Punjab Politics: ਮੋਹਣਜੀਤ ਸਿੰਘ ਸ਼ੇਰੋਂ ਮਾਮਲੇ ’ਚ ਕਾਂਗਰਸ ਦਾ ਸਰਕਾਰ ਖ਼ਿਲਾਫ਼ ਮੋਰਚਾ, ਵੜਿੰਗ ਨੇ ਕਾਲੇ ਝੰਡੇ ਦਿਖਾਉਣ ਦਾ ਐਲਾਨ ਕੀਤਾ
ਸੰਗਰੂਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਵਲ ਹਸਪਤਾਲ ਪਹੁੰਚ ਕੇ ਕਥਿਤ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਏ ਮੋਹਣਜੀਤ ਸਿੰਘ ਸ਼ੇਰੋਂ ਦਾ ਹਾਲ-ਚਾਲ ਜਾਣਿਆ। ਇਸ ਦੌਰਾਨ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਵੀ ਫੋਨ ’ਤੇ ਮੋਹਣਜੀਤ ਸਿੰਘ ਨਾਲ ਗੱਲਬਾਤ ਕਰਕੇ ਉਸ ਦਾ ਹਾਲ ਜਾਣਿਆ ਅਤੇ ਇਨਸਾਫ਼ ਲਈ ਡਟ ਕੇ ਲੜਾਈ ਲੜਨ ਦਾ ਭਰੋਸਾ ਦਿੱਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮਾਮਲਾ ਰਾਹੁਲ ਗਾਂਧੀ ਦੇ ਧਿਆਨ ਵਿੱਚ ਆਉਣ ’ਤੇ ਉਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਹੈ। ਵੜਿੰਗ ਮੁਤਾਬਕ ਦੇਸ਼ ਵਿੱਚ ਪਹਿਲਾਂ ਵੀ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਰਾਜਪਾਲ ਅਤੇ ਮੁੱਖ ਮੰਤਰੀਆਂ ਦੇ ਵਿਰੋਧ ਵਿੱਚ ਲੋਕਾਂ ਵੱਲੋਂ ਕਾਲੇ ਝੰਡੇ ਦਿਖਾਏ ਜਾਂਦੇ ਰਹੇ ਹਨ, ਪਰ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਹੋਇਆ।
ਵੜਿੰਗ ਨੇ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਜਿੱਥੇ ਵੀ ਮੁੱਖ ਮੰਤਰੀ ਜਾਣਗੇ, ਉੱਥੇ ਕਾਂਗਰਸੀ ਵਰਕਰ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਗਟ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਮੋਹਣਜੀਤ ਸਿੰਘ ਦਾ ਢੰਗ ਨਾਲ ਮੈਡੀਕਲ ਨਹੀਂ ਕਰਵਾਇਆ ਗਿਆ ਅਤੇ ਸਿਰਫ਼ ਡੋਪ ਟੈਸਟ ਕੀਤਾ ਗਿਆ। ਉਨ੍ਹਾਂ ਇਸ ਪ੍ਰਕਿਰਿਆ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ।
ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਪੁਲੀਸ ਤਸ਼ੱਦਦ ਦੀ ਜਾਂਚ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਐੱਸ.ਪੀ. ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ, ਜਿਸ ਤੋਂ ਉਨ੍ਹਾਂ ਨੂੰ ਨਿਰਪੱਖ ਜਾਂਚ ਦੀ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਕਥਿਤ ਪੁਲੀਸ ਤਸ਼ੱਦਦ ਅਤੇ ਕਕਾਰਾਂ ਦੀ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੀਐੱਸਪੀ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ, ਕੈਪਟਨ ਸੰਦੀਪ ਸੰਧੂ, ਸੁਰਿੰਦਰਪਾਲ ਸਿੰਘ ਸਿਬੀਆ, ਰਾਜਿੰਦਰ ਰਾਜਾ ਬੀਰਕਲਾਂ, ਜਗਦੇਵ ਗਾਗਾ, ਰਾਜਿੰਦਰ ਦੀਪਾ, ਪ੍ਰਿਤਪਾਲ ਕੌਰ ਬਡਲਾ ਅਤੇ ਹਰਪਾਲ ਸੋਨੂੰ ਸਮੇਤ ਕਈ ਕਾਂਗਰਸੀ ਆਗੂ ਮੌਜੂਦ ਰਹੇ।
ਰਾਜਾ ਵੜਿੰਗ ਨੇ ਦੱਸਿਆ ਕਿ ਮੋਹਣਜੀਤ ਸਿੰਘ ਸ਼ੇਰੋਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ 6 ਸਤੰਬਰ ਨੂੰ ਐੱਸ.ਐੱਸ.ਪੀ. ਦਫ਼ਤਰ ਅੱਗੇ ਹੋਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਕਾਂਗਰਸ ਸ਼ਾਮਲ ਹੋਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੀੜਤ ਨੂੰ ਇਨਸਾਫ਼ ਨਾ ਮਿਲਿਆ ਤਾਂ ਕਾਂਗਰਸ ਵੱਲੋਂ ਆਪਣੇ ਪੱਧਰ ’ਤੇ ਮੁੱਖ ਮੰਤਰੀ ਅਤੇ ਐੱਸ.ਐੱਸ.ਪੀ. ਦਾ ਘਿਰਾਓ ਕੀਤਾ ਜਾਵੇਗਾ।







