ਸੜਕ ਹਾਦਸੇ ਨੇ ਲਈਆਂ ਦੋ ਜਾਨਾਂ, ਤਿੰਨ ਵਿਅਕਤੀ ਫੱਟੜ

ਧਾਰੀਵਾਲ ਨੇੜੇ ਦਰਦਨਾਕ ਸੜਕ ਹਾਦਸਾ, ਦੋ ਦੀ ਮੌਤ; ਤਿੰਨ ਗੰਭੀਰ ਜ਼ਖ਼ਮੀ

ਧਾਰੀਵਾਲ: ਨੈਸ਼ਨਲ ਹਾਈਵੇਅ ਅੰਮ੍ਰਿਤਸਰ-ਪਠਾਨਕੋਟ ’ਤੇ ਪਿੰਡ ਸੋਹਲ ਨੇੜੇ ਤੜਕੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੀ ਮਰੂਤੀ ਅਰਟਿਗਾ ਕਾਰ ਹਾਈਵੇਅ ’ਤੇ ਕਥਿਤ ਤੌਰ ’ਤੇ ਗਲਤ ਪਾਸੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ।

ਮ੍ਰਿਤਕਾਂ ਦੀ ਪਛਾਣ ਗੇਂਦਾ ਲਾਲ (55) ਅਤੇ ਮੇਹਰਵਾਨ ਸਿੰਘ (58) ਵਜੋਂ ਹੋਈ ਹੈ। ਦੋਵੇਂ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸਿਹੋਰ ਅਧੀਨ ਪਿੰਡ ਖਜੂਰੀਆ ਦੇ ਰਹਿਣ ਵਾਲੇ ਸਨ।

ਥਾਣਾ ਧਾਰੀਵਾਲ ਦੇ ਐੱਸ.ਐੱਚ.ਓ. ਇੰਸਪੈਕਟਰ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਦੌਲਤ ਰਾਮ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਨਰਵਤ ਸਿੰਘ, ਗੇਂਦਾ ਲਾਲ, ਮੇਹਰਵਾਨ ਸਿੰਘ ਅਤੇ ਰਾਮ ਸਿੰਘ ਨਾਲ ਕਾਰ ਨੰਬਰ MP-04-CJ-8642 ਵਿੱਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਮਗਰੋਂ ਘਰ ਪਰਤ ਰਹੇ ਸਨ। ਕਾਰ ਨਰਵਤ ਸਿੰਘ ਚਲਾ ਰਿਹਾ ਸੀ।

ਦੌਲਤ ਰਾਮ ਮੁਤਾਬਕ ਜਦੋਂ ਉਹ ਤੜਕੇ ਕਰੀਬ 4 ਵਜੇ ਪਿੰਡ ਸੋਹਲ ਪੁਲ ਨੇੜੇ ਹਾਈਵੇਅ ’ਤੇ ਪਹੁੰਚੇ ਤਾਂ ਇੱਕ ਟਰੱਕ ਸੜਕ ’ਤੇ ਕਥਿਤ ਤੌਰ ’ਤੇ ਗਲਤ ਦਿਸ਼ਾ ਵਿੱਚ ਖੜ੍ਹਾ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੇਂਦਾ ਲਾਲ ਅਤੇ ਮੇਹਰਵਾਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਹਾਦਸੇ ਵਿੱਚ ਦੌਲਤ ਰਾਮ, ਨਰਵਤ ਸਿੰਘ ਅਤੇ ਰਾਮ ਸਿੰਘ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਟੱਕਰ ਕਾਰਨ ਕਾਰ ਦਾ ਵੀ ਕਾਫ਼ੀ ਨੁਕਸਾਨ ਹੋਇਆ।

ਹਾਦਸੇ ਤੋਂ ਬਾਅਦ ਟਰੱਕ ਦਾ ਅਣਪਛਾਤਾ ਚਾਲਕ ਟਰੱਕ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਰਛਪਾਲ ਸਿੰਘ ਨੇ ਟਰੱਕ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀਆਂ ਹਨ।