BRICS ਦਾ ਅਹਿਮ ਬਿਆਨ, ਪਹਿਲਗਾਮ ਅਤਿਵਾਦੀ ਹਮਲੇ ਦੀ ਕੀਤੀ ਸਖ਼ਤ ਨਿਖੇਧੀ

BRICS Summit: ਨਵੀਂ ਦਿੱਲੀ ਘੋਸ਼ਣਾ ਪੱਤਰ ’ਚ ਪਹਿਲਗਾਮ ਅਤਿਵਾਦੀ ਹਮਲੇ ਦੀ ਸਖ਼ਤ ਨਿਖੇਧੀ

ਨਵੀਂ ਦਿੱਲੀ: ਬ੍ਰਿਕਸ ਸਮੂਹ ਨੇ ਸ਼ਨਿੱਚਰਵਾਰ ਨੂੰ ਜਾਰੀ ਕੀਤੇ ‘ਨਵੀਂ ਦਿੱਲੀ ਘੋਸ਼ਣਾ ਪੱਤਰ’ ਵਿੱਚ ਅਪਰੈਲ 2025 ਦੌਰਾਨ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਘਾਤਕ ਅਤਿਵਾਦੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋਈ ਸੀ।

‘ਬਿਲਡਿੰਗ ਫਾਰ ਰਿਸੀਲੈਂਸ, ਇਨੋਵੇਸ਼ਨ, ਕੋਆਪਰੇਸ਼ਨ ਐਂਡ ਸਸਟੇਨੇਬਿਲਟੀ’ ਸਿਰਲੇਖ ਵਾਲੇ 45 ਪੰਨਿਆਂ ਦੇ ਘੋਸ਼ਣਾ ਪੱਤਰ ਵਿੱਚ ਬ੍ਰਿਕਸ ਦੇਸ਼ਾਂ ਨੇ ਅਤਿਵਾਦ, ਗੈਰ-ਕਾਨੂੰਨੀ ਵਿੱਤੀ ਗਤੀਵਿਧੀਆਂ, ਸਾਈਬਰ ਧੋਖਾਧੜੀ ਅਤੇ ਸਰਹੱਦ ਪਾਰ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਸਾਂਝਾ ਰੁਖ਼ ਪ੍ਰਗਟਾਇਆ ਹੈ।

ਪਹਿਲਗਾਮ ਹਮਲੇ ਦਾ ਸਪਸ਼ਟ ਜ਼ਿਕਰ

ਸੁਰੱਖਿਆ ਨਾਲ ਸਬੰਧਤ ਮੁੱਦਿਆਂ ’ਤੇ ਗੱਲ ਕਰਦਿਆਂ ਮੈਂਬਰ ਦੇਸ਼ਾਂ ਨੇ 22 ਅਪਰੈਲ 2025 ਨੂੰ ਪਹਿਲਗਾਮ ਦੀ ਬੈਸਰਨ ਵੈਲੀ ਵਿੱਚ ਹੋਏ ਅਤਿਵਾਦੀ ਹਮਲੇ ਦਾ ਸਪਸ਼ਟ ਤੌਰ ’ਤੇ ਜ਼ਿਕਰ ਕੀਤਾ। ਬ੍ਰਿਕਸ ਨੇ ਕਿਹਾ ਕਿ ਅਤਿਵਾਦ ਦੀ ਕਿਸੇ ਵੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਉਦੇਸ਼, ਸਥਾਨ ਜਾਂ ਸਮੇਂ ’ਤੇ ਅਤੇ ਕਿਸੇ ਵੀ ਵਿਅਕਤੀ ਜਾਂ ਸੰਗਠਨ ਵੱਲੋਂ ਕੀਤੀ ਗਈ ਹੋਵੇ।

ਸਾਂਝੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਅਤਿਵਾਦ ਨੂੰ ਕਿਸੇ ਧਰਮ, ਕੌਮੀਅਤ, ਸਭਿਅਤਾ ਜਾਂ ਨਸਲੀ ਸਮੂਹ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਬ੍ਰਿਕਸ ਦੇਸ਼ਾਂ ਨੇ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਜਾਂ ਉਨ੍ਹਾਂ ਨੂੰ ਸਮਰਥਨ ਦੇਣ ਵਾਲੇ ਲੋਕਾਂ ਖ਼ਿਲਾਫ਼ ਕੌਮੀ ਅਤੇ ਕੌਮਾਂਤਰੀ ਕਾਨੂੰਨਾਂ ਤਹਿਤ ਜਵਾਬਦੇਹੀ ਤੈਅ ਕਰਨ ਅਤੇ ਕਾਰਵਾਈ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਅਤਿਵਾਦ ਖ਼ਿਲਾਫ਼ ‘ਜ਼ੀਰੋ ਟਾਲਰੈਂਸ’ ਦੀ ਅਪੀਲ

ਘੋਸ਼ਣਾ ਪੱਤਰ ਵਿੱਚ ਬ੍ਰਿਕਸ ਨੇ ਅਤਿਵਾਦ ਪ੍ਰਤੀ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਉਣ ਦੀ ਅਪੀਲ ਕੀਤੀ। ਮੈਂਬਰ ਦੇਸ਼ਾਂ ਨੇ ਅਤਿਵਾਦ ਨਾਲ ਨਜਿੱਠਣ ਦੇ ਮਾਮਲੇ ਵਿੱਚ ਦੋਹਰੇ ਮਾਪਦੰਡਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਖ਼ਤਰੇ ਨਾਲ ਮੁਕਾਬਲਾ ਕਰਨ ਦੀ ਮੁੱਖ ਜ਼ਿੰਮੇਵਾਰੀ ਸਬੰਧਤ ਰਾਜਾਂ ਦੀ ਹੈ।

ਬ੍ਰਿਕਸ ਦਾ ਇਹ ਸਾਂਝਾ ਰੁਖ਼ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅੰਤਰਰਾਸ਼ਟਰੀ ਪੱਧਰ ’ਤੇ ਅਤਿਵਾਦ, ਸਰਹੱਦ ਪਾਰ ਅਪਰਾਧ ਅਤੇ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।