Ammy Virk Firing: ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਫਾਇਰਿੰਗ

Ammy Virk Firing: ਐਬਸਫੋਰਡ ’ਚ ਐਮੀ ਵਿਰਕ ਦੀ ਕਾਰ ’ਤੇ ਗੋਲੀਆਂ, ਚਾਰ ਸਵਾਰ ਵਾਲ-ਵਾਲ ਬਚੇ

ਐਬਸਫੋਰਡ: ਕੈਨੇਡਾ ਦੇ ਐਬਸਫੋਰਡ ਸ਼ਹਿਰ ਵਿੱਚ ਪੰਜਾਬੀ ਫਿਲਮ ਜਗਤ ਦੇ ਨਾਮਵਰ ਕਲਾਕਾਰ ਤੇ ਗਾਇਕ ਐਮੀ ਵਿਰਕ ਦੀ ਕਾਰ ’ਤੇ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦੌਰਾਨ ਕਾਰ ਵਿੱਚ ਸਵਾਰ ਐਮੀ ਵਿਰਕ ਸਮੇਤ ਚਾਰ ਵਿਅਕਤੀ ਵਾਲ-ਵਾਲ ਬਚ ਗਏ। ਗੋਲੀਆਂ ਕਾਰ ਦੇ ਸ਼ੀਸ਼ੇ ’ਤੇ ਲੱਗੀਆਂ, ਪਰ ਕਾਰ ਦੀ ਮਜ਼ਬੂਤੀ ਕਾਰਨ ਗੋਲੀਆਂ ਅੰਦਰ ਨਹੀਂ ਵੜ ਸਕੀਆਂ।

ਜਾਣਕਾਰੀ ਮੁਤਾਬਕ ਐਮੀ ਵਿਰਕ ਐਬਸਫੋਰਡ ਤੋਂ ਕੁਝ ਦੂਰੀ ’ਤੇ ਆਪਣਾ ਸ਼ੋਅ ਕਰਨ ਉਪਰੰਤ ਦੋਸਤਾਂ ਨਾਲ ਕਾਰ ਰਾਹੀਂ ਜਾ ਰਹੇ ਸਨ। ਇਸ ਦੌਰਾਨ ਮਕੱਲਮ ਰੋਡ ਅਤੇ ਸਾਊਥ ਫਰੇਜ਼ਰ ਵੇਅ ਨੇੜੇ ਉਨ੍ਹਾਂ ਦੀ ਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਈਆਂ ਗਈਆਂ। ਪੁਲੀਸ ਨੇ ਗੋਲੀਬਾਰੀ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਨਿੱਜਤਾ ਦਾ ਹਵਾਲਾ ਦਿੰਦਿਆਂ ਕਾਰ ਵਿੱਚ ਸਵਾਰ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ।

ਪੁਲੀਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਹਮਲਾਵਰਾਂ ਨੇ ਕਿਸ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਸੀ। ਇਸ ਮਾਮਲੇ ਦੀ ਜਾਂਚ ਵਿਸ਼ੇਸ਼ ਪੁਲੀਸ ਟੀਮ ਨੂੰ ਸੌਂਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਐਮੀ ਵਿਰਕ ਦੇ ਸਾਥੀਆਂ ਵਿੱਚੋਂ ਇੱਕ ’ਤੇ ਪਹਿਲਾਂ ਵੀ ਗੋਲੀਬਾਰੀ ਹੋ ਚੁੱਕੀ ਹੈ, ਹਾਲਾਂਕਿ ਉਸ ਘਟਨਾ ਵਿੱਚ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੀ।

ਪੁਲੀਸ ਮੁਤਾਬਕ ਗੋਲੀਬਾਰੀ ਤੋਂ ਬਾਅਦ ਹਮਲਾਵਰਾਂ ਵੱਲੋਂ ਵਰਤੀ ਗਈ ਕਾਰ ਨੂੰ ਕੁਝ ਦੂਰੀ ’ਤੇ ਲਿਜਾ ਕੇ ਅੱਗ ਲਗਾ ਦਿੱਤੀ ਗਈ। ਜਾਂਚ ਏਜੰਸੀਆਂ ਅਨੁਸਾਰ ਅਪਰਾਧਿਕ ਗਿਰੋਹਾਂ ਵੱਲੋਂ ਵਾਹਨਾਂ ਨੂੰ ਸਾੜਨ ਦੀ ਕੋਸ਼ਿਸ਼ ਅਕਸਰ ਸਬੂਤ ਅਤੇ ਪਛਾਣ ਨਾਲ ਜੁੜੇ ਨਿਸ਼ਾਨ ਮਿਟਾਉਣ ਲਈ ਕੀਤੀ ਜਾਂਦੀ ਹੈ।

ਇਸ ਘਟਨਾ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਲੈ ਕੇ ਮੁੜ ਚਿੰਤਾ ਪੈਦਾ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਲਗਭਗ ਦੋ ਮਹੀਨਿਆਂ ਦੀ ਸ਼ਾਂਤੀ ਤੋਂ ਬਾਅਦ ਪਿਛਲੇ ਚਾਰ ਦਿਨਾਂ ਦੌਰਾਨ ਸਰੀ, ਐਬਸਫੋਰਡ ਅਤੇ ਡੈਲਟਾ ਸਮੇਤ ਕਈ ਇਲਾਕਿਆਂ ਵਿੱਚ ਗੋਲੀਬਾਰੀ ਦੀਆਂ ਪੰਜ ਘਟਨਾਵਾਂ ਵਾਪਰ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਵਿੱਚ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਇਸ ਤੋਂ ਪਹਿਲਾਂ ਐਫਬੀਆਈ ਵੱਲੋਂ ਗਿਰੋਹ ਹਿੰਸਾ ਅਤੇ ਨਸ਼ਾ ਤਸਕਰੀ ਨਾਲ ਕਥਿਤ ਤੌਰ ’ਤੇ ਜੁੜੇ ਲੋਕਾਂ ਸਬੰਧੀ ਜਾਣਕਾਰੀ ਜਨਤਕ ਕੀਤੇ ਜਾਣ ਤੋਂ ਬਾਅਦ ਇਲਾਕੇ ਵਿੱਚ ਕੁਝ ਸਮੇਂ ਲਈ ਸ਼ਾਂਤੀ ਦੇਖਣ ਨੂੰ ਮਿਲੀ ਸੀ। ਹੁਣ ਮੁੜ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਣ ਕਾਰਨ ਸਥਾਨਕ ਲੋਕਾਂ ਵਿੱਚ ਚਿੰਤਾ ਵਧ ਗਈ ਹੈ।

ਇਸ ਦੌਰਾਨ ਐਮੀ ਵਿਰਕ ਦੇ ਇੱਕ ਦੋਸਤ ਨੇ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਾ ਹੋ ਸਕਣ ਕਾਰਨ ਗੱਲਬਾਤ ਨਹੀਂ ਹੋ ਸਕੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।