ਭਾਰਤ ’ਚ Passive Smoking ਦਾ ਖ਼ਤਰਾ ਵਧਿਆ, ਧੂੰਏਂ ਕਾਰਨ ਮੌਤਾਂ ’ਚ 50% ਉਛਾਲ

Passive Smoking: ਭਾਰਤ ’ਚ ਪੈਸਿਵ ਸਮੋਕਿੰਗ ਨਾਲ ਮੌਤਾਂ ਦੀ ਗਿਣਤੀ ’ਚ ਵਾਧਾ

ਨਵੀਂ ਦਿੱਲੀ: ਭਾਰਤ ਵਿੱਚ ਸੈਕਿੰਡ ਹੈਂਡ ਸਮੋਕ ਜਾਂ ਪੈਸਿਵ ਸਮੋਕਿੰਗ ਕਾਰਨ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ ਵਿੱਚ 1990 ਦੇ ਮੁਕਾਬਲੇ 2023 ਤੱਕ ਲਗਪਗ 50 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ‘ਲੈਂਸੇਟ ਪਬਲਿਕ ਹੈਲਥ’ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਆਲਮੀ ਅਧਿਐਨ ਮੁਤਾਬਕ, ਹਾਲਾਂਕਿ ਪ੍ਰਤੀ ਆਬਾਦੀ ਮੌਤਾਂ ਦੀ ਦਰ ਵਿੱਚ ਕਮੀ ਆਈ ਹੈ, ਪਰ ਧੂੰਏਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵਧੀ ਹੈ।

ਅਧਿਐਨ ਮੁਤਾਬਕ ਭਾਰਤ ਵਿੱਚ ਸੈਕਿੰਡ ਹੈਂਡ ਸਮੋਕ ਦੇ ਸੰਪਰਕ ਵਿੱਚ ਆਉਣ ਵਾਲੀ ਆਬਾਦੀ 1990 ਵਿੱਚ ਲਗਪਗ 37.5 ਕਰੋੜ ਸੀ, ਜੋ 2026 ਵਿੱਚ ਵਧ ਕੇ 44.4 ਕਰੋੜ ਹੋਣ ਦਾ ਅੰਦਾਜ਼ਾ ਹੈ। ਇਸ ਤਰ੍ਹਾਂ ਇਸ ਵਿੱਚ ਕਰੀਬ 18.4 ਫ਼ੀਸਦੀ ਵਾਧਾ ਹੋਇਆ ਹੈ। ਪੈਸਿਵ ਸਮੋਕਿੰਗ ਦਾ ਅਰਥ ਹੈ ਕਿਸੇ ਹੋਰ ਵਿਅਕਤੀ ਵੱਲੋਂ ਕੀਤੀ ਜਾ ਰਹੀ ਸਿਗਰਟਨੋਸ਼ੀ ਤੋਂ ਨਿਕਲਣ ਵਾਲੇ ਧੂੰਏਂ ਨੂੰ ਸਾਹ ਰਾਹੀਂ ਅੰਦਰ ਲੈਣਾ।

ਖੋਜਕਾਰਾਂ ਦੀ ਕੌਮਾਂਤਰੀ ਟੀਮ ਨੇ 204 ਦੇਸ਼ਾਂ ਅਤੇ ਖੇਤਰਾਂ ਵਿੱਚ ਸੈਕਿੰਡ ਹੈਂਡ ਸਮੋਕ ਦੇ ਸੰਪਰਕ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕੀਤਾ। ਅੰਦਾਜ਼ਿਆਂ ਅਨੁਸਾਰ 2023 ਵਿੱਚ ਦੁਨੀਆ ਭਰ ਵਿੱਚ ਕਰੀਬ 2.71 ਅਰਬ ਲੋਕ ਸੈਕਿੰਡ ਹੈਂਡ ਸਮੋਕ ਦੇ ਸੰਪਰਕ ਵਿੱਚ ਆਏ। ਇਨ੍ਹਾਂ ਵਿੱਚ 0 ਤੋਂ 14 ਸਾਲ ਦੀ ਉਮਰ ਦੇ ਲਗਪਗ 76.7 ਕਰੋੜ ਬੱਚੇ ਵੀ ਸ਼ਾਮਲ ਸਨ। ਚੀਨ, ਭਾਰਤ ਅਤੇ ਇੰਡੋਨੇਸ਼ੀਆ ਵਿੱਚ ਧੂੰਏਂ ਦੇ ਸੰਪਰਕ ਵਿੱਚ ਆਉਣ ਵਾਲੀ ਆਬਾਦੀ ਨੇ ਵਿਸ਼ਵ ਪੱਧਰ ਦੇ ਕੁੱਲ ਅੰਕੜੇ ਦਾ ਲਗਪਗ ਅੱਧਾ ਹਿੱਸਾ ਬਣਾਇਆ।

ਭਾਰਤ ਵਿੱਚ ਪੈਸਿਵ ਸਮੋਕਿੰਗ ਨਾਲ ਜੁੜੀਆਂ ਮੌਤਾਂ ਦੀ ਗਿਣਤੀ 1990 ਵਿੱਚ ਕਰੀਬ 2.17 ਲੱਖ ਸੀ, ਜੋ 2023 ਵਿੱਚ ਵਧ ਕੇ ਲਗਪਗ 3.26 ਲੱਖ ਹੋ ਗਈ। ਹਾਲਾਂਕਿ, ਪ੍ਰਤੀ ਇੱਕ ਲੱਖ ਆਬਾਦੀ ਪਿੱਛੇ ਮੌਤਾਂ ਦੀ ਦਰ ਇਸੇ ਸਮੇਂ ਦੌਰਾਨ 46.1 ਤੋਂ ਘਟ ਕੇ 30 ਰਹਿ ਗਈ। ਇਹ ਮੌਤ ਦਰ ਵਿੱਚ ਲਗਪਗ 35 ਫ਼ੀਸਦੀ ਕਮੀ ਨੂੰ ਦਰਸਾਉਂਦਾ ਹੈ।

ਨਵੀਂ ਦਿੱਲੀ ਦੇ ਪੁਸ਼ਪਾਵਤੀ ਸਿੰਘਾਨੀਆ ਹਸਪਤਾਲ ਅਤੇ ਰਿਸਰਚ ਇੰਸਟੀਚਿਊਟ ਦੀ ਸੀਨੀਅਰ ਸਲਾਹਕਾਰ ਡਾ. ਨੀਤੂ ਜੈਨ ਮੁਤਾਬਕ ਮੌਤਾਂ ਦੀ ਦਰ ਵਿੱਚ ਸੁਧਾਰ ਦੇ ਬਾਵਜੂਦ ਪੈਸਿਵ ਸਮੋਕਿੰਗ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵਿੱਚ ਵਾਧਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅਧਿਐਨ ਦੇ ਅੰਕੜੇ ਇਸ ਗੱਲ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਸਿਗਰਟਨੋਸ਼ੀ ਦੇ ਧੂੰਏਂ ਤੋਂ ਬਚਾਅ ਲਈ ਜਨਤਕ ਸਿਹਤ ਉਪਰਾਲਿਆਂ ਦੀ ਲੋੜ ਅਜੇ ਵੀ ਬਣੀ ਹੋਈ ਹੈ।