਗਵਾ ਅਤੇ ਜਬਰਨ ਧਰਮ ਪਰਿਵਰਤਨ ਦੇ ਮਾਮਲੇ ਤੋਂ ਕੁਝ ਦਿਨ ਬਾਅਦ ਉਸੇ ਇਲਾਕੇ ਵਿੱਚ ਇੱਕ ਹੋਰ 14 ਸਾਲਾ ਹਿੰਦੂ ਲੜਕੀ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲੜਕੀ ਬੁੱਧਵਾਰ ਤੋਂ ਲਾਪਤਾ ਦੱਸੀ ਜਾ ਰਹੀ ਹੈ। ਉਸ ਦੇ ਮਾਪਿਆਂ ਨੇ ਸ਼ਨਿੱਚਰਵਾਰ ਨੂੰ ਅਧਿਕਾਰੀਆਂ ਨੂੰ ਮਾਮਲੇ ਵਿੱਚ ਦਖ਼ਲ ਦੇਣ ਅਤੇ ਧੀ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਅਪੀਲ ਕੀਤੀ।

ਇਹ ਮਾਮਲਾ 29 ਅਗਸਤ ਨੂੰ 14 ਅਤੇ 16 ਸਾਲ ਦੀਆਂ ਦੋ ਹਿੰਦੂ ਭੈਣਾਂ ਦੇ ਕਥਿਤ ਅਗਵਾ ਅਤੇ ਜਬਰਨ ਧਰਮ ਪਰਿਵਰਤਨ ਦੀ ਘਟਨਾ ਤੋਂ ਬਾਅਦ ਸਾਹਮਣੇ ਆਇਆ ਹੈ। ਦੋਵਾਂ ਭੈਣਾਂ ਨੂੰ ਕਰਾਚੀ ਤੋਂ ਕਰੀਬ 200 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਟੰਡੋ ਅੱਲ੍ਹਾ ਯਾਰ ਦੀ ਇਬਰਾਹਿਮ ਕਲੋਨੀ ਤੋਂ ਕਥਿਤ ਤੌਰ ’ਤੇ ਅਗਵਾ ਕੀਤਾ ਗਿਆ ਸੀ।

ਬਾਅਦ ਵਿੱਚ ਪੁਲੀਸ ਨੇ ਦੋਵਾਂ ਭੈਣਾਂ ਨੂੰ ਬਰਾਮਦ ਕਰਕੇ ਟੰਡੋ ਅੱਲ੍ਹਾ ਯਾਰ ਦੀ ਸੈਸ਼ਨ ਅਦਾਲਤ ਵਿੱਚ ਪੇਸ਼ ਕੀਤਾ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਕਾਰਨ ਉਨ੍ਹਾਂ ਨੂੰ ਮਾਪਿਆਂ ਦੇ ਹਵਾਲੇ ਕਰਨ ਦੀ ਬਜਾਏ ਮਹਿਲਾ ਗ੍ਰਹਿ ਭੇਜ ਦਿੱਤਾ ਗਿਆ।

ਅਦਾਲਤ ਵਿੱਚ ਘਰ ਵਾਪਸੀ ਦੀ ਕੀਤੀ ਸੀ ਅਪੀਲ

9 ਸਤੰਬਰ ਨੂੰ ਅਦਾਲਤ ਵਿੱਚ ਸੁਣਵਾਈ ਦੌਰਾਨ ਦੋਵਾਂ ਭੈਣਾਂ ਨੇ ਭਾਵੁਕ ਅੰਦਾਜ਼ ਵਿੱਚ ਘਰ ਵਾਪਸ ਜਾਣ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ ਦੋ ਮੁਸਲਮਾਨ ਵਿਅਕਤੀਆਂ ਨੇ ਉਨ੍ਹਾਂ ਨੂੰ ਅਗਵਾ ਕੀਤਾ, ਉਨ੍ਹਾਂ ਦਾ ਕਥਿਤ ਤੌਰ ’ਤੇ ਜਬਰਨ ਧਰਮ ਪਰਿਵਰਤਨ ਕਰਵਾਇਆ ਅਤੇ ਬਾਅਦ ਵਿੱਚ ਉਨ੍ਹਾਂ ਨਾਲ ਵਿਆਹ ਕਰ ਲਿਆ।

ਨਾਬਾਲਗ ਹਿੰਦੂ ਲੜਕੀਆਂ ਦੀ ਸੁਰੱਖਿਆ ’ਤੇ ਚਿੰਤਾ

ਇਨ੍ਹਾਂ ਘਟਨਾਵਾਂ ਨੇ ਸਿੰਧ ਦੇ ਪੇਂਡੂ ਇਲਾਕਿਆਂ ਵਿੱਚ ਨਾਬਾਲਗ ਹਿੰਦੂ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਮੁੜ ਚਿੰਤਾ ਪੈਦਾ ਕਰ ਦਿੱਤੀ ਹੈ। ਖ਼ਾਸ ਤੌਰ ’ਤੇ ਲੜਕੀਆਂ ਦੇ ਕਥਿਤ ਅਗਵਾ, ਜਬਰਨ ਧਰਮ ਪਰਿਵਰਤਨ ਅਤੇ ਵਿਆਹ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਨਵੀਂ ਲਾਪਤਾ ਲੜਕੀ ਦੇ ਮਾਮਲੇ ਵਿੱਚ ਪਰਿਵਾਰ ਵੱਲੋਂ ਉਸ ਦੀ ਸੁਰੱਖਿਅਤ ਵਾਪਸੀ ਲਈ ਅਧਿਕਾਰੀਆਂ ਤੋਂ ਮਦਦ ਦੀ ਮੰਗ ਕੀਤੀ ਗਈ ਹੈ।