Canada Immigration Update: ਕੈਨੇਡਾ ਨੇ ਵਿਦਿਆਰਥੀ ਵੀਜ਼ਾ ਨਿਯਮ ਕੀਤੇ ਹੋਰ ਸਖ਼ਤ, ਪੰਜਾਬੀ ਨੌਜਵਾਨਾਂ ਲਈ ਵਧੀਆਂ ਚੁਣੌਤੀਆਂ
ਕੈਨੇਡਾ ਵਿੱਚ ਪੜ੍ਹਾਈ ਜਾਂ ਭਵਿੱਖ ਬਣਾਉਣ ਦੇ ਸੁਪਨੇ ਦੇਖ ਰਹੇ ਪੰਜਾਬੀ ਨੌਜਵਾਨਾਂ ਲਈ ਨਵੇਂ ਨਿਯਮਾਂ ਨੇ ਰਾਹ ਕੁਝ ਹੋਰ ਔਖਾ ਕਰ ਦਿੱਤਾ ਹੈ। ਸਤੰਬਰ 2026 ਤੋਂ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿੱਤੀ ਸ਼ਰਤਾਂ ਸਖ਼ਤ ਕਰ ਦਿੱਤੀਆਂ ਹਨ ਅਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਵੀ ਸੀਮਿਤ ਕਰਨ ਦਾ ਫੈਸਲਾ ਕੀਤਾ ਹੈ।
ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੇ ਨਵੇਂ ਨਿਯਮਾਂ ਅਨੁਸਾਰ, 1 ਸਤੰਬਰ 2026 ਜਾਂ ਇਸ ਤੋਂ ਬਾਅਦ ਸਟਡੀ ਪਰਮਿਟ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਨੂੰ ਕਿਊਬਿਕ ਤੋਂ ਬਾਹਰ ਪੜ੍ਹਾਈ ਲਈ ਘੱਟੋ-ਘੱਟ 23,448 ਕੈਨੇਡੀਅਨ ਡਾਲਰ ਜੀਵਨ-ਯਾਪਨ ਖਰਚਿਆਂ ਵਜੋਂ ਦਰਸਾਉਣੇ ਪੈਣਗੇ। ਇਹ ਰਕਮ ਪਹਿਲਾਂ 22,895 ਡਾਲਰ ਸੀ। ਇਸ ਤੋਂ ਇਲਾਵਾ, ਟਿਊਸ਼ਨ ਫੀਸ ਅਤੇ ਯਾਤਰਾ ਖਰਚਿਆਂ ਲਈ ਵੱਖਰੇ ਫੰਡਾਂ ਦਾ ਸਬੂਤ ਵੀ ਦੇਣਾ ਲਾਜ਼ਮੀ ਹੋਵੇਗਾ।
ਕੈਨੇਡਾ ਸਰਕਾਰ ਦੀ 2026-2028 ਇਮੀਗ੍ਰੇਸ਼ਨ ਯੋਜਨਾ ਅਧੀਨ ਇਸ ਸਾਲ ਨਵੇਂ ਅਸਥਾਈ ਨਿਵਾਸੀਆਂ ਦੀ ਗਿਣਤੀ 3.85 ਲੱਖ ਤੱਕ ਸੀਮਤ ਰੱਖੀ ਗਈ ਹੈ, ਜਿਨ੍ਹਾਂ ਵਿੱਚੋਂ ਸਿਰਫ਼ 1.55 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਦਾਖ਼ਲਾ ਮਿਲੇਗਾ। ਸਰਕਾਰ ਦਾ ਟੀਚਾ 2027 ਦੇ ਅੰਤ ਤੱਕ ਅਸਥਾਈ ਨਿਵਾਸੀਆਂ ਦੀ ਕੁੱਲ ਗਿਣਤੀ ਨੂੰ ਦੇਸ਼ ਦੀ ਆਬਾਦੀ ਦੇ 5 ਫ਼ੀਸਦੀ ਤੋਂ ਹੇਠਾਂ ਲਿਆਉਣਾ ਹੈ।
ਇਸੇ ਦੌਰਾਨ, 1 ਸਤੰਬਰ ਨੂੰ ਹੋਏ ਐਕਸਪ੍ਰੈਸ ਐਂਟਰੀ ਦੇ ਕੈਨੇਡੀਅਨ ਐਕਸਪੀਰੀਅੰਸ ਕਲਾਸ (CEC) ਡਰਾਅ ਵਿੱਚ 2,000 ਉਮੀਦਵਾਰਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦਾ ਸੱਦਾ ਦਿੱਤਾ ਗਿਆ। ਇਸ ਡਰਾਅ ਲਈ ਘੱਟੋ-ਘੱਟ 521 CRS ਅੰਕਾਂ ਦੀ ਲੋੜ ਸੀ, ਜਿਸ ਕਾਰਨ ਸਿਰਫ਼ ਉੱਚ ਸਕੋਰ ਵਾਲੇ ਉਮੀਦਵਾਰ ਹੀ ਚੁਣੇ ਗਏ।
ਕੈਨੇਡਾ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਕੁਝ ਵਿਦੇਸ਼ੀ ਵਰਕਰਾਂ ਲਈ ਵੀ ਸਰਕਾਰ ਨੇ ਰਾਹਤ ਦਿੱਤੀ ਹੈ। ਇੱਕ ਵਿਸ਼ੇਸ਼ ਯੋਜਨਾ ਤਹਿਤ 2026 ਅਤੇ 2027 ਦੌਰਾਨ ਲਗਭਗ 33,000 ਅਸਥਾਈ ਵਰਕਰਾਂ ਨੂੰ ਸਥਾਈ ਨਿਵਾਸ ਦਾ ਮੌਕਾ ਦਿੱਤਾ ਜਾਵੇਗਾ। ਇਸ ਯੋਜਨਾ ਦਾ ਲਾਭ ਉਹਨਾਂ ਕਰਮਚਾਰੀਆਂ ਨੂੰ ਮਿਲੇਗਾ ਜੋ ਪਹਿਲਾਂ ਹੀ ਕੈਨੇਡਾ ਵਿੱਚ ਨੌਕਰੀ ਕਰ ਰਹੇ ਹਨ, ਟੈਕਸ ਭਰਦੇ ਹਨ ਅਤੇ ਜਿਨ੍ਹਾਂ ਦੀ ਸੇਵਾਵਾਂ ਦੀ ਸਥਾਨਕ ਭਾਈਚਾਰਿਆਂ ਨੂੰ ਲੋੜ ਹੈ।
ਨਵੇਂ ਨਿਯਮਾਂ ਕਾਰਨ ਪੰਜਾਬੀ ਪਰਿਵਾਰਾਂ ਅਤੇ ਵਿਦਿਆਰਥੀਆਂ ਲਈ ਕੈਨੇਡਾ ਜਾਣ ਦਾ ਖਰਚਾ ਵਧ ਗਿਆ ਹੈ, ਜਦਕਿ ਦਾਖ਼ਲੇ ਦੇ ਮੌਕੇ ਵੀ ਪਹਿਲਾਂ ਨਾਲੋਂ ਘੱਟ ਹੋ ਗਏ ਹਨ। ਉੱਚ CRS ਸਕੋਰ ਵਾਲੇ ਜਾਂ ਯੋਗ ਵਰਕਰ ਪ੍ਰੋਗਰਾਮਾਂ ਵਿੱਚ ਸ਼ਾਮਲ ਲੋਕਾਂ ਲਈ ਮੌਕੇ ਹਾਲੇ ਵੀ ਮੌਜੂਦ ਹਨ, ਪਰ ਘੱਟ ਸਕੋਰ ਵਾਲੇ ਉਮੀਦਵਾਰਾਂ ਅਤੇ ਮਿਆਦ ਪੁੱਗਣ ਵਾਲੇ ਪਰਮਿਟ ਧਾਰਕਾਂ ਲਈ ਅਣਿਸ਼ਚਿਤਤਾ ਵਧਦੀ ਨਜ਼ਰ ਆ ਰਹੀ ਹੈ।







