Brampton Crime: ਪਰਚੂਨ ਸਟੋਰਾਂ ’ਚ ਛੁਰੇ ਦੀ ਨੋਕ ’ਤੇ ਲੁੱਟਾਂ ਦੇ ਦੋਸ਼, ਪੰਜਾਬੀ ਮੂਲ ਦਾ 22 ਸਾਲਾ ਨੌਜਵਾਨ ਗ੍ਰਿਫ਼ਤਾਰ
ਬਰੈਂਪਟਨ: ਓਂਟਾਰੀਓ ਦੀ ਪੀਲ ਰੀਜਨਲ ਪੁਲੀਸ ਨੇ ਬਰੈਂਪਟਨ ਵਾਸੀ 22 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਨੂੰ ਕਥਿਤ ਤੌਰ ’ਤੇ ਪਰਚੂਨ ਸਟੋਰਾਂ ਦੇ ਕਰਮਚਾਰੀਆਂ ਨੂੰ ਛੁਰਾ ਦਿਖਾ ਕੇ ਨਕਦੀ ਲੁੱਟਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਪਿਛਲੇ ਮਹੀਨੇ ਸਿਰਫ਼ ਛੇ ਦਿਨਾਂ ਦੇ ਅੰਦਰ ਲੁੱਟਖੋਹ ਦੀਆਂ ਪੰਜ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।
ਪੁਲੀਸ ਵੱਲੋਂ ਮੁਲਜ਼ਮ ਦੀ ਪਛਾਣ ਤੀਪਿੰਦਰ ਸਿੰਘ ਘੁੰਮਣ ਵਜੋਂ ਕੀਤੀ ਗਈ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਸੈਂਟਰਲ ਰੌਬਰੀ ਬਿਊਰੋ ਦੀ ਟੀਮ ਪਹਿਲੀ ਕਥਿਤ ਲੁੱਟ ਦੀ ਵਾਰਦਾਤ ਤੋਂ ਬਾਅਦ 24 ਤਾਰੀਖ ਤੋਂ ਹੀ ਉਸ ਦੀ ਭਾਲ ਵਿੱਚ ਜੁਟੀ ਹੋਈ ਸੀ। ਜਾਂਚ ਦੌਰਾਨ ਸਬੂਤ ਇਕੱਠੇ ਕਰਨ ਮਗਰੋਂ ਪੁਲੀਸ ਨੇ ਉਸ ਨੂੰ ਕਾਬੂ ਕੀਤਾ।
ਪੁਲੀਸ ਅਨੁਸਾਰ ਸ਼ੱਕੀ ਤਿੱਖਾ ਛੁਰਾ ਲੈ ਕੇ ਉਨ੍ਹਾਂ ਸਟੋਰਾਂ ਵਿੱਚ ਦਾਖ਼ਲ ਹੁੰਦਾ ਸੀ, ਜਿੱਥੇ ਉਸ ਸਮੇਂ ਗਾਹਕਾਂ ਦੀ ਗਿਣਤੀ ਬਹੁਤ ਘੱਟ ਹੁੰਦੀ। ਉਹ ਕਥਿਤ ਤੌਰ ’ਤੇ ਕੈਸ਼ੀਅਰ ਨੂੰ ਛੁਰਾ ਦਿਖਾ ਕੇ ਨਕਦੀ ਲੁੱਟਦਾ ਅਤੇ ਮੌਕੇ ਤੋਂ ਫ਼ਰਾਰ ਹੋ ਜਾਂਦਾ ਸੀ।
ਪੁਲੀਸ ਨੇ ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਲੁੱਟਖੋਹ ਅਤੇ ਜਾਣਬੁੱਝ ਕੇ ਕਾਨੂੰਨ ਦੀ ਉਲੰਘਣਾ ਨਾਲ ਸਬੰਧਤ ਕੁੱਲ 11 ਦੋਸ਼ ਦਰਜ ਕੀਤੇ ਹਨ। ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਘਟਨਾਵਾਂ ਦੀ ਲੜੀ ਕਾਰਨ ਸਥਾਨਕ ਕਾਰੋਬਾਰੀਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਸੀ। ਛੁਰੇ ਦੀ ਵਰਤੋਂ ਕਾਰਨ ਸਟੋਰਾਂ ਦੇ ਕਰਮਚਾਰੀਆਂ ਅਤੇ ਗਾਹਕਾਂ ਦੀ ਸੁਰੱਖਿਆ ਨੂੰ ਵੀ ਖ਼ਤਰਾ ਪੈਦਾ ਹੋ ਰਿਹਾ ਸੀ।
ਜਾਂਚਕਰਤਾਵਾਂ ਮੁਤਾਬਕ ਸ਼ੱਕੀ ਦੀ ਜਲਦ ਪਛਾਣ ਕਰਕੇ ਗ੍ਰਿਫ਼ਤਾਰੀ ਕਰਨਾ ਇਸ ਲਈ ਵੀ ਜ਼ਰੂਰੀ ਸੀ ਤਾਂ ਜੋ ਅਜਿਹੀਆਂ ਹੋਰ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਪੀਲ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਇਸ ਮਾਮਲੇ ਜਾਂ ਇਨ੍ਹਾਂ ਘਟਨਾਵਾਂ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਉਹ ਸੈਂਟਰਲ ਰੌਬਰੀ ਬਿਊਰੋ ਨਾਲ ਸੰਪਰਕ ਕਰਨ।







