Punjab Stone Crusher: ਨੇੜਲੇ ਪਿੰਡ ਅਮਰੋਹ ਵਿੱਚ ਵਣ ਵਿਭਾਗ ਵੱਲੋਂ ਨਾਜਾਇਜ਼ ਕਰਾਰ ਦਿੱਤੇ ਗਏ ਇੱਕ ਸਟੋਨ ਕਰੱਸ਼ਰ ‘ਤੇ ਪੰਚਾਇਤ ਦੀ ਕਰੀਬ 150 ਕਨਾਲ ਜ਼ਮੀਨ ਵਿੱਚ ਖਣਨ ਕਰਨ ਦੇ ਦੋਸ਼ ਲੱਗੇ ਹਨ। ਪਿੰਡ ਅਮਰੋਹ ਦੇ ਸਾਬਕਾ ਸਰਪੰਚ, ਸਾਬਕਾ ਬਲਾਕ ਸਮਿਤੀ ਮੈਂਬਰ ਅਤੇ ‘ਖਣਨ ਰੋਕੋ, ਜ਼ਮੀਨ ਬਚਾਓ ਸੰਘਰਸ਼ ਕਮੇਟੀ’ ਦੇ ਮੈਂਬਰ ਨਰੇਸ਼ ਕੁਮਾਰ ਨੀਤੂ ਨੇ ਦੱਸਿਆ ਕਿ ਪਿੰਡ ਦੀ ਹੱਦ ‘ਤੇ ਸਥਿਤ ਇਸ ਕਰੱਸ਼ਰ ਨੂੰ ਵਣ ਮੰਡਲ ਦਸੂਹਾ ਵੱਲੋਂ PLPA 1900 ਦੀ ਧਾਰਾ 4 ਤਹਿਤ ਨਾਜਾਇਜ਼ ਐਲਾਨਿਆ ਗਿਆ ਹੈ।
ਨਰੇਸ਼ ਕੁਮਾਰ ਮੁਤਾਬਕ, ਕਰੱਸ਼ਰ ਨੂੰ ਬੰਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ 13 ਜਨਵਰੀ 2026 ਨੂੰ ਲਿਖਤੀ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ। ਹਾਲਾਂਕਿ, ਉਨ੍ਹਾਂ ਦਾ ਦਾਅਵਾ ਹੈ ਕਿ ਇਸ ਦੇ ਬਾਵਜੂਦ ਕਰੱਸ਼ਰ ਅਜੇ ਵੀ ਚੱਲ ਰਿਹਾ ਹੈ।
ਇਸ ਮਾਮਲੇ ਸਬੰਧੀ DMO ਹੁਸ਼ਿਆਰਪੁਰ ਤੁਸ਼ਾਰ ਗੋਇਲ ਨੇ ਕਿਹਾ ਕਿ ਕਰੱਸ਼ਰ ਨੂੰ ਬੰਦ ਕਰਨ ਦਾ ਅਧਿਕਾਰ ਉਨ੍ਹਾਂ ਦੇ ਵਿਭਾਗ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਅਗਲੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਵੱਲੋਂ ਕਦਮ ਚੁੱਕੇ ਜਾਣੇ ਹਨ।
ਉੱਧਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਨਿਖਿਲ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲੇ ਦੀ ਫਾਈਲ ਮੰਗਵਾ ਕੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫੋਨ ਨਾ ਚੁੱਕੇ ਜਾਣ ਕਾਰਨ ਉਨ੍ਹਾਂ ਦਾ ਪੱਖ ਨਹੀਂ ਮਿਲ ਸਕਿਆ।







