ਹੜ੍ਹ ਪ੍ਰਭਾਵਿਤ ਨੇਪਾਲ ਤੋਂ ਵੱਡੀ ਖ਼ਬਰ, 320 ਭਾਰਤੀਆਂ ਦੀ ਭਾਲ ਜਾਰੀ

ਨੇਪਾਲ-ਤਿੱਬਤ ਸਰਹੱਦ ‘ਤੇ ਹੜ੍ਹ ਮਗਰੋਂ 320 ਭਾਰਤੀ ਲਾਪਤਾ, 400 ਹੋਰ ਸੁਰੱਖਿਅਤ ਪਰ ਫਸੇ ਹੋਏ

ਨੇਪਾਲ-ਤਿੱਬਤ ਸਰਹੱਦੀ ਖੇਤਰ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਸੈਂਕੜੇ ਭਾਰਤੀਆਂ ਦੇ ਪ੍ਰਭਾਵਿਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਇਸ ਵੇਲੇ 320 ਭਾਰਤੀ ਨਾਗਰਿਕਾਂ ਨਾਲ ਸੰਪਰਕ ਨਹੀਂ ਹੋ ਸਕਿਆ, ਜਦਕਿ ਕਰੀਬ 400 ਹੋਰ ਭਾਰਤੀ ਚੀਨ ਵਾਲੇ ਪਾਸੇ ਫਸੇ ਹੋਏ ਹਨ, ਹਾਲਾਂਕਿ ਉਹ ਸੁਰੱਖਿਅਤ ਹਨ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਚੀਨ ਵਾਲੇ ਖੇਤਰ ਵਿੱਚ ਫਸੇ 96 ਭਾਰਤੀ ਜ਼ਮੀਨੀ ਰਸਤੇ ਰਾਹੀਂ ਸੁਰੱਖਿਅਤ ਨੇਪਾਲ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਕਾਠਮੰਡੂ ਲਿਆਂਦੇ ਗਏ 21 ਭਾਰਤੀ ਨਾਗਰਿਕ ਨਵੀਂ ਦਿੱਲੀ ਪਹੁੰਚ ਗਏ ਹਨ। ਤਾਮਿਲਨਾਡੂ ਨਾਲ ਸਬੰਧਤ ਇਨ੍ਹਾਂ ਨਾਗਰਿਕਾਂ ਦਾ ਸਵਾਗਤ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕੀਤਾ।

ਨੇਪਾਲੀ ਅਧਿਕਾਰੀਆਂ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਅਨੁਸਾਰ, ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ ਅਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 538 ਤੱਕ ਪਹੁੰਚ ਗਈ ਹੈ।

ਜੈਸਵਾਲ ਨੇ ਕਿਹਾ ਕਿ ਲਾਪਤਾ ਭਾਰਤੀਆਂ ਦੀ ਗਿਣਤੀ ਫਿਲਹਾਲ 320 ਹੈ। ਇਸ ਤੋਂ ਇਲਾਵਾ ਲਗਭਗ 100 ਅਜਿਹੇ ਭਾਰਤੀ ਮੂਲ ਦੇ ਲੋਕ ਵੀ ਹਨ, ਜਿਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਹ ਲੋਕ ਸੰਭਵ ਤੌਰ ‘ਤੇ ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਗਏ ਹੋਏ ਸਨ, ਪਰ ਉਨ੍ਹਾਂ ਕੋਲ ਹੋਰ ਦੇਸ਼ਾਂ ਦੀ ਨਾਗਰਿਕਤਾ ਹੈ।

ਉਨ੍ਹਾਂ ਦੱਸਿਆ ਕਿ ਚੀਨ ਵਾਲੇ ਖੇਤਰ ਵਿੱਚ ਮੌਜੂਦ 400 ਭਾਰਤੀ ਆਪਣੇ ਪਰਿਵਾਰਾਂ ਨਾਲ ਸੰਪਰਕ ਵਿੱਚ ਹਨ। ਪੇਚਿੰਗ ਸਥਿਤ ਭਾਰਤੀ ਦੂਤਾਵਾਸ ਉਨ੍ਹਾਂ ਨਾਲ ਲਗਾਤਾਰ ਸੰਪਰਕ ਬਣਾ ਰਿਹਾ ਹੈ ਅਤੇ ਚੀਨੀ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਕਰ ਰਿਹਾ ਹੈ।

ਇਸ ਸਥਿਤੀ ਦੀ ਸਮੀਖਿਆ ਲਈ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਉੱਚ ਪੱਧਰੀ ਮੀਟਿੰਗ ਵੀ ਕੀਤੀ, ਜਿਸ ਵਿੱਚ ਕਾਠਮੰਡੂ ਅਤੇ ਪੇਚਿੰਗ ਵਿੱਚ ਤਾਇਨਾਤ ਭਾਰਤੀ ਰਾਜਦੂਤਾਂ ਨੇ ਵਰਚੁਅਲ ਤੌਰ ‘ਤੇ ਹਿੱਸਾ ਲਿਆ। ਮੀਟਿੰਗ ਦੌਰਾਨ ਲਾਪਤਾ ਭਾਰਤੀਆਂ ਦੀ ਭਾਲ ਅਤੇ ਰਾਹਤ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ।

ਇਸ ਦੌਰਾਨ ਭਾਰਤ ਨੇ ਨੇਪਾਲ ਦੀ ਮਦਦ ਲਈ ਰਾਹਤ ਸਮੱਗਰੀ ਭੇਜਣੀ ਵੀ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਰਾਤ ਤੋਂ ਹੁਣ ਤੱਕ ਦੋ ਫੌਜੀ ਜਹਾਜ਼ਾਂ ਰਾਹੀਂ 47.5 ਟਨ ਐਮਰਜੈਂਸੀ ਸਹਾਇਤਾ ਸਮੱਗਰੀ ਨੇਪਾਲ ਭੇਜੀ ਜਾ ਚੁੱਕੀ ਹੈ, ਜਦਕਿ ਹੋਰ ਮਦਦ ਭੇਜਣ ਦੀ ਪ੍ਰਕਿਰਿਆ ਜਾਰੀ ਹੈ।