ਖੰਡ, ਪਿਆਜ਼ ਅਤੇ ਹੋਰ ਰੋਜ਼ਮਰ੍ਹਾ ਦੀਆਂ ਲੋੜੀਂਦੀਆਂ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਨਾਲ ਪਹਿਲਾਂ ਹੀ ਪਰੇਸ਼ਾਨ ਆਮ ਲੋਕਾਂ ਨੂੰ ਹੁਣ ਸੀਐੱਨਜੀ (CNG) ਦੀਆਂ ਦਰਾਂ ਵਿੱਚ ਹੋਏ ਵਾਧੇ ਦਾ ਵੀ ਸਾਹਮਣਾ ਕਰਨਾ ਪਵੇਗਾ। ਇੰਦਰਪ੍ਰਸਥ ਗੈਸ ਲਿਮਿਟੇਡ (IGL) ਨੇ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (NCR) ਦੇ ਕਈ ਸ਼ਹਿਰਾਂ ਵਿੱਚ ਸੀਐੱਨਜੀ ਦੀ ਕੀਮਤ 3.89 ਰੁਪਏ ਪ੍ਰਤੀ ਕਿਲੋਗ੍ਰਾਮ ਵਧਾ ਦਿੱਤੀ ਹੈ। ਨਵੀਆਂ ਦਰਾਂ ਸ਼ਨੀਵਾਰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ।
ਨਵੇਂ ਰੇਟਾਂ ਮੁਤਾਬਕ ਦਿੱਲੀ ਵਿੱਚ ਸੀਐੱਨਜੀ 86.98 ਰੁਪਏ ਪ੍ਰਤੀ ਕਿਲੋਗ੍ਰਾਮ, ਨੋਇਡਾ ਅਤੇ ਗਾਜ਼ੀਆਬਾਦ ਵਿੱਚ 95.59 ਰੁਪਏ, ਗੁਰੂਗ੍ਰਾਮ ਵਿੱਚ 92.01 ਰੁਪਏ ਅਤੇ ਮੇਰਠ ਵਿੱਚ 95.47 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਮਿਲੇਗੀ।
ਜ਼ਿਕਰਯੋਗ ਹੈ ਕਿ ਇਸ ਸਾਲ ਦੌਰਾਨ ਸੀਐੱਨਜੀ ਦੀਆਂ ਕੀਮਤਾਂ ਵਿੱਚ ਇਹ ਪੰਜਵਾਂ ਵਾਧਾ ਹੈ। ਲਗਾਤਾਰ ਵਧ ਰਹੀਆਂ ਦਰਾਂ ਦਾ ਸਿੱਧਾ ਅਸਰ ਆਟੋ, ਟੈਕਸੀ ਅਤੇ ਹੋਰ ਸੀਐੱਨਜੀ ਆਧਾਰਿਤ ਵਾਹਨਾਂ ਦੀ ਵਰਤੋਂ ਕਰਨ ਵਾਲੇ ਯਾਤਰੀਆਂ ’ਤੇ ਪਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਜਨਤਕ ਆਵਾਜਾਈ ਅਤੇ ਮਾਲ ਢੁਆਈ ਦੇ ਖਰਚੇ ਵਧਣ ਕਾਰਨ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ’ਤੇ ਵੀ ਅਸਿੱਧਾ ਪ੍ਰਭਾਵ ਪੈ ਸਕਦਾ ਹੈ।
ਆਈਜੀਐੱਲ ਨੇ ਕੀਮਤਾਂ ਵਿੱਚ ਵਾਧੇ ਲਈ ਕੌਮਾਂਤਰੀ ਬਾਜ਼ਾਰ ਵਿੱਚ ਤਰਲ ਕੁਦਰਤੀ ਗੈਸ (LNG) ਦੀਆਂ ਵਧ ਰਹੀਆਂ ਕੀਮਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੰਪਨੀ ਅਨੁਸਾਰ ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਕਾਰਨ ਐੱਲਐੱਨਜੀ ਦੀਆਂ ਦਰਾਂ ਉੱਚ ਪੱਧਰ ’ਤੇ ਬਣੀਆਂ ਹੋਈਆਂ ਹਨ, ਜਿਸ ਨਾਲ ਲਾਗਤ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਵਧੀ ਹੋਈ ਲਾਗਤ ਦਾ ਕੁਝ ਹਿੱਸਾ ਪੂਰਾ ਕਰਨ ਲਈ ਸੀਐੱਨਜੀ ਦੀਆਂ ਕੀਮਤਾਂ ਵਿੱਚ ਸੋਧ ਕਰਨੀ ਪਈ ਹੈ।







