ਦਿੱਲੀ ’ਚ ਹੈਵਾਨੀਅਤ ਦੀ ਹੱਦ, ਸਲੀਪਰ ਬੱਸ ’ਚ ਵਿਦਿਆਰਥਣ ਨਾਲ ਗੈਂਗਰੇਪ

ਖਾਲੀ ਸਲੀਪਰ ਬੱਸ ’ਚ 16 ਸਾਲਾ ਵਿਦਿਆਰਥਣ ਨਾਲ ਕਥਿਤ ਗੈਂਗਰੇਪ, ਡਰਾਈਵਰ-ਕੰਡਕਟਰ ਗ੍ਰਿਫ਼ਤਾਰ

ਦਿੱਲੀ: ਰਾਸ਼ਟਰੀ ਰਾਜਧਾਨੀ ਦੇ ਕਸ਼ਮੀਰੀ ਗੇਟ ਇਲਾਕੇ ਤੋਂ ਨਾਬਾਲਗ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ 4 ਅਗਸਤ ਦੀ ਰਾਤ ਇੱਕ 16 ਸਾਲਾ ਵਿਦਿਆਰਥਣ ਨਾਲ ਖਾਲੀ ਸਲੀਪਰ ਬੱਸ ਵਿੱਚ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ ਗਿਆ। ਮਾਮਲੇ ਵਿੱਚ ਪੁਲਿਸ ਨੇ ਬੱਸ ਦੇ ਡਰਾਈਵਰ ਕੁਲਦੀਪ ਅਤੇ ਕੰਡਕਟਰ ਸੰਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਨੋਇਡਾ ਜਾਂਦੇ ਸਮੇਂ ਰਸਤਾ ਭਟਕੀ ਵਿਦਿਆਰਥਣ

ਪੁਲਿਸ ਅਨੁਸਾਰ ਪੀੜਤ ਵਿਦਿਆਰਥਣ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ 11ਵੀਂ ਜਮਾਤ ਵਿੱਚ ਪੜ੍ਹਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨਾਲ ਹੋਏ ਵਿਵਾਦ ਤੋਂ ਬਾਅਦ ਉਹ ਬਿਨਾਂ ਦੱਸੇ ਘਰੋਂ ਨਿਕਲ ਗਈ ਸੀ ਅਤੇ ਨੋਇਡਾ ਵਿੱਚ ਆਪਣੇ ਚਚੇਰੇ ਭਰਾ ਕੋਲ ਜਾ ਰਹੀ ਸੀ। ਭਾਰੀ ਮੀਂਹ ਅਤੇ ਹਨੇਰੇ ਕਾਰਨ ਉਹ ਕਥਿਤ ਤੌਰ ’ਤੇ ਪਰੀ ਚੌਕ ’ਤੇ ਗਲਤ ਥਾਂ ਉਤਰ ਗਈ। ਇਸ ਦੌਰਾਨ ਉੱਥੋਂ ਇੱਕ ਖਾਲੀ ਸਲੀਪਰ ਬੱਸ ਲੰਘ ਰਹੀ ਸੀ।

ਬੱਸ ਵਿੱਚ ਬਿਠਾਉਣ ਤੋਂ ਬਾਅਦ ਵਾਪਰੀ ਘਟਨਾ

ਵਿਦਿਆਰਥਣ ਨੇ ਬੱਸ ਨੂੰ ਰੋਕਣ ਦਾ ਇਸ਼ਾਰਾ ਕੀਤਾ, ਜਿਸ ’ਤੇ ਡਰਾਈਵਰ ਨੇ ਬੱਸ ਰੋਕ ਲਈ। ਪੁਲਿਸ ਮੁਤਾਬਕ ਡਰਾਈਵਰ ਅਤੇ ਕੰਡਕਟਰ ਨੇ ਉਸ ਨੂੰ ਇਹ ਕਹਿ ਕੇ ਬੱਸ ਵਿੱਚ ਬਿਠਾਇਆ ਕਿ ਉਹ ਨੋਇਡਾ ਸੈਕਟਰ-63 ਵੱਲ ਜਾ ਰਹੇ ਹਨ। ਪੀੜਤਾ ਦੇ ਬਿਆਨਾਂ ਅਨੁਸਾਰ, ਬੱਸ ਚੱਲਣ ਤੋਂ ਕੁਝ ਸਮੇਂ ਬਾਅਦ ਕੰਡਕਟਰ ਨੇ ਉਸ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ। ਦੋਸ਼ ਹੈ ਕਿ ਇਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਵਿਰੋਧ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਪੁਲਿਸ ਮੁਤਾਬਕ ਮੁਲਜ਼ਮਾਂ ਨੇ ਦੇਰ ਰਾਤ ਕਸ਼ਮੀਰੀ ਗੇਟ ਬੱਸ ਟਰਮੀਨਲ ਨੇੜੇ ਰਿੰਗ ਰੋਡ ’ਤੇ ਵਿਦਿਆਰਥਣ ਨੂੰ ਉਤਾਰ ਦਿੱਤਾ ਅਤੇ ਉੱਥੋਂ ਫ਼ਰਾਰ ਹੋ ਗਏ। ਡਰੀ ਹੋਈ ਵਿਦਿਆਰਥਣ ਨੇ ਕਸ਼ਮੀਰੀ ਗੇਟ ਪੁਲਿਸ ਨਾਲ ਸੰਪਰਕ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਤਿਮਾਰਪੁਰ ਸਥਿਤ ਬੱਸ ਪਾਰਕਿੰਗ ਤੋਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਬੱਸ ਜ਼ਬਤ, ਫੋਰੈਂਸਿਕ ਜਾਂਚ ਜਾਰੀ

ਪੁਲਿਸ ਨੇ ਕਥਿਤ ਵਾਰਦਾਤ ਵਿੱਚ ਵਰਤੀ ਗਈ ਸਲੀਪਰ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਬੱਸ ਦੀ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਮਾਮਲੇ ਨਾਲ ਜੁੜੇ ਹੋਰ ਤੱਥਾਂ ਅਤੇ ਸਬੂਤਾਂ ਦੀ ਵੀ ਜਾਂਚ ਕਰ ਰਹੇ ਹਨ।

ਪੁਲਿਸ ਸੂਤਰਾਂ ਮੁਤਾਬਕ ਬੱਸ ਵਿੱਚ ਮਕੈਨੀਕਲ ਖ਼ਰਾਬੀ ਆਉਣ ਤੋਂ ਬਾਅਦ ਇਸ ਨੂੰ ਮੁਰੰਮਤ ਲਈ ਸੂਰਜਪੁਰ ਦੀ ਇੱਕ ਵਰਕਸ਼ਾਪ ਵਿੱਚ ਲਿਜਾਇਆ ਗਿਆ ਸੀ। ਮੁਰੰਮਤ ਤੋਂ ਬਾਅਦ ਡਰਾਈਵਰ ਅਤੇ ਕੰਡਕਟਰ ਖਾਲੀ ਬੱਸ ਨੂੰ ਤਿਮਾਰਪੁਰ ਲੈ ਕੇ ਜਾ ਰਹੇ ਸਨ। ਇਸੇ ਦੌਰਾਨ ਪਰੀ ਚੌਕ ’ਤੇ ਉਨ੍ਹਾਂ ਦੀ ਮੁਲਾਕਾਤ ਵਿਦਿਆਰਥਣ ਨਾਲ ਹੋਈ।

ਦੱਸਿਆ ਜਾ ਰਿਹਾ ਹੈ ਕਿ ਪਰੀ ਚੌਕ ਤੋਂ ਕਸ਼ਮੀਰੀ ਗੇਟ ਤੱਕ ਬੱਸ ਨੇ ਕਰੀਬ 47 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਸਲੀਪਰ ਬੱਸ ਵਿੱਚ ਪਰਦੇ ਲੱਗੇ ਹੋਣ ਕਾਰਨ ਬਾਹਰੋਂ ਅੰਦਰ ਦੀ ਸਥਿਤੀ ਸਪੱਸ਼ਟ ਤੌਰ ’ਤੇ ਦਿਖਾਈ ਨਹੀਂ ਦਿੰਦੀ ਸੀ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।