Modi Putin Meeting: ਬਿਸ਼ਕੇਕ ਵਿੱਚ ਮੋਦੀ-ਪੂਤਿਨ ਵਿਚਾਲੇ ਅਹਿਮ ਗੱਲਬਾਤ, ਯੂਕਰੇਨ ਜੰਗ ਅਤੇ ਦੁਵੱਲੇ ਸਬੰਧਾਂ ‘ਤੇ ਚਰਚਾ
ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਹੋਏ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਕਰੀਬ 10 ਮਿੰਟ ਦੀ ਅਹਿਮ ਮੁਲਾਕਾਤ ਹੋਈ। ਦੋਵਾਂ ਆਗੂਆਂ ਨੇ ਗਰਮਜੋਸ਼ੀ ਨਾਲ ਇੱਕ-ਦੂਜੇ ਦਾ ਸਵਾਗਤ ਕਰਦਿਆਂ ਗਲੇ ਮਿਲ ਕੇ ਮੁਲਾਕਾਤ ਦੀ ਸ਼ੁਰੂਆਤ ਕੀਤੀ।
ਦੁਵੱਲੀ ਵਾਰਤਾ ਦੌਰਾਨ ਯੂਕਰੇਨ ਸੰਘਰਸ਼, ਵਿਸ਼ਵ ਸਥਿਤੀ ਅਤੇ ਭਾਰਤ-ਰੂਸ ਸਹਿਯੋਗ ਨਾਲ ਜੁੜੇ ਕਈ ਮਹੱਤਵਪੂਰਨ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਨੂੰ ਯੂਕਰੇਨ ਜੰਗ ਦਾ ਜਲਦ ਅਤੇ ਸ਼ਾਂਤੀਪੂਰਨ ਹੱਲ ਲੱਭਣ ਦੀ ਅਪੀਲ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੇ ਇਸ ਸੰਘਰਸ਼ ਨੂੰ ਖਤਮ ਕਰਨ ਵੱਲ ਕਦਮ ਵਧਾਉਣੇ ਸਮੇਂ ਦੀ ਲੋੜ ਹਨ।
ਮੋਦੀ ਨੇ ਕਿਹਾ ਕਿ ਜੰਗ ਦਾ ਹਰ ਦਿਨ ਮਨੁੱਖਤਾ ਲਈ ਨੁਕਸਾਨਦਾਇਕ ਹੈ, ਜਦਕਿ ਅਮਨ ਵੱਲ ਵਧਾਇਆ ਗਿਆ ਹਰ ਕਦਮ ਨਵੀਂ ਆਸ ਅਤੇ ਵਿਸ਼ਵਾਸ ਪੈਦਾ ਕਰਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਗਾਂਧੀ ਅਤੇ ਬੁੱਧ ਦੀ ਧਰਤੀ ਭਾਰਤ ਹਮੇਸ਼ਾ ਸ਼ਾਂਤੀ ਅਤੇ ਸੰਵਾਦ ਰਾਹੀਂ ਵਿਵਾਦਾਂ ਦੇ ਹੱਲ ਦਾ ਸਮਰਥਨ ਕਰਦਾ ਰਿਹਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ।
ਦੋਵਾਂ ਨੇਤਾਵਾਂ ਨੇ ਵਪਾਰ, ਨਿਵੇਸ਼, ਊਰਜਾ, ਖਾਦ ਸੁਰੱਖਿਆ ਅਤੇ ਹੋਰ ਰਣਨੀਤਕ ਖੇਤਰਾਂ ਵਿੱਚ ਚੱਲ ਰਹੇ ਸਹਿਯੋਗ ਦੀ ਵੀ ਸਮੀਖਿਆ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਪੂਤਿਨ ਨੂੰ ਸਤੰਬਰ ਵਿੱਚ ਨਵੀਂ ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਦੇਵੇਗੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਬਿਸ਼ਕੇਕ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ’ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਇਰਾਨ ਦੇ ਰਾਸ਼ਟਰਪਤੀ ਨਾਲ ਵੀ ਹੋਈ ਮੁਲਾਕਾਤ
ਬਿਸ਼ਕੇਕ ਵਿੱਚ ਹੀ ਪ੍ਰਧਾਨ ਮੰਤਰੀ ਮੋਦੀ ਨੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਵੀ ਵਾਰਤਾ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਇਰਾਨ ਨਾਲ ਵਪਾਰਕ ਅਤੇ ਆਰਥਿਕ ਸਹਿਯੋਗ ਨੂੰ ਹੋਰ ਵਿਸਤਾਰ ਦੇਣਾ ਚਾਹੁੰਦਾ ਹੈ। ਮੋਦੀ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਦੇ ਹੱਲ ਲਈ ਗੱਲਬਾਤ ਅਤੇ ਕੂਟਨੀਤਕ ਯਤਨਾਂ ਨੂੰ ਅਹਿਮ ਕਰਾਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਰਗਿਜ਼ਸਤਾਨ ਦੇ ਰਾਸ਼ਟਰਪਤੀ ਸਾਦਿਰ ਜ਼ਪਾਰੋਵ ਨਾਲ ਵੀ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਕਿਰਗਿਜ਼ਸਤਾਨ ਦੇ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਵੀ ਦਿੱਤੀਆਂ।







