Punjab Holiday: ਰੱਖੜ ਪੁੰਨਿਆ ਦੇ ਮੇਲੇ ਨੂੰ ਧਿਆਨ ਵਿੱਚ ਰੱਖਦਿਆਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਬਾਬਾ ਬਕਾਲਾ ਸਾਹਿਬ ਇਲਾਕੇ ਦੇ 21 ਸਕੂਲਾਂ ਅਤੇ ਕਾਲਜਾਂ ਵਿੱਚ 28 ਅਗਸਤ ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਜਾਰੀ ਹੁਕਮਾਂ ਅਨੁਸਾਰ ਬਾਬਾ ਬਕਾਲਾ ਸਾਹਿਬ, ਰਈਆ, ਛਾਪਿਆਂਵਾਲੀ ਅਤੇ ਸਠਿਆਲਾ ਖੇਤਰ ਨਾਲ ਸਬੰਧਤ ਵੱਖ-ਵੱਖ ਸਰਕਾਰੀ, ਪ੍ਰਾਈਵੇਟ ਅਤੇ ਸਿੱਖਿਆ ਸੰਸਥਾਵਾਂ ਇਸ ਦਿਨ ਬੰਦ ਰਹਿਣਗੀਆਂ। ਇਨ੍ਹਾਂ ਵਿੱਚ ਸਰਕਾਰੀ ਸਕੂਲਾਂ, ਆਈ.ਟੀ.ਆਈ., ਸੀਨੀਅਰ ਸੈਕੰਡਰੀ ਸਕੂਲਾਂ, ਪਬਲਿਕ ਸਕੂਲਾਂ ਅਤੇ ਕਾਲਜਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਫ਼ੈਸਲਾ ਰੱਖੜ ਪੁੰਨਿਆ ਦੇ ਮੇਲੇ ਦੌਰਾਨ ਬਾਬਾ ਬਕਾਲਾ ਸਾਹਿਬ ਖੇਤਰ ਵਿੱਚ ਵਧਣ ਵਾਲੀ ਭੀੜ, ਆਵਾਜਾਈ ਅਤੇ ਪ੍ਰਬੰਧਕੀ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ, ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪ੍ਰਬੰਧ ਸੁਚਾਰੂ ਢੰਗ ਨਾਲ ਚੱਲ ਸਕਣ।
ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜ਼ਿਲ੍ਹੇ ਦੇ ਬਾਕੀ ਸਕੂਲ ਅਤੇ ਸਿੱਖਿਆ ਸੰਸਥਾਵਾਂ ਆਪਣੇ ਨਿਰਧਾਰਤ ਸਮੇਂ ਅਨੁਸਾਰ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ।







