ਬਣਾਂਵਾਲਾ ਤਾਪਘਰ ਵਿਵਾਦ: ਧਰਨੇ ਵਿੱਚ ਸ਼ਾਮਲ 60 ਕਾਮਿਆਂ ਅਤੇ ਹੋਰਾਂ ਖ਼ਿਲਾਫ਼ ਐੱਫ਼ਆਈਆਰ

ਬਣਾਂਵਾਲਾ ਤਾਪਘਰ ਅੱਗੇ ਧਰਨੇ ਦੌਰਾਨ 60 ਤੋਂ ਵੱਧ ਕਾਮੇ ਨਾਮਜ਼ਦ, 125 ਅਣਪਛਾਤਿਆਂ ਖ਼ਿਲਾਫ਼ ਵੀ ਕੇਸ ਦਰਜ

ਮਾਨਸਾ ਦੇ ਨਜ਼ਦੀਕੀ ਪਿੰਡ ਬਣਾਂਵਾਲਾ ਵਿਖੇ ਸਥਿਤ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਮੁੱਖ ਗੇਟ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਕਿਊਰਟੀ ਕਾਮਿਆਂ ਖ਼ਿਲਾਫ਼ ਪੁਲੀਸ ਨੇ ਸਖ਼ਤ ਕਾਰਵਾਈ ਕਰਦਿਆਂ 60 ਤੋਂ ਵੱਧ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਕਰੀਬ 125 ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਪੁਲੀਸ ਅਨੁਸਾਰ 27 ਅਗਸਤ ਨੂੰ ਗਸ਼ਤ ਦੌਰਾਨ ਥਾਣਾ ਸਦਰ ਮਾਨਸਾ ਦੀ ਟੀਮ ਤਾਪਘਰ ਦੇ ਗੇਟ ਨੰਬਰ-1 ‘ਤੇ ਪਹੁੰਚੀ, ਜਿੱਥੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਟੈਂਟ ਲਗਾ ਕੇ ਧਰਨੇ ‘ਤੇ ਬੈਠੇ ਹੋਏ ਸਨ। ਦੋਸ਼ ਹੈ ਕਿ ਧਰਨਾਕਾਰੀਆਂ ਵੱਲੋਂ ਲਾਊਡ ਸਪੀਕਰ ਰਾਹੀਂ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਅਤੇ ਪਲਾਂਟ ਵਿੱਚ ਆਉਣ-ਜਾਣ ਵਾਲੇ ਵਾਹਨਾਂ ਦੀ ਆਵਾਜਾਈ ਵਿੱਚ ਰੁਕਾਵਟ ਪਾਈ ਜਾ ਰਹੀ ਸੀ।

ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਤਾਪਘਰ ਦੇ ਮੁੱਖ ਗੇਟ ਅੱਗੇ ਕਥਿਤ ਤੌਰ ‘ਤੇ ਰੁਕਾਵਟਾਂ ਖੜ੍ਹੀਆਂ ਕਰਨ ਅਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਕਰਨ ਦੇ ਮਾਮਲੇ ਵਿੱਚ 61 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ ਕਰੀਬ 100 ਹੋਰਾਂ ਨੂੰ ਵੀ ਕੇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਤਾਪਘਰ ਦੇ ਆਲੇ-ਦੁਆਲੇ 500 ਮੀਟਰ ਦੇ ਘੇਰੇ ਵਿੱਚ ਧਰਨਾ ਜਾਂ ਇਕੱਠ ਕਰਨ ‘ਤੇ ਪਾਬੰਦੀ ਲਗਾਈ ਗਈ ਹੈ। ਪੁਲੀਸ ਨੇ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਦੀ ਗੱਲ ਵੀ ਕਹੀ ਹੈ।

ਦੂਜੇ ਪਾਸੇ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਅਤੇ ਦੀਦਾਰ ਸਿੰਘ ਨੇ ਪੁਲੀਸ ਵੱਲੋਂ ਦਰਜ ਕੀਤੇ ਗਏ ਮਾਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਕਾਮੇ ਆਪਣੇ ਹੱਕਾਂ ਅਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੁਕੱਦਮਿਆਂ ਨਾਲ ਅੰਦੋਲਨ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।

ਇਸ ਦੌਰਾਨ ਮਸਲੇ ਦੇ ਹੱਲ ਲਈ ਡਿਪਟੀ ਕਮਿਸ਼ਨਰ ਨਵਜੋਤ ਕੌਰ, ਐੱਸਐੱਸਪੀ ਭਾਗੀਰਥ ਸਿੰਘ ਮੀਨਾ ਅਤੇ ਏਡੀਸੀ ਪੂਨਮ ਸਿੰਘ ਨੇ ਕਿਸਾਨ ਆਗੂਆਂ ਅਤੇ ਪ੍ਰਦਰਸ਼ਨਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਤਾਪਘਰ ਪ੍ਰਬੰਧਨ ਭਾਰੀ ਵਿੱਤੀ ਦਬਾਅ ਦੇ ਬਾਵਜੂਦ ਕਾਮਿਆਂ ਦੀਆਂ ਨਿਯਮਾਂ ਅਨੁਸਾਰ ਬਣਦੀਆਂ ਮੰਗਾਂ ‘ਤੇ ਵਿਚਾਰ ਕਰਨ ਲਈ ਤਿਆਰ ਹੈ, ਪਰ ਕੁਝ ਬਾਹਰੀ ਤੱਤ ਇਸ ਮਾਮਲੇ ਨੂੰ ਬਿਨਾਂ ਲੋੜ ਤੋਂ ਵੱਧ ਭਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।