ਮੋਹਣਜੀਤ ਸਿੰਘ ਦਾ ਰਾਜਿੰਦਰਾ ਹਸਪਤਾਲ ’ਚ ਇਲਾਜ ਸ਼ੁਰੂ, ਹਾਲਤ ਸਥਿਰ
ਪਟਿਆਲਾ: ਪੁਲੀਸ ਤਸ਼ੱਦਦ ਦੇ ਮਾਮਲੇ ਨਾਲ ਸਬੰਧਤ ਮੋਹਣਜੀਤ ਸਿੰਘ ਨੂੰ ਸੰਗਰੂਰ ਹਸਪਤਾਲ ਤੋਂ ਰੈਫ਼ਰ ਕੀਤੇ ਜਾਣ ਮਗਰੋਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਹਸਪਤਾਲ ਪ੍ਰਸ਼ਾਸਨ ਅਨੁਸਾਰ ਮੋਹਣਜੀਤ ਸਿੰਘ ਦੀ ਹਾਲਤ ਇਸ ਸਮੇਂ ਸਥਿਰ ਹੈ।
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਦੱਸਿਆ ਕਿ ਮੋਹਣਜੀਤ ਦੇ ਮੈਡੀਸਨ, ਹਾਰਟ ਅਤੇ ਸਰਜਰੀ ਵਿਭਾਗਾਂ ਵੱਲੋਂ ਲੋੜੀਂਦੇ ਟੈਸਟ ਕਰਵਾਏ ਗਏ ਹਨ। ਉਨ੍ਹਾਂ ਮੁਤਾਬਕ ਹੁਣ ਤੱਕ ਆਈਆਂ ਰਿਪੋਰਟਾਂ ਨਾਰਮਲ ਹਨ, ਜਦਕਿ ਕੁਝ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਸਾਵਧਾਨੀ ਵਜੋਂ ਮੋਹਣਜੀਤ ਨੂੰ ਅਗਲੇ ਛੇ ਘੰਟਿਆਂ ਲਈ ਆਮ ਵਾਰਡ ਦੀ ਬਜਾਏ ਹਾਈ ਡਿਪੈਂਡੈਂਸੀ ਯੂਨਿਟ (HDU) ਵਿੱਚ ਰੱਖਿਆ ਗਿਆ ਹੈ।
ਇਸ ਦੌਰਾਨ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਰਾਹੀਂ ਫੋਨ ’ਤੇ ਮੋਹਣਜੀਤ ਨਾਲ ਗੱਲਬਾਤ ਕਰਕੇ ਉਸ ਦਾ ਹਾਲ-ਚਾਲ ਜਾਣਿਆ।
ਜ਼ਿਕਰਯੋਗ ਹੈ ਕਿ ਮੋਹਣਜੀਤ ਸਿੰਘ ਨੂੰ ਅੰਸ਼ਕ ਬੇਹੋਸ਼ੀ ਦੀ ਹਾਲਤ ਵਿੱਚ ਸੰਗਰੂਰ ਤੋਂ ਪਟਿਆਲਾ ਰੈਫ਼ਰ ਕੀਤਾ ਗਿਆ ਸੀ। ਪਟਿਆਲਾ ਹਸਪਤਾਲ ਪਹੁੰਚਣ ਤੋਂ ਬਾਅਦ ਉਸ ਨੇ ਬੈੱਡ ਤੋਂ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ, ਜਿਸ ਵਿੱਚ ਉਸ ਨੇ ਆਪਣੀ ਸਿਹਤ ਵਿੱਚ ਸੁਧਾਰ ਹੋਣ ਦੀ ਗੱਲ ਕਹੀ।
ਮੋਹਣਜੀਤ ਦੇ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਰਾਜਿੰਦਰਾ ਹਸਪਤਾਲ ਕੰਪਲੈਕਸ ਵਿੱਚ ਪੁਲੀਸ ਦੀ ਤਾਇਨਾਤੀ ਵਧਾ ਦਿੱਤੀ ਗਈ ਸੀ। ਸੁਰੱਖਿਆ ਪ੍ਰਬੰਧਾਂ ਦੀ ਅਗਵਾਈ ਐੱਸ.ਪੀ. ਸਿਟੀ ਮੋਹਿਤ ਅਗਰਵਾਲ ਕਰ ਰਹੇ ਸਨ। ਇਸ ਦੌਰਾਨ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂ ਵੀ ਮੋਹਣਜੀਤ ਸਿੰਘ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ।
ਐਮਰਜੈਂਸੀ ਦੇ ਬਾਹਰ ਭਾਜਪਾ ਆਗੂ ਬੀਬੀ ਦਮਨ ਬਾਜਵਾ ਅਤੇ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਅਨੁਜ ਖੋਸਲਾ ਨੇ ਪੁਲੀਸ ਪ੍ਰਸ਼ਾਸਨ ਵੱਲੋਂ ਮਰੀਜ਼ ਨੂੰ ਨਾ ਮਿਲਣ ਦੇਣ ’ਤੇ ਨਾਰਾਜ਼ਗੀ ਜਤਾਈ। ਉੱਧਰ, ਸਮਾਜਿਕ ਕਾਰਕੁਨ ਅਮਿਤੋਜ਼ ਮਾਨ ਨੇ ਵੀ ਮੋਹਣਜੀਤ ਸਿੰਘ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ।







