ਹੁਣ Zomato ਤੋਂ ਆਰਡਰ ਕਰਨਾ ਪਵੇਗਾ ਮਹਿੰਗਾ, ਕੰਪਨੀ ਨੇ ਵਧਾਏ ਚਾਰਜ

Zomato Delivery Charges: ਫੂਡ ਡਿਲਿਵਰੀ ਪਲੇਟਫਾਰਮ ਜ਼ੋਮੈਟੋ ਤੋਂ ਖਾਣਾ ਮੰਗਵਾਉਣ ਵਾਲੇ ਗਾਹਕਾਂ ਲਈ ਹੁਣ ਖਰਚਾ ਵਧਣ ਵਾਲਾ ਹੈ। ਕੰਪਨੀ ਨੇ ਕੈਸ਼ ਆਨ ਡਿਲਿਵਰੀ (COD) ਵਿਕਲਪ ਦੀ ਵਰਤੋਂ ਕਰਨ ਵਾਲੇ ਯੂਜ਼ਰਾਂ ਲਈ ਵਾਧੂ ਚਾਰਜ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਗਾਹਕ ਡਿਲਿਵਰੀ ਸਮੇਂ ਨਕਦ ਭੁਗਤਾਨ ਦੀ ਚੋਣ ਕਰਦੇ ਹਨ ਤਾਂ ਉਨ੍ਹਾਂ ਨੂੰ 5 ਰੁਪਏ ਵਾਧੂ ਅਦਾ ਕਰਨੇ ਪੈਣਗੇ।

ਇਹ ਰਕਮ ਐਪ ਦੇ ਬਿੱਲ ਵਿੱਚ ‘Pay on Delivery Fee’ ਦੇ ਨਾਂ ਹੇਠ ਵੱਖਰੇ ਤੌਰ ’ਤੇ ਦਰਸਾਈ ਜਾਵੇਗੀ। ਕੁਝ ਯੂਜ਼ਰਾਂ ਦੇ ਬਿੱਲਾਂ ਵਿੱਚ ਇਹ ਫੀਸ 7 ਰੁਪਏ ਤੋਂ 20 ਰੁਪਏ ਤੱਕ ਵੀ ਦਿਖਾਈ ਦੇ ਰਹੀ ਹੈ।

ਆਨਲਾਈਨ ਭੁਗਤਾਨ ਕਰਨ ਵਾਲਿਆਂ ਨੂੰ ਰਾਹਤ

ਜਿਹੜੇ ਗਾਹਕ ਯੂਪੀਆਈ, ਡੈਬਿਟ ਜਾਂ ਕ੍ਰੈਡਿਟ ਕਾਰਡ ਅਤੇ ਨੈੱਟ ਬੈਂਕਿੰਗ ਰਾਹੀਂ ਪਹਿਲਾਂ ਹੀ ਭੁਗਤਾਨ ਕਰਦੇ ਹਨ, ਉਨ੍ਹਾਂ ’ਤੇ ਇਹ ਵਾਧੂ ਚਾਰਜ ਲਾਗੂ ਨਹੀਂ ਹੋਵੇਗਾ। ਕੰਪਨੀ ਦਾ ਇਹ ਨਵਾਂ ਚਾਰਜ ਪਲੇਟਫਾਰਮ ਫੀਸ, ਪੈਕਿੰਗ ਚਾਰਜ, ਡਿਲਿਵਰੀ ਫੀਸ ਅਤੇ ਜੀਐਸਟੀ ਤੋਂ ਇਲਾਵਾ ਹੋਵੇਗਾ। ਇਸ ਤਰ੍ਹਾਂ ਹੁਣ ਨਕਦ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ ਖਾਣੇ ਦੀ ਕੀਮਤ ਤੋਂ ਇਲਾਵਾ ਕਈ ਹੋਰ ਚਾਰਜ ਵੀ ਭਰਨੇ ਪੈਣਗੇ।

ਦੂਜੇ ਪਾਸੇ, ਮੁਕਾਬਲੇ ਦੀ ਕੰਪਨੀ ਸਵਿਗੀ ਵੱਲੋਂ ਫਿਲਹਾਲ ਇਸ ਤਰ੍ਹਾਂ ਦਾ ਕੋਈ ਵਾਧੂ ਚਾਰਜ ਲਾਗੂ ਨਹੀਂ ਕੀਤਾ ਗਿਆ।

ਛੋਟੀ ਫੀਸ ਨਾਲ ਵੱਡੀ ਕਮਾਈ ਦੀ ਸੰਭਾਵਨਾ

ਜ਼ੋਮੈਟੋ ’ਤੇ ਹਰ ਰੋਜ਼ ਲੱਖਾਂ ਆਰਡਰ ਕੀਤੇ ਜਾਂਦੇ ਹਨ। ਅਜਿਹੇ ਵਿੱਚ ਪ੍ਰਤੀ ਆਰਡਰ ਕੁਝ ਰੁਪਏ ਦੀ ਵਾਧੂ ਫੀਸ ਵੀ ਕੰਪਨੀ ਲਈ ਵੱਡੀ ਆਮਦਨ ਦਾ ਸਰੋਤ ਬਣ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਚਾਰਜਾਂ ਰਾਹੀਂ ਕੰਪਨੀ ਨੂੰ ਸਾਲਾਨਾ ਪੱਧਰ ’ਤੇ ਕਰੋੜਾਂ ਰੁਪਏ ਦੀ ਵਾਧੂ ਕਮਾਈ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਅਪਰੈਲ 2023 ਵਿੱਚ ਜ਼ੋਮੈਟੋ ਅਤੇ ਸਵਿਗੀ ਨੇ 2 ਰੁਪਏ ਦੀ ਪਲੇਟਫਾਰਮ ਫੀਸ ਨਾਲ ਸ਼ੁਰੂਆਤ ਕੀਤੀ ਸੀ। ਸਮੇਂ ਦੇ ਨਾਲ ਇਹ ਫੀਸ ਲਗਾਤਾਰ ਵਧਦੀ ਗਈ ਅਤੇ ਹੁਣ ਇਹ ਕਈ ਗੁਣਾ ਵੱਧ ਹੋ ਚੁੱਕੀ ਹੈ। ਈ-ਕਾਮਰਸ ਅਤੇ ਫੂਡ ਡਿਲਿਵਰੀ ਕੰਪਨੀਆਂ ਅਜਿਹੇ ਛੋਟੇ-ਛੋਟੇ ਸਰਵਿਸ ਚਾਰਜਾਂ ਰਾਹੀਂ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਦੀ ਆਮਦਨ ਹਾਸਲ ਕਰ ਰਹੀਆਂ ਹਨ।