Jaswant Singh Khalra: ਅਗਵਾ ਕਾਂਡ ਦੇ 31 ਸਾਲ ਬਾਅਦ ‘Satluj’ ਫ਼ਿਲਮ ਨੇ ਆਮ ਲੋਕਾਂ ਤੱਕ ਪਹੁੰਚਾਈ ਕਹਾਣੀ

Jaswant Singh Khalra: ਅਗਵਾ ਕਾਂਡ ਦੇ 31 ਸਾਲ ਬਾਅਦ ਵੀ ਜਾਰੀ ਇਨਸਾਫ਼ ਦੀ ਲੜਾਈ, ‘ਸਤਲੁਜ’ ਨੇ ਲੋਕਾਂ ਤੱਕ ਪਹੁੰਚਾਈ ਕਹਾਣੀ

ਅੰਮ੍ਰਿਤਸਰ: ਪੰਜਾਬ ਵਿੱਚ ਕਥਿਤ ਝੂਠੇ ਪੁਲੀਸ ਐਨਕਾਊਂਟਰਾਂ ਅਤੇ ਲਾਵਾਰਿਸ ਲਾਸ਼ਾਂ ਦੇ ਮਾਮਲੇ ਸਾਹਮਣੇ ਲਿਆਉਣ ਵਾਲੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਅਗਵਾ ਹੋਏ 31 ਸਾਲ ਪੂਰੇ ਹੋ ਗਏ ਹਨ। 6 ਸਤੰਬਰ 1995 ਦੀ ਸਵੇਰ ਉਹ ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਆਪਣੇ ਘਰ ਦੇ ਬਾਹਰ ਗੱਡੀ ਧੋ ਰਹੇ ਸਨ। ਇਸੇ ਦੌਰਾਨ ਮਾਰੂਤੀ ਓਮਨੀ ਵੈਨ ਵਿੱਚ ਆਏ ਪੁਲੀਸ ਮੁਲਾਜ਼ਮ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। ਇਸ ਘਟਨਾ ਦੇ ਚਸ਼ਮਦੀਦ ਗਵਾਹ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਰਾਜੀਵ ਸਿੰਘ ਦੱਸੇ ਜਾਂਦੇ ਹਨ। ਇਸ ਤੋਂ ਬਾਅਦ ਖਾਲੜਾ ਮੁੜ ਕਦੇ ਜ਼ਿੰਦਾ ਨਹੀਂ ਵੇਖੇ ਗਏ।

ਉਪਲਬਧ ਰਿਕਾਰਡਾਂ ਅਤੇ ਮਾਮਲੇ ਨਾਲ ਜੁੜੀਆਂ ਰਿਪੋਰਟਾਂ ਮੁਤਾਬਕ ਖਾਲੜਾ ਨੂੰ ਕਥਿਤ ਤੌਰ ’ਤੇ ਹਿਰਾਸਤ ਵਿੱਚ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਅਤੇ ਅਕਤੂਬਰ 1995 ਦੇ ਅਖੀਰ ਵਿੱਚ ਉਨ੍ਹਾਂ ਦੀ ਹੱਤਿਆ ਕਰਕੇ ਦੇਹ ਹਰੀਕੇ ਪੱਤਣ ਵਿਖੇ ਦਰਿਆ ਵਿੱਚ ਸੁੱਟ ਦਿੱਤੀ ਗਈ।

ਬੈਂਕ ਅਧਿਕਾਰੀ ਤੋਂ ਮਨੁੱਖੀ ਅਧਿਕਾਰ ਕਾਰਕੁਨ ਤੱਕ ਦਾ ਸਫ਼ਰ

ਜਸਵੰਤ ਸਿੰਘ ਖਾਲੜਾ ਦਾ ਜਨਮ 1952 ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਖਾਲੜਾ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਹੱਕ ਅਤੇ ਇਨਸਾਫ਼ ਲਈ ਆਵਾਜ਼ ਉਠਾਉਣ ਨਾਲ ਜੁੜਿਆ ਰਿਹਾ। ਉਨ੍ਹਾਂ ਦੇ ਦਾਦਾ ਹਰਨਾਮ ਸਿੰਘ ਗ਼ਦਰ ਪਾਰਟੀ ਨਾਲ ਸੰਬੰਧਿਤ ਸਨ ਅਤੇ 1915 ਵਿੱਚ ਬਰਤਾਨਵੀ ਹਕੂਮਤ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਨ।

ਬੈਂਕ ਦੀ ਨੌਕਰੀ ਛੱਡ ਕੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਖਾਲੜਾ ਨੇ ਅੰਮ੍ਰਿਤਸਰ ਦੇ ਸ਼ਮਸ਼ਾਨਘਾਟਾਂ ਦੇ ਸਰਕਾਰੀ ਰਿਕਾਰਡਾਂ ਦੀ ਜਾਂਚ ਰਾਹੀਂ ਪੰਜਾਬ ਦੇ ਉਸ ਦੌਰ ਦੀ ਹਿੰਸਾ ਨਾਲ ਜੁੜੇ ਗੰਭੀਰ ਸਵਾਲ ਚੁੱਕੇ। ਉਨ੍ਹਾਂ ਦਾ ਦਾਅਵਾ ਸੀ ਕਿ 1984 ਤੋਂ 1995 ਦਰਮਿਆਨ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੂੰ ‘ਲਾਵਾਰਿਸ’ ਦੱਸ ਕੇ ਅਣਪਛਾਤੇ ਢੰਗ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਖਾਲੜਾ ਨੇ ਇਕੱਠੇ ਕੀਤੇ ਦਸਤਾਵੇਜ਼ ਅਤੇ ਸਬੂਤ ਅਦਾਲਤਾਂ ਤੋਂ ਲੈ ਕੇ ਕੌਮਾਂਤਰੀ ਮੰਚਾਂ ਤੱਕ ਪਹੁੰਚਾਏ। ਲੰਮੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਨਵੰਬਰ 2005 ਵਿੱਚ ਪਟਿਆਲਾ ਦੀ ਅਦਾਲਤ ਨੇ ਪੰਜਾਬ ਪੁਲੀਸ ਦੇ ਛੇ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ। ਇਨ੍ਹਾਂ ਵਿੱਚ ਡੀਐਸਪੀ ਜਸਪਾਲ ਸਿੰਘ ਅਤੇ ਅਮਰਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਮਾਮਲੇ ਦੇ ਮੁੱਖ ਦੋਸ਼ੀਆਂ ਵਿੱਚ ਸ਼ਾਮਲ ਐਸਐਸਪੀ ਅਜੀਤ ਸਿੰਘ ਸੰਧੂ ਦੀ ਟਰਾਇਲ ਦੌਰਾਨ ਮੌਤ ਹੋ ਗਈ, ਜਦਕਿ ਸਾਬਕਾ ਪੁਲੀਸ ਮੁਖੀ ਕੇ.ਪੀ.ਐੱਸ. ਗਿੱਲ ਖ਼ਿਲਾਫ਼ ਇਸ ਮਾਮਲੇ ਵਿੱਚ ਮੁਕੱਦਮਾ ਨਹੀਂ ਚੱਲ ਸਕਿਆ। ਇਸ ਦੇ ਨਾਲ ਹੀ ਖਾਲੜਾ ਵੱਲੋਂ ਸਾਹਮਣੇ ਲਿਆਂਦੇ ਗਏ ਹਜ਼ਾਰਾਂ ਕਥਿਤ ‘ਲਾਵਾਰਿਸ ਲਾਸ਼ਾਂ’ ਦੇ ਮਾਮਲੇ ਦੀ ਵਿਆਪਕ ਜਾਂਚ ਦਾ ਸਵਾਲ ਅਜੇ ਵੀ ਚਰਚਾ ਵਿੱਚ ਹੈ।

ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਲੰਮੇ ਸਮੇਂ ਤੋਂ ਇਨਸਾਫ਼ ਅਤੇ ‘ਪੀਪਲਜ਼ ਕਮਿਸ਼ਨ’ ਦੇ ਗਠਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ।

‘ਸਤਲੁਜ’ ਨੇ ਨਵੀਂ ਪੀੜ੍ਹੀ ਤੱਕ ਪਹੁੰਚਾਈ ਕਹਾਣੀ

ਕਈ ਸਾਲਾਂ ਤੱਕ ਜਸਵੰਤ ਸਿੰਘ ਖਾਲੜਾ ਦਾ ਸੰਘਰਸ਼ ਮੁੱਖ ਤੌਰ ’ਤੇ ਅਦਾਲਤੀ ਦਸਤਾਵੇਜ਼ਾਂ, ਮਨੁੱਖੀ ਅਧਿਕਾਰ ਰਿਪੋਰਟਾਂ ਅਤੇ ਖੋਜ ਤੱਕ ਸੀਮਤ ਰਿਹਾ। ਇਸ ਕਹਾਣੀ ਨੂੰ ਵੱਡੇ ਦਰਸ਼ਕ ਵਰਗ ਤੱਕ ਪਹੁੰਚਾਉਣ ਵਿੱਚ ਹਨੀ ਤਰੇਹਨ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਸਤਲੁਜ’, ਜਿਸ ਵਿੱਚ ਦਿਲਜੀਤ ਦੋਸਾਂਝ ਨੇ ਖਾਲੜਾ ਦੀ ਭੂਮਿਕਾ ਨਿਭਾਈ, ਅਹਿਮ ਭੂਮਿਕਾ ਨਿਭਾਈ।

ਫ਼ਿਲਮ ਦਾ ਪਹਿਲਾ ਨਾਮ ‘ਪੰਜਾਬ 95’ ਸੀ ਅਤੇ ਸੈਂਸਰ ਬੋਰਡ ਵੱਲੋਂ ਵੱਡੀ ਗਿਣਤੀ ਵਿੱਚ ਕੱਟਾਂ ਦੀ ਮੰਗ ਕੀਤੇ ਜਾਣ ਕਾਰਨ ਇਹ ਲੰਮੇ ਸਮੇਂ ਤੱਕ ਵਿਵਾਦਾਂ ਵਿੱਚ ਰਹੀ। ਆਖ਼ਰਕਾਰ 3 ਜੁਲਾਈ 2026 ਨੂੰ ਇਹ ਫ਼ਿਲਮ ZEE5 ’ਤੇ ਰਿਲੀਜ਼ ਹੋਈ। ਹਾਲਾਂਕਿ, ਸਰਕਾਰੀ ਹੁਕਮਾਂ ਤੋਂ ਬਾਅਦ ਰਿਲੀਜ਼ ਦੇ ਦੋ ਦਿਨਾਂ ਅੰਦਰ ਹੀ ਫ਼ਿਲਮ ਨੂੰ ਓਟੀਟੀ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ।

ਇਸ ਤਰ੍ਹਾਂ, ਜਸਵੰਤ ਸਿੰਘ ਖਾਲੜਾ ਦੇ ਅਗਵਾ ਅਤੇ ਹੱਤਿਆ ਨੂੰ 31 ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਵੱਲੋਂ ਉਠਾਏ ਗਏ ਮਨੁੱਖੀ ਅਧਿਕਾਰਾਂ ਦੇ ਸਵਾਲ ਅੱਜ ਵੀ ਪੰਜਾਬ ਦੇ ਜਨਤਕ ਅਤੇ ਕਾਨੂੰਨੀ ਵਿਚਾਰ-ਵਟਾਂਦਰੇ ਦਾ ਹਿੱਸਾ ਬਣੇ ਹੋਏ ਹਨ।